ਵਿਕਾਸ ਪ੍ਰਾਜੈਕਟਾਂ ’ਚ ਢਿੱਲ ਬਰਦਾਸ਼ਤ ਨਹੀਂ ਹੋਵੇਗੀ: ਚੌਧਰੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਨਵੰਬਰ
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਨੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਨੂੰ ਨਿਰਧਾਰਿਤ ਸਮੇਂ ਵਿੱਚ ਬਿਨਾਂ ਦੇਰੀ ਦੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਏਡੀਸੀ ਨੇ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਦੇ ਕੰਮ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਖੇਡ ਮੈਦਾਨਾਂ, ਛੱਪੜਾਂ ਦੀ ਸਫ਼ਾਈ, ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ, ਪਿੰਡ ਦੀ ਦਿੱਖ ਸੁਧਾਰਨ ਹਿੱਤ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਏਡੀਸੀ ਸ੍ਰੀਮਤੀ ਚੌਧਰੀ ਨੇ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਹੇਠ ਵਰਕਰਾਂ ਤੋਂ ਵੱਧ ਤੋਂ ਵੱਧ ਕਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਪਿੰਡਾਂ ਵਿੱਚ ਬੂਟੇ ਲਗਾਉਣ, ਸਾਂਝਾ ਜਲ ਤਲਾਬ ਸਕੀਮ ਤਹਿਤ ਹੋਰ ਤਲਾਬ ਬਣਾਉਣ, ਸਕੂਲਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ, ਖੇਡ ਮੈਦਾਨ ਬਣਾਉਣ ਲਈ ਮਗਨਰੇਗਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਖ਼ੁਦ ਫੀਲਡ ਵਿੱਚ ਜਾ ਕੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਮਿਡ-ਡੇਅ-ਮੀਲ ਤਹਿਤ ਬੱਚਿਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਚੈੱਕ ਕੀਤੀ ਜਾਵੇ ਅਤੇ ਹੜ੍ਹਾਂ ਦੌਰਾਨ ਖ਼ਰਾਬ ਹੋਈਆਂ ਸੜਕਾਂ ਦੀ ਫੌਰੀ ਮੁਰੰਮਤ ਕੀਤੀ ਜਾਵੇ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਏਡੀਸੀ ਨੂੰ ਪਰਾਲੀ ਪ੍ਰਬੰਧਨ ਲਈ ਚੱਲ ਰਹੀ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਬਾਰੇ ਦੱਸਿਆ। ਮੀਟਿੰਗ ਵਿੱਚ ਐੱਸਡੀਐੱਮ ਖਰੜ ਗੁਰਮੰਦਰ ਸਿੰਘ, ਡੀਡੀਪੀਓ, ਸਮੂਹ ਬੀਡੀਪੀਓਜ਼ ਸਣੇ ਪੀਡਬਲੀਊਡੀ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।