ਐੱਮਬੀਬੀਐੱਸ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਕਤੂਬਰ
ਡੀਐੱਮਸੀ ਐਂਡ ਐੱਚ ਵਿੱਚ ਐੱਮਬੀਬੀਐੱਸ ਦੇ ਸਾਲ 2018 ਬੈਚ ਦੇ 73 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ। ਇਨ੍ਹਾਂ ਤੋਂ ਇਲਾਵਾ 71 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਵਿਸ਼ੇਸ਼ ਪ੍ਰਾਪਤੀਆਂ ਵਾਲੇ 15 ਵਿਦਿਆਰਥੀਆਂ ਨੂੰ ਤਗ਼ਮਿਆਂ ਦੀ ਵੰਡ ਕੀਤੀ ਗਈ। ਇਸ ਸਮਾਗਮ ਵਿੱਚ ਜੇਪੀ ਇੰਸਟੀਚਿਊਟ ਆਫ਼ ਇਨਫਾਰਮੇਸ਼ਨ ਤਕਨਾਲੋਜੀ ਨੋਇਡਾ ਦੀ ਡੀਨ ਅਕੈਡਮਿਕ ਐਂਡ ਰਿਸਰਚ ਡਾ. ਪੰਮੀ ਗੋਬਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਕੇਸ਼ ਗੋਰਿਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹਸਪਤਾਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਪ੍ਰਬੰਧਕੀ ਕਮੇਟੀ ਦੇ ਸਕੱਤਰ ਬਿਪਨ ਗੁਪਤਾ, ਕੈਸ਼ੀਅਰ ਮੁਕੇਸ਼ ਵਰਮਾ ਅਤੇ ਪ੍ਰਿੰਸੀਪਲ ਡਾ. ਜੀ ਐੱਸ ਵਾਂਡਰ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਡਾ. ਵਾਂਡਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਖੋਜ ਕਾਰਜਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਜਿੱਥੇ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕਰਨ ਵਾਲਿਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ, ਉੱਥੇ ਹੋਰ ਵੱਖ ਵੱਖ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ। ਸਕੱਤਰ ਬਿਪਨ ਗੁਪਤਾ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰਧਾਨ ਸ੍ਰੀ ਮੁੰਜਾਲ ਨੇ ਕਿਹਾ ਕਿ ਸਾਨੂੰ ਉਸ ਸਮੇਂ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਇਸ ਕਾਲਜ ਦੇ ਵਿਦਿਆਰਥੀ ਅੱਗੋਂ ਉੱਚ ਅਹੁਦਿਆਂ ’ਤੇ ਪਹੁੰਚ ਕੇ ਸਮਾਜ ਦੀ ਸੇਵਾ ਕਰਦੇ ਹਨ। ਉਨ੍ਹਾਂ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਕਿਹਾ ਕਿ ਇੱਕ ਚੰਗੇ ਡਾਕਟਰ ਦੇ ਨਾਲ ਨਾਲ ਇੱਕ ਚੰਗਾ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਜਿੱਥੇ ਉਕਤ ਡਿਗਰੀਆਂ ਦੀ ਵੰਡ ਕੀਤੀ ਗਈ, ਉੱਥੇ ਡਾ. ਭਵਿਕ ਸੇਠੀ ਨੂੰ ਬੈਸਟ ਗ੍ਰੈਜੂਏਟ, ਡਾ. ਨਿਸ਼ਮਾ ਢੰਡ ਨੂੰ ਸੈਕਿੰਗ ਬੈਸਟ ਗ੍ਰੈਜੂਏਟ ਜਦਕਿ ਡਾ. ਹਰਪਵਿਤ ਸਿੰਘ ਸਹੋਤਾ ਨੂੰ ਆਲਰਾਊਂਡਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਡੀਨ ਅਕੈਡਮੀ ਡਾ. ਸੰਦੀਪ ਕੌਸ਼ਲ ਨੇ ਸਾਰਿਆਂ ਦਾ ਧੰਨਵਾਦ ਕੀਤਾ।