ਭਾਰਤ ਵੱਲੋਂ 2.23 ਲੱਖ ਕਰੋੜ ਰੁਪਏ ਦੇ ਰੱਖਿਆ ਖਰੀਦ ਪ੍ਰਾਜੈਕਟਾਂ ਨੂੰ ਮਨਜ਼ੂਰੀ
ਨਵੀਂ ਦਿੱਲੀ, 30 ਨਵੰਬਰ
ਭਾਰਤ ਨੇ ਵੀਰਵਾਰ ਨੂੰ 2.23 ਲੱਖ ਕਰੋੜ ਰੁਪਏ ਦੇ ਰੱਖਿਆ ਖਰੀਦ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਦਮ ਭਾਰਤ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ। ਇਸ ਪ੍ਰਾਜੈਕਟ ’ਚ 97 ਤੇਜਸ ਹਲਕੇ ਲੜਾਕੂ ਜਹਾਜ਼ ਅਤੇ 156 ਪ੍ਰਚੰਡ ਲੜਾਕੂ ਹੈਲੀਕਾਪਟਰਾਂ ਦੀ ਖਰੀਦ ਸ਼ਾਮਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਰੱਖਿਆ ਖ਼ਰੀਦ ਕੌਂਸਲ (ਡੀਏਸੀ) ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਮਨਜ਼ੂਰੀ ਅਜਿਹੇ ਸਮੇਂ ਦਿੱਤੀ ਗਈ ਜਦੋਂ ਭਾਰਤ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਪੂਰਬੀ ਲਦਾਖ਼ ਵਿੱਚ ਚੀਨ ਨਾਲ ਤਲਖ਼ੀ ਦੌਰਾਨ ਕਈ ਝਗੜਿਆਂ ਵਾਲੇ ਸਥਾਨਾਂ ’ਤੇ ਸੰਘਰਸ਼ ਕਰ ਰਿਹਾ ਹੈ। ਰੱਖਿਆ ਵਿਭਾਗ ਨੇ ਦੱਸਿਆ ਕਿ ਇਸ ਤਹਿਤ 2.23 ਲੱਖ ਕਰੋੜ ਰੁਪਏ (ਕੁੱਲ ਖਰੀਦ ਦਾ 98 ਫ਼ੀਸਦ ਹਿੱਸਾ) ਘਰੇਲੂ ਉਦਯੋਗਾਂ ਤੋਂ ਪ੍ਰਾਪਤ ਕੀਤੇ ਜਾਣਗੇ। ਇਸ ਦੇ ਨਾਲ ਹੀ ਡੀਏਸੀ ਨੇ ਆਪਣੇ ਐੱਸਯੂ-30 ਲੜਾਕੂ ਬੇੜੇ ਨੂੰ ਅੱਪਗ੍ਰੇਡ ਕਰਨ ਦੇ ਭਾਰਤੀ ਹਵਾਈ ਸੈਨਾ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਡੀਏਸੀ ਨੇ ਇਸ ਤੋਂ ਇਲਾਵਾ ਦੋ ਤਰ੍ਹਾਂ ਦੇ ਐਂਟੀ-ਟੈਂਕ ਯੁੱਧ ਸਮੱਗਰੀ (ਏਡੀਐੱਮ) ਟਾਈਪ-2 ਅਤੇ ਟਾਈਪ-3 ਦੀ ਖਰੀਦ ਲਈ ਵੀ ਮਨਜ਼ੂਰੀ ਦਿੱਤੀ ਹੈ। ਸੈਨਿਕ ਸਾਜ਼ੋ-ਸਾਮਾਨ ਦੀ ਖਰੀਦ ‘ਤੇ ਸਿਖਰਲੀ ਸੰਸਥਾ ਨੇ ਟੀ-90 ਟੈਂਕਾਂ ਲਈ ਆਟੋਮੈਟਿਕ ਟਾਰਗੈੱਟ ਟ੍ਰੈਕਰ (ਏਟੀਟੀ) ਅਤੇ ਡਿਜੀਟਲ ਬੇਸਾਲਟਿਕ ਕੰਪਿਊਟਰ (ਡੀਬੀਸੀ) ਦੀ ਪ੍ਰਾਪਤੀ ਅਤੇ ਏਕੀਕਰਣ ਨੂੰ ਵੀ ਮਨਜ਼ੂਰੀ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਭਾਰਤੀ ਥਲ ਲਈ ਮੱਧਮ ਰੇਂਜ ਦੀ ਐਂਟੀ-ਸ਼ਿਪ ਮਿਜ਼ਾਈਲਾਂ (ਐਮਆਰਏਐਸਐਚਐਮ) ਖਰੀਦਣ ਦੇ ਇਕ ਹੋਰ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਡੀਏਸੀ ਨੇ ਖਰੀਦ (ਭਾਰਤੀ-ਆਈਡੀਡੀਐਮ) ਸ਼੍ਰੇਣੀ ਤਹਿਤ ਹਿੰਦੁਸਤਾਨ ਏਅਰੋਨੌਟਿਕਸ ਲਿਮ. ਤੋਂ ਭਾਰਤੀ ਹਵਾਈ ਅਤੇ ਥਲ ਸੈਨਾ ਲਈ ਹਲਕੇ ਲੜਾਕੂ ਹੈਲੀਕਾਟਰ ਅਤੇ ਭਾਰਤੀ ਹਵਾਈ ਸੈਨਾ ਲਈ ਹਲਕੇ ਲੜਾਕੂ ਜਹਾਜ਼ (ਐਲਸੀਏ) ਐਮਕੇ-1ਏ ਦੀ ਖਰੀਦ ਲਈ ਏਓਐਨ ਦਿੱਤਾ ਗਿਆ। ਹਾਲਾਂਕਿ ਇਸ ਨੇ ਖਾਸ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਆਈਏਐਫ ਲਈ 97 ਤੇਜਸ ਲਾਈਟ ਕੰਬੈਟ ਏਅਰਕ੍ਰਾਫਟ (ਮਾਰਕ 1ਏ) ਅਤੇ 156 ਲਾਈਟ ਕੰਬੈਟ ਹੈਲੀਕਾਪਟਰ (ਐਲਸੀਐਚ) ਫੌਜ ਅਤੇ ਹਵਾਈ ਸੈਨਾ ਲਈ ਖਰੀਦੇ ਜਾ ਰਹੇ ਹਨ। -ਪੀਟੀਆਈ