For the best experience, open
https://m.punjabitribuneonline.com
on your mobile browser.
Advertisement

ਉਡਾਣਾਂ ’ਚ ਅਡਿ਼ੱਕੇ

06:18 AM May 09, 2024 IST
ਉਡਾਣਾਂ ’ਚ ਅਡਿ਼ੱਕੇ
Advertisement

ਟਾਟਾ ਗਰੁੱਪ ਦੀ ਕੰਪਨੀ ‘ਏਅਰ ਇੰਡੀਆ ਐਕਸਪ੍ਰੈੱਸ’ ਮੁਸ਼ਕਿਲ ਵਕਤ ਦਾ ਸਾਹਮਣਾ ਕਰ ਰਹੀ ਹੈ। ਏਅਰਲਾਈਨ ਦੇ ਕੈਬਿਨ ਕਰਿਊ ਸਟਾਫ ਨੇ ਪ੍ਰਬੰਧਕਾਂ ਦੀਆਂ ਕੁਝ ਨੀਤੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਦਿਆਂ ਵੱਡੀ ਗਿਣਤੀ ਵਿੱਚ ‘ਬਿਮਾਰੀ ਦੀ ਛੁੱਟੀ’ ਲੈ ਲਈ ਅਤੇ ਅਮਲੇ ਦੀ ਘਾਟ ਕਾਰਨ ਏਅਰ ਇੰਡੀਆ ਨੂੰ 80 ਤੋਂ ਵੱਧ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਰੱਦ ਜਾਂ ਮੁਲਤਵੀ ਕਰਨੀਆਂ ਪਈਆਂ। ਨਾਗਰਿਕ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਮੁੱਦੇ ਦੀ ਗੰਭੀਰਤਾ ਨੂੰ ਦੇਖਦਿਆਂ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ। ਉਡਾਣਾਂ ਰੁਕਣ ਕਾਰਨ ਯਾਤਰੀ ਅੱਧਵਾਟੇ ਲਟਕ ਗਏ ਤੇ ਹਵਾਈ ਅੱਡਿਆਂ ’ਤੇ ਅਫ਼ਰਾ-ਤਫ਼ਰੀ ਮਚ ਗਈ। ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਏਅਰਲਾਈਨ ਨੂੰ ਚਾਹੀਦਾ ਹੈ ਕਿ ਉਹ ਜਲਦੀ ਕਦਮ ਚੁੱਕੇ ਅਤੇ ਅਮਲੇ ਦੀਆਂ ਮੁਸ਼ਕਿਲਾਂ ਦਾ ਹੱਲ ਕੱਢੇ। ਸਟਾਫ ਮੈਂਬਰ ਮਨੁੱਖੀ ਸਰੋਤ ਨੀਤੀਆਂ ’ਚ ਬਦਲਾਓ ਤੇ ਏਅਰਲਾਈਨ ਅੰਦਰਲੇ ਕਥਿਤ ਕੁਪ੍ਰਬੰਧ ਦਾ ਵਿਰੋਧ ਕਰ ਰਹੇ ਹਨ। ਇਤਫ਼ਾਕਨ, ਇਹ ਅਡਿ਼ੱਕਾ ਉਸ ਵੇਲੇ ਪਿਆ ਜਦ ਏਅਰਲਾਈਨ ਨੂੰ ‘ਏਆਈਐਕਸ ਕਨੈਕਟ’ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਇਸ ਤਰ੍ਹਾਂ ਸਥਿਤੀ ਹੋਰ ਗੁੰਝਲਦਾਰ ਬਣ ਗਈ ਹੈ।
ਤਾਜ਼ਾ ਹਲਚਲ ਪਿਛਲੇ ਮਹੀਨੇ ਟਾਟਾ ਗਰੁੱਪ ਦੀ ਇਕ ਹੋਰ ਏਅਰਲਾਈਨ ‘ਵਿਸਤਾਰਾ’ ਦੀਆਂ ਉਡਾਣਾਂ ਘਟਣ ਤੋਂ ਬਾਅਦ ਹੋਈ ਹੈ। ਏਅਰ ਇੰਡੀਆ ਨਾਲ ‘ਵਿਸਤਾਰਾ’ ਦੇ ਸੰਭਾਵੀ ਰਲੇਵੇਂ ਅਤੇ ਨਵੇਂ ਤਨਖ਼ਾਹ ਸਕੇਲ ’ਤੇ ਕਥਿਤ ਰੋਸ ਜ਼ਾਹਿਰ ਕਰਦਿਆਂ ਏਅਰਲਾਈਨ ਦੇ ਵੱਡੀ ਗਿਣਤੀ ਪਾਇਲਟ ‘ਬਿਮਾਰ’ ਹੋ ਕੇ ਛੁੱਟੀ ਉਤੇ ਚਲੇ ਗਏ ਸਨ। ਏਅਰਲਾਈਨ ਨੂੰ ਆਪਣੀਆਂ ਪ੍ਰਤੀ ਦਿਨ 25-30 ਉਡਾਣਾਂ ਘਟਾਉਣੀਆਂ ਪਈਆਂ ਸਨ ਜਿਸ ਕਾਰਨ ਕਈ ਅਹਿਮ ਰੂਟਾਂ ’ਤੇ ਹਵਾਈ ਕਿਰਾਇਆ ਕਰੀਬ 25 ਪ੍ਰਤੀਸ਼ਤ ਵਧ ਗਿਆ ਸੀ।
ਇਹ ਘਟਨਾਵਾਂ ਭਾਰਤ ਦੇ ਹਵਾਬਾਜ਼ੀ ਸੈਕਟਰ ਅੱਗੇ ਬਣੀਆਂ ਵਿਆਪਕ ਚੁਣੌਤੀਆਂ ਨੂੰ ਦਰਸਾਉਂਦੀਆਂ ਹਨ ਜੋ ਉਡਾਣਾਂ ਦੀ ਵਧੀ ਮੰਗ ਅਤੇ ਸਮਰੱਥਾ ਦੀ ਘਾਟ ਨਾਲ ਜੂਝ ਰਿਹਾ ਹੈ। ਇੰਡੀਗੋ ਅਤੇ ‘ਗੋ ਫਸਟ’ ਵਰਗੀਆਂ ਵੱਡੀਆਂ ਏਅਰਲਾਈਨਾਂ ਨਿਰੀਖਣ ਲਈ ਰੋਕੇ ਜਹਾਜ਼ਾਂ ਅਤੇ ਸਪਲਾਈ ਲੜੀਆਂ ਦੇ ਮੁੱਦਿਆਂ ਨਾਲ ਸੰਘਰਸ਼ ਕਰ ਰਹੀਆਂ ਹਨ ਤੇ ਮੁਸਾਫ਼ਰਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਹਵਾਬਾਜ਼ੀ ਉਦਯੋਗ ਦਬਾਅ ਝੱਲ ਰਿਹਾ ਹੈ। ਇਨ੍ਹਾਂ ਚੁਣੌਤੀਆਂ ’ਚੋਂ ਲੋੜ ਉੱਭਰੀ ਹੈ ਕਿ ਵਿਆਪਕ ਹੱਲ ਲੱਭ ਕੇ ਕਰਮਚਾਰੀਆਂ ਦੇ ਭਲੇ ਅਤੇ ਮੁਸਾਫਿ਼ਰਾਂ ਦੀ ਸੌਖ ਨੂੰ ਤਰਜੀਹ ਦਿੱਤੀ ਜਾਵੇ। ਹੁਣ ਜਦ ਏਅਰ ਇੰਡੀਆ ਐਕਸਪ੍ਰੈੱਸ ਆਪਣੇ ਅੰਦਰੂਨੀ ਵਿਵਾਦ ਨਾਲ ਨਜਿੱਠ ਰਹੀ ਹੈ ਤਾਂ ਹਵਾਬਾਜ਼ੀ ਸਨਅਤ ਨੂੰ ਮੌਜੂਦਾ ਅਡਿ਼ੱਕਿਆਂ ਦੇ ਹੱਲ ਅਤੇ ਟਿਕਾਊ ਤਰੱਕੀ ਖਾਤਰ ਠੋਸ ਰਣਨੀਤੀਆਂ ਲਾਗੂ ਕਰਨ ਵਿਚਾਲੇ ਸੰਤੁਲਨ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਕਈ ਜੋਖ਼ਮਾਂ, ਏਅਰਲਾਈਨਾਂ ਦੇ ਰਲੇਵੇਂ, ਰੈਗੂਲੇਟਰੀ ਇਕਾਈਆਂ ਅਤੇ ਹਿੱਤਧਾਰਕਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਰੂਰੀ ਹੈ ਕਿ ਸਥਿਰਤਾ ਅਤੇ ਲਚਕਤਾ ਲਈ ਯਤਨ ਕੀਤੇ ਜਾਣ।

Advertisement

Advertisement
Advertisement
Author Image

joginder kumar

View all posts

Advertisement