ਪਾਕਿਸਤਾਨ ਤੋਂ ਅਸਥੀਆਂ ਲੈ ਕੇ ਵਫ਼ਦ ਭਾਰਤ ਪੁੱਜਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਫਰਵਰੀ
ਪਾਕਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਉਨ੍ਹਾਂ ਦੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਜਲ ਪ੍ਰਵਾਹ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਭਾਰਤ ਆਉਣ ਵਾਸਤੇ ਵੀਜ਼ੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਗੰਗਾ ਨਦੀ ਵਿੱਚ ਜਲ ਪ੍ਰਵਾਹ ਕਰਨ ਵਾਸਤੇ ਕਈ ਸਾਲ ਉਡੀਕ ਕਰਨੀ ਪੈਂਦੀ ਹੈ। ਪਾਕਿਸਤਾਨ ਤੋਂ ਛੇ ਮੈਂਬਰੀ ਵਫ਼ਦ ਅੱਜ ਲਗਪਗ 400 ਤੋਂ ਵੱਧ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜਾ ਹੈ। ਇਹ ਅਸਥੀਆਂ ਅਗਲੇ ਦਿਨਾਂ ਵਿੱਚ ਗੰਗਾ ਵਿੱਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਪਾਕਿਸਤਾਨ ਤੋਂ ਲਗਪਗ 400 ਤੋਂ ਵੱਧ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਕਰਾਚੀ ਸਥਿਤ ਪੰਚਮੁਖੀ ਹਨੂਮਾਨ ਮੰਦਰ ਦੇ ਮਹੰਤ ਰਾਮਨਾਥ ਸਣੇ ਵਫ਼ਦ ਅੱਜ ਅਟਾਰੀ ਸਰਹੱਦ ’ਤੇ ਪੁੱਜੇ ਹਨ। ਅਸਥੀਆਂ ਡੱਬਿਆਂ ਵਿੱਚ ਬੰਦ ਕਰ ਕੇ ਬੈਗਾਂ ਵਿੱਚ ਰੱਖੀਆਂ ਪਾਈਆਂ ਹਨ। ਇਨ੍ਹਾਂ ਵਿੱਚ 50 ਤੋਂ ਵੱਧ ਅਸਥੀਆਂ ਸਿੱਖ ਵਿਅਕਤੀਆਂ ਦੀਆਂ ਹਨ। ਇਸ ਵਾਰ ਇਨ੍ਹਾਂ ਨੂੰ ਲਗਪਗ ਨੌਂ ਸਾਲਾਂ ਬਾਅਦ ਵੀਜ਼ਾ ਮਿਲਿਆ ਹੈ। ਇਸ ਤੋਂ ਪਹਿਲਾਂ ਇਸ ਸੰਸਥਾ ਨੂੰ 2011 ਅਤੇ 2016 ਵਿੱਚ ਵੀਜ਼ਾ ਮਿਲਿਆ ਸੀ। ਅਸਥੀਆਂ ਲੈ ਕੇ ਪੁੱਜੇ ਪੰਚਮੁਖੀ ਹਨੂਮਾਨ ਮੰਦਰ ਕਮੇਟੀ ਦੇ ਮਹੰਤ ਅਤੇ ਦਿ ਹਿੰਦੂ ਕ੍ਰਿਮੇਸ਼ਨ ਗਰਾਊਂਡ ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਨੇ ਕਿਹਾ ਕਿ ਉਨ੍ਹਾਂ ਦੀ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਅਪੀਲ ਹੈ ਕਿ ਪਾਕਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਦੀਆਂ ਅਸਥੀਆਂ ਨੂੰ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਗੰਗਾ ਵਿੱਚ ਜਲ ਪ੍ਰਵਾਹ ਕਰਨ ਲਈ ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਵੀਜ਼ਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਵਿੱਚ ਵਸਦੇ ਹਿੰਦੂ ਭਾਈਚਾਰੇ ਨੂੰ ਚਾਰ ਧਰਮ ਯਾਤਰਾ ਵਾਸਤੇ ਵੀ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 2011 ਵਿੱਚ ਲਗਪਗ 180 ਮ੍ਰਿਤਕਾਂ ਅਤੇ 2016 ਵਿੱਚ ਲਗਪਗ 160 ਮ੍ਰਿਤਕਾਂ ਦੀਆਂ ਅਸਥੀਆਂ ਜਲ ਪਰਵਾਹ ਕੀਤੀਆਂ ਸਨ, ਹੁਣ 2025 ਵਿੱਚ ਲਗਪਗ 400 ਤੋਂ ਵੱਧ ਅਸਥੀਆਂ ਹਰਿਦੁਆਰ ਸਥਿਤ ਗੰਗਾ ਨਦੀ ’ਚ ਸਤੀ ਘਾਟ ’ਤੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਦੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਉਹ ਇਸ ਜਥੇਬੰਦੀ ਨੂੰ ਮ੍ਰਿਤਕਾਂ ਦੀਆਂ ਅਸਥੀਆਂ ਸੌਂਪ ਦਿੰਦੇ ਹਨ।
ਅੱਜ ਵਫ਼ਦ ਦੇ ਅਟਾਰੀ ਸਰਹੱਦ ਪੁੱਜਣ ’ਤੇ ਹਿੰਦ-ਪਾਕ ਦੋਸਤੀ ਮੰਚ ਦੇ ਪ੍ਰਤੀਨਿਧ ਰਜਿੰਦਰ ਸਿੰਘ ਅਟਾਰੀ, ਰਮੇਸ਼ ਯਾਦਵ ਤੇ ਹੋਰਨਾਂ ਵੱਲੋਂ ਸਵਾਗਤ ਕੀਤਾ ਗਿਆ ਹੈ।