ਫ਼ਸਲੀ ਉਜਾੜਾ: ਜਾਨਵਰਾਂ ਤੋਂ ਬਚਾਅ ਲਈ 315 ਬੋਰ ਵਰਤਣ ਦੀ ਇਜਾਜ਼ਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਸਤੰਬਰ
ਪੰਜਾਬ ਰਾਜ ਜੰਗਲੀ ਜੀਵ ਸੁਰੱਖਿਆ ਬੋਰਡ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਹੁਣ ਜੰਗਲੀ ਜੀਵਾਂ ਤੋਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ 315 ਬੋਰ ਰਾਇਫਲ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਇਹ 12 ਬੋਰ ਤੱਕ ਵਰਤਣ ਦੀ ਹੀ ਇਜਾਜ਼ਤ ਸੀ। ਹੁਣ ਕਿਸਾਨ ਆਪਣੀਆਂ ਫਸਲਾਂ ਨੂੰ ਜੰਗਲੀ ਜੀਵਾਂ ਜਿਵੇਂ ਜੰਗਲੀ ਸੂਰ ਤੇ ਨੀਲ ਗਾਵਾਂ ਤੋਂ ਬਚਾ ਸਕਣਗੇ ਪਰ ਨਾਲ ਹੀ ਇਕ ਸ਼ਰਤ ਨਾਲ ਇਹ ਵੀ ਲਗਾ ਦਿੱਤੀ ਹੈ ਕਿ ਉਹ ਮਾਰੇ ਗਏ ਜਾਨਵਰ ਦੀ ਮ੍ਰਿਤਕ ਦੇਹ ਨੂੰ ਸਰਕਾਰ ਦੇ ਹਵਾਲੇ ਕਰੇਗਾ। ਇਸ ਸਬੰਧੀ ਪਟਿਆਲਾ ਦੇ ਡੀਐਫਓ (ਜੰਗਲੀ ਜੀਵ) ਨੀਰਜ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨਾਂ ਲਈ ਇਹ ਇਕ ਲਾਭਦਾਇਕ ਸਹੂਲਤ ਪ੍ਰਦਾਨ ਕੀਤੀ ਹੈ, ਪਹਿਲਾਂ 12 ਬੋਰ ਨਾਲ ਕਈ ਵਾਰੀ ਕਿਸਾਨ ਆਪਣੀ ਫਸਲਾਂ ਨੂੰ ਬਚਾਉਣ ਤੋਂ ਵਿਰਵਾ ਰਹਿ ਜਾਂਦਾ ਸੀ, ਹੁਣ 315 ਬੋਰ ਨਾਲ ਕਿਸਾਨ ਖੁਦ ਹੀ ਆਪਣੀ ਫਸਲ ਨੂੰ ਬਚਾਉਣ ਲਈ ਜੰਗਲੀ ਜੀਵ ਦਾ ਸ਼ਿਕਾਰ ਕਰ ਸਕੇਗਾ, ਪਹਿਲਾਂ ਕਿਸੇ ਹੋਰ ਤੋਂ ਫਸਲਾਂ ਦੀ ਰਾਖੀ ਲਈ ਜੰਗਲੀ ਜੀਵਾਂ ਨੂੰ ਮਰਵਾਇਆ ਜਾਂਦਾ ਸੀ ਪਰ ਹੁਣ ਕਿਸਾਨ ਖੁੱਦ ਹੀ ਜੰਗਲੀ ਜੀਵ ਦਾ ਸ਼ਿਕਾਰ ਕਰ ਸਕੇਗਾ। ਜ਼ਿਕਰਯੋਗ ਹੈ ਕਿ ਪਟਿਆਲਾ ਵਿਚ ਜੰਗਲਾਂ ਦੀ ਭਰਮਾਰ ਹੈ, ਜਿਵੇਂ ਕਿ ਮੋਤੀ ਬੀੜ, ਭੁਨਰਹੇੜੀ ਬੀੜ, ਕੁਲੇਮਾਜਰਾ ਬੀੜ, ਗੁਰਦਿਆਲਪੁਰਾ ਬੀੜ, ਭਾਦਸੋਂ ਬੀੜ, ਨਾਭਾ ਨਜ਼ਦੀਕ ਬੀੜਾਂ ਵਿਚ ਜੰਗਲੀ ਜਾਨਵਰਾਂ ਦੀ ਭਰਮਾਰ ਹੈ ਭਾਵੇਂ ਕਿ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਬਚਾਉਣ ਲਈ ਜੰਗਲਾਂ ਦੇ ਆਲੇ ਦੁਆਲੇ ਫੈਂਸਿੰਗ ਕੀਤੀ ਹੋਈ ਹੈ ਪਰ ਫੇਰ ਵੀ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਬਚਾਉਣ ਲਈ ਕਿਸਾਨਾਂ ਨੂੰ ਖੁਦ 315 ਬੋਰ ਦੀ ਰਾਇਫਲ ਵਰਤਣ ਦੀ ਇਜਾਜ਼ਤ ਦਿੱਤੀ ਹੈ।
ਡੀਐਫਓ ਨੀਰਜ ਗੁਪਤਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜੰਗਲੀ ਜੀਵ ਦਾ ਸ਼ਿਕਾਰ ਕਰਨ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਸਰਕਾਰ ਕੋਲ ਜਮ੍ਹਾਂ ਕਰਾਈ ਜਾਵੇਗੀ ਤਾਂ ਕਿ ਕਿਸੇ ਜਾਨਵਰ ਦੀ ਨਾਜਾਇਜ਼ ਹੱਤਿਆ ਨਾ ਕੀਤੀ ਜਾ ਸਕੇ।