ਦਲ ਬਦਲ ਬੇਦਾਵਾ ਹੈ...
ਹਾਂ ਦਲ ਬਦਲ ਬੇਦਾਵਾ ਹੈ। ਕਿਸੇ ਵੀ ਵਿਚਾਰਧਾਰਾ, ਸੰਗਠਨ, ਪਾਰਟੀ ਤੋਂ ਬੇਮੁਖ ਹੋ ਜਾਣਾ ਉਸ ਨੂੰ ਬੇਦਾਵਾ ਦੇਣਾ ਹੁੰਦਾ ਹੈ। ਦਲ ਬਦਲੂਆਂ ਦੇ ਪਿਛੋਕੜ, ਦਲ ਬਦਲੀ ਦੇ ਕਾਰਨ, ਮਾਂ ਪਾਰਟੀ ਦਾ ਭਵਿੱਖ, ਮਾਂ ਪਾਰਟੀ ਵਿੱਚੋਂ ਜਾ ਕੇ ਦਲ ਬਦਲੂ ਦਾ ਭਵਿੱਖ, ਨਵੀਂ ਪਾਰਟੀ ਦੀ ਚਰਾਗਾਹ ਵਿੱਚ ਮੌਜਾਂ, ਰਾਜਨੀਤੀ ਵਿੱਚ ਸਿਧਾਂਤਹੀਣਤਾ, ਰਾਜਨੀਤੀਵਾਨਾਂ ਵਿੱਚ ਨੈਤਿਕਤਾ ਤੇ ਸ਼ਰਮ ਹਯਾ ਦਾ ਮਰ ਜਾਣਾ ਅਤੇ ਅੰਤ ਨੂੰ ਵੋਟਰਾਂ ਤੇ ਲੋਕਾਂ ਨੂੰ ਬੁੱਧੂ ਸਮਝ ਕੇ ਕਿਸੇ ਵੀ ਮਖੌਟੇ ਨਾਲ ਉਨ੍ਹਾਂ ਵੱਲੋਂ ਕਬੂਲੇ ਜਾਣ ਦਾ ਭਰੋਸਾ ਆਦਿ ਪਹਿਲੂ ਹਨ ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਦੀ ਲੋੜ ਹੈ। ਚਾਲੀ ਮੁਕਤਿਆਂ ਨੇ ਬੇਦਾਵੇ ਦਾ ਕਲੰਕ ਸ਼ਹੀਦੀਆਂ ਪਾ ਕੇ ਉਤਾਰਿਆ ਸੀ, ਅੱਜ ਦੇ ਇਨ੍ਹਾਂ ਬੇਦਾਵਿਆਂ ਦਾ ਕਲੰਕ ਇਹ ਦਲ ਬਦਲੂ ਕਿਵੇਂ ਉਤਾਰਨਗੇ?
ਜਿਨ੍ਹਾਂ ਲੀਡਰਾਂ ਦੀਆਂ ਪੀੜ੍ਹੀਆਂ ਨੇ ਪਾਰਟੀ ਤੋਂ ਰੱਜ ਰੱਜ ਸਨਮਾਨ, ਅਹੁਦੇ ਤੇ ਪਰਮਿਟ ਲਏ, ਰਿਸ਼ਤੇਦਾਰ ਤਕ ਰੱਜਦੇ ਪੁੱਜਦੇ ਕੀਤੇ, ਉਹਨਾਂ ਬਾਰੇ ਹੁਣ ਕੀ ਕਹੀਏ? ਕੋਈ ਦਲ ਜਾਂ ਪਾਰਟੀ ਕੌਮੀ ਜਾਂ ਖੇਤਰੀ ਕਿਸੇ ਵਿਚਾਰਧਾਰਾ ਦੇ ਤੰਦ ਤਾਣੇ ਤੋਂ ਬਣੀ ਹੁੰਦੀ ਹੈ। ਇਸ ਤੰਦ ਤਾਣੇ ਵਿੱਚ ਬੱਝੇ ਲੋਕ, ਉਨ੍ਹਾਂ ਲੋਕਾਂ ਦੇ ਸਮਾਜਿਕ, ਆਰਥਿਕ ਇਥੋਂ ਤਕ ਕਿ ਧਾਰਮਿਕ ਹਿਤਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਚਾਰਾਂ ਅਤੇ ਲੋਕਾਂ ਦੀ ਨਿਸ਼ਾਨਦੇਹੀ, ਫਿਰ ਉਨ੍ਹਾਂ ਤੋਂ ਬਚਾਅ ਦੀ ਰਣਨੀਤੀ, ਵਿਸ਼ੇਸ਼ ਹਾਲਾਤ ਵਿੱਚ ਆਪਣੀ ਵਿਚਾਰਧਾਰਾ ਦੇ ਮੂਲ ਆਧਾਰ ਤੇ ਪਛਾਣ ਨੂੰ ਕਾਇਮ ਰੱਖਦਿਆਂ ਦੂਜੇ ਦਲਾਂ ਜਾਂ ਪਾਰਟੀਆਂ ਨੂੰ ਸਹਿਯੋਗ ਦੇਣਾ ਤੇ ਲੈਣਾ ਆਦਿ ਤੈਅ ਹੁੰਦਾ ਹੈ। ਇਸ ਅਮਲ ਵਿੱਚ ਦਲ ਜਾਂ ਪਾਰਟੀ ਨੇ ਆਪਣੀ ਪਛਾਣ ਕਾਇਮ ਹੀ ਨਹੀਂ ਰੱਖਣੀ ਹੁੰਦੀ ਸਗੋਂ ਇਸ ਨੂੰ ਹੋਰ ਮਜ਼ਬੂਤੀ ਵੀ ਦੇਣੀ ਹੁੰਦੀ ਹੈ। ਕਮਿਊਨਿਸਟਾਂ ਦੀ ਮਿਸਾਲ ਸਾਡੇ ਸਾਹਮਣੇ ਹੈ। ਵਿਸ਼ੇਸ਼ ਹਾਲਾਤ ਵਿੱਚ ਸਹਿਯੋਗ ਲਿਆ ਅਤੇ ਦਿੱਤਾ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੇ ਆਪਣੇ ਨਿਯਮਾਂ ਨੂੰ ਨਾ ਹੀ ਪੇਤਲਾ ਪੈਣ ਦਿੱਤਾ ਅਤੇ ਨਾ ਹੀ ਭ੍ਰਿਸ਼ਟ ਹੋਣ ਦਿੱਤਾ।
ਸੋ, ਆਪਣੇ ਦਲ ਜਾਂ ਪਾਰਟੀ ਨੂੰ ਛੱਡ ਕੇ ਕਿਸੇ ਦੂਜੇ ਦਲ ਜਾਂ ਪਾਰਟੀ ਵਿੱਚ ਜਾਣਾ ਹੀ ਬੇਦਾਵਾ ਨਹੀਂ ਹੁੰਦਾ, ਆਪਣੀ ਪਾਰਟੀ ਵਿੱਚ ਰਹਿੰਦਿਆਂ ਆਪਣੀ ਪਾਰਟੀ ਦੀ ਪਛਾਣ, ਮੂਲ ਅਧਾਰ, ਇਤਿਹਾਸਕ ਵਿਰਸੇ ਨੂੰ ਗੁਆ ਲੈਣਾ, ਰਾਖੀ ਨਾ ਕਰਨਾ ਵੀ ਬੇਦਾਵਾ ਹੀ ਗਿਣਿਆ ਜਾਵੇਗਾ। ਇਸ ਦਿਸ਼ਾ ਤੋਂ ਪੰਜਾਬ ਦੀ ਸਿਆਸਤ ਵਿੱਚ ਪਹਿਲਾ ਬੇਦਾਵਾ ਪ੍ਰਕਾਸ਼ ਸਿੰਘ ਬਾਦਲ ਦਾ ਹੈ ਜਿਸ ਨੇ ਜਨਸੰਘ ਨਾਲ ਸਮਝੌਤਾ/ਗਠਜੋੜ ਕਰ ਕੇ ਉਸ ਵਿਚਾਰਧਾਰਾ ਨੂੰ ਸੂਬੇ ਦੀ ਰਾਜ ਸੱਤਾ ਦਾ ਭਾਈਵਾਲ ਬਣਾਇਆ ਜਿਸ ਦਾ ਪੰਜਾਬੀ ਸਭਿਆਚਾਰ, ਪੰਜਾਬ ਦੀਆਂ ਸਾਮਰਾਜ ਵਿਰੁੱਧ ਕੁਰਬਾਨੀਆਂ ਇਥੋਂ ਤਕ ਕਿ ਗੁਰਬਾਣੀ ਵਿੱਚ ਵਾਰ-ਵਾਰ ਦੁਹਰਾਏ, ਦ੍ਰਿੜਾਏ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਚਾਰ ਨਾਲ ਸਿਧਾਂਤਕ ਮਤਭੇਦ ਦੇ ਬਾਵਜੂਦ ਭਾਈਵਾਲੀ ਪਾਈ। ਸ਼੍ਰੋਮਣੀ ਅਕਾਲੀ ਦਲ ਦਾ ਜੇ ਪੰਥ ਨਾਲ ਕੋਈ ਰਿਸ਼ਤਾ ਸੀ ਤਾਂ ਉਹ ਰਿਸ਼ਤਾ ਮੰਗ ਕਰਦਾ ਸੀ ਕਿ ਆਰਐੱਸਐੱਸ ਦੇ ਉਸ ਹਿੰਦੂ ਰਾਸ਼ਟਰਵਾਦ ਦਾ ਵਿਰੋਧ ਕੀਤਾ ਜਾਂਦਾ ਜਿਹੜਾ ਧਰਮ ਦੇ ਆਧਾਰ ਉੱਤੇ ਹਿੰਦੂਆਂ ਤੋਂ ਬਿਨਾਂ ਸਭ ਨੂੰ ਨਫਰਤ ਕਰਦਾ ਹੈ। ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ’ ਵਾਲੇ ਪੰਜਾਬ ਦਾ ਹਿੰਦੂ ਸਨਾਤਨੀ ਜਾਂ ਆਰੀਆ ਸਮਾਜੀ ਹੁੰਦਾ ਹੋਇਆ ਵੀ ਕੱਟੜ ਨਹੀਂ। ਪਹਿਲਾਂ ਜਨਸੰਘ ਅਤੇ ਹੁਣ ਭਾਜਪਾ ਨਾਲ ਸੂਬੇ ਅਤੇ ਕੇਂਦਰ ਵਿੱਚ ਯਾਰੀ ਦਾ ਸਿੱਟਾ ਹੈ ਕਿ ਬਜਰੰਗ ਦਲ, ਸਿ਼ਵ ਸੈਨਿਕ ਆਦਿ ਕੱਟੜ ਸੰਗਠਨ ਇਕ ਪਾਸੇ ਹਿੰਦੂਆਂ ਨੂੰ ਕੱਟੜ ਬਣਾ ਰਹੇ ਹਨ, ਦੂਜੇ ਪਾਸੇ ਸਿੱਖਾਂ ਅੰਦਰ ਕੱਟੜਵਾਦ ਦੇ ਉਭਾਰ ਲਈ ਵਾਤਾਵਰਨ ਬਣਾਇਆ ਜਾ ਰਿਹਾ ਹੈ। ਪੰਜਾਬ ਦਾ ਕੱਲ੍ਹ ਕਿਹੋ ਜਿਹਾ ਹੋਵੇਗਾ, ਇਹ ਚਿੰਤਾ ਵਾਲਾ ਵਿਸ਼ਾ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਰਹਿੰਦਿਆਂ ਪਾਰਟੀ ਦੀ ਵਿਚਾਰਧਾਰਾ ਦੇ ਮੂਲ ਆਧਾਰਾਂ ਤੋਂ ਬੇਦਾਵਾ ਸੀ।
ਪ੍ਰਕਾਸ਼ ਸਿੰਘ ਦੇ ਬੇਦਾਵੇ ਦੀ ਵੰਨਗੀ ਦੇ ਬੇਦਾਵੇ ਦੇਣ ਵਾਲੇ ਪਾਰਟੀ ਦੇ ਅੰਦਰ ਹੋਰ ਵੀ ਅਨੇਕ ਹਨ। ਸੁਖਬੀਰ ਸਿੰਘ ਬਾਦਲ ਦੀ ਹੁਣ ਜਾਗ ਖੁੱਲ੍ਹੀ ਹੈ ਪਰ ਹੁਣ ਗ਼ਲਤ ਰਾਹ ਉੱਤੇ ਰਸਤਾ ਲੰਮਾ ਤੈਅ ਹੋ ਚੁੱਕਾ ਹੈ। ਜੇ ਭਾਜਪਾ ਆਰਐੱਸਐੱਸ ਦੀ ਸਿਆਸੀ ਵਿੰਗ ਹੈ ਤਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸੀ ਵਿੰਗ ਹੀ ਹੈ। ਇਸ ਦਿਸ਼ਾ ਤੋਂ ਵਿਚਾਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਫ਼ਰਜ਼ਾਂ ਨੂੰ ਬੇਦਾਵਾ ਦਿੱਤਾ ਹੋਇਆ ਹੈ। ਸਿੱਖ ਧਰਮ ਤੋਂ ਇਲਾਵਾ ਸੰਸਾਰ ਦੇ ਕਿਸੇ ਧਰਮ ਨੂੰ ਲੋਕਤੰਤਰੀ ਢੰਗ ਨਾਲ ਵੋਟਾਂ ਰਾਹੀਂ ਚੁਣੀ ਹੋਈ ਕੋਈ ਸੰਸਥਾ ਨਸੀਬ ਨਹੀਂ। ਇਸ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਪਛੜਨਾ, ਦੇਸ਼ ਵਿੱਚ ਮਾਨਵਤਾ ਵਿਰੋਧੀ ਭਾਂਬੜਾਂ ਨੂੰ ਸ਼ਾਂਤ ਕਰਦੀ ਗੁਰੂਆਂ ਦੀ ਬਾਣੀ ਦੇ ਪ੍ਰਚਾਰ ਅਤੇ ਸਿੱਖ ਧਰਮ ਦੇ ਪ੍ਰਸਾਰ ਲਈ ਕੋਈ ਵਿਦਵਾਨ ਪੈਦਾ ਨਾ ਕਰ ਸਕਣਾ ਨਮੋਸ਼ੀ ਵਾਲੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਲਮੀ ਪੱਧਰ ਦੀਆਂ ਕੋਈ ਵਿਦਿਅਕ ਸੰਸਥਾਵਾਂ ਨਹੀਂ। ਚਾਹੀਦਾ ਸੀ ਕਿ ਘੱਟੋ-ਘੱਟ ਪੰਜਾਬ ਦੇ ਬੱਚੇ ਮਿਆਰੀ ਸਿੱਖਿਆ ਲਈ ਪੰਜਾਬ ਤੋਂ ਬਾਹਰ ਨਾ ਜਾਂਦੇ। ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਆਪਣੇ ਬੱਚੇ ਪੰਜਾਬ ਵਿੱਚ ਕ੍ਰਿਸਚਿਅਨ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਉਚੇਰੀ ਸਿੱਖਿਆ ਲਈ ਕ੍ਰਿਸਚਿਅਨ ਮੁਲਕਾਂ ਵਿੱਚ ਹੀ ਜਾਂਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਕੋਲ ਆਲਮੀ ਪੱਧਰ ਦੀਆਂ ਸਿਹਤ ਸੰਸਥਾਵਾਂ ਜਾਂ ਖੋਜ ਕੇਂਦਰ ਸਥਾਪਤ ਨਾ ਕਰ ਸਕਣਾ ਗੁਰੂ ਦੇ ਆਦੇਸ਼ ਅਤੇ ਉਦੇਸ਼ ਤੋਂ ਬੇਦਾਵਾ ਹੀ ਤਾਂ ਹੈ।
ਪੰਜਾਬ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਕਾਂਗਰਸ ਵਿੱਚੋਂ ਬੇਦਾਵੇ ਕੇ ਕੇ ਭਾਜਪਾ ਵੱਲ ਗਏ ਸਾਰੇ ਆਗੂਆਂ ਨੂੰ ਸਵਾਲ ਸਾਂਝੇ ਹਨ। ਸਵਾਲ ਇਹ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ‘400 ਪਾਰ’ ਵਾਲੇ ਨਾਅਰੇ ਨੂੰ ਪੂਰਾ ਕਰ ਕੇ ਸੰਵਿਧਾਨ ਨੂੰ ਬਦਲ ਕੇ ਮਨੂ ਸਮ੍ਰਿਤੀ ਆਧਾਰਿਤ ਸੰਵਿਧਾਨ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲ ਗਏ ਹਨ? ਅਗਲਾ ਸਵਾਲ ਹੈ: ਕੀ ਇਨ੍ਹਾਂ ਦਲ ਬਦਲੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਉਸ ਹਿੰਦੂ ਰਾਸ਼ਟਰਵਾਦ ਨੂੰ ਅਪਣਾ ਲਿਆ ਹੈ ਜਿਸ ਵਿੱਚ ਹਿੰਦੂਆਂ ਤੋਂ ਬਿਨਾਂ ਸਭ ਨੂੰ ਦੋਇਮ ਦਰਜੇ ਦੇ ਨਾਗਰਿਕ ਬਣ ਕੇ ਰਹਿਣਾ ਪਵੇਗਾ ਅਤੇ ਜਿਸ ਵਿੱਚ ਹਿੰਦੂਆਂ ਬਿਨਾਂ ਸਭ ਨੂੰ ਆਪੋ-ਆਪਣਾ ਸਭਿਆਚਾਰ ਤਿਆਗਣਾ ਹੋਵੇਗਾ ਅਤੇ ਜਿਸ ਵਿੱਚ ਜਾਤ-ਪਾਤ ਅਤੇ ਛੂਆ-ਛਾਤ ਨੂੰ ਹੋਰ ਪੱਕੇ ਪੈਰੀਂ ਕੀਤਾ ਜਾਣਾ ਹੈ?
ਭਾਰਤੀ ਜਨਤਾ ਪਾਰਟੀ ਦੀ ਆਰਥਿਕ ਨੀਤੀ ਪਬਲਿਕ ਸੈਕਟਰ ਵਿਰੋਧੀ ਅਤੇ ਕਾਰਪੋਰੇਟੀ ਮਾਡਲ ਹੈ ਜਿਸ ਵਿੱਚ ਖੇਤੀ ਸੈਕਟਰ ਵਿੱਚ ਕਾਰਪੋਰੇਟੀ ਘੁਸਪੈਠ ਖਾਧ ਪਦਾਰਥਾਂ ਦੀ ਪੈਦਾਵਾਰ, ਵਪਾਰ ਆਦਿ ਸਭ ਖੇਤਰਾਂ ਵਿੱਚ ਕਰਵਾਈ ਜਾਵੇਗੀ। ਖੇਤੀ ਵਾਲੇ ਤਿੰਨ ਕਾਨੂੰਨ ਧੋ-ਸਵਾਰ ਕੇ ਨਵੇਂ ਰੂਪ ਵਿੱਚ ਲਿਆਂਦੇ ਜਾਣਗੇ। ਕੀ ਇਨ੍ਹਾਂ ਦਲ ਬਦਲੂਆਂ ਨੇ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਵਾਲਾ ਏਜੰਡਾ ਅਪਣਾ ਲਿਆ ਹੈ? ਮੁਲਕ ਦੀ ਸੁਰੱਖਿਆ ਲਈ ਭਾਰਤੀ ਫੌਜ ਦੀ ਭਰਤੀ ਲਈ ਭਾਰਤੀ ਜਨਤਾ ਪਾਰਟੀ ਨੇ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਹੈ, ਕੀ ਇਨ੍ਹਾਂ ਦਲ ਬਦਲੂਆਂ ਨੇ ਅਗਨੀਵੀਰ ਯੋਜਨਾ ਪ੍ਰਵਾਨ ਕਰ ਲਈ ਹੈ? ਸਿੱਖਿਆ, ਸਿਹਤ ਅਤੇ ਹੋਰ ਸੇਵਾਵਾਂ ਦੇ ਸੈਕਟਰ ਵੱਡੇ-ਵੱਡੇ ਕਾਰੋਬਾਰੀਆਂ ਲਈ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਲੋੜ ਸੀ, ਇਨ੍ਹਾਂ ਨੂੰ ਮੁੜ ਸਰਕਾਰੀ ਪ੍ਰਬੰਧ ਅਧੀਨ ਲਿਆ ਕੇ ਇਨ੍ਹਾਂ ਸੇਵਾਵਾਂ ਨੂੰ ਆਮ ਜਨਤਾ ਤੱਕ ਪੁੱਜਦਾ ਕੀਤਾ ਜਾਂਦਾ। ਸੂਬਿਆਂ ਨੂੰ ਵੱਧ ਅਧਿਕਾਰਾਂ ਬਿਨਾਂ ਸੂਬਾ ਸਰਕਾਰਾਂ ਕੇਂਦਰ ਦੀਆਂ ਗ਼ੁਲਾਮ ਹਨ। ਭਾਰਤੀ ਜਨਤਾ ਪਾਰਟੀ ਸ਼ਕਤੀਆਂ ਦੇ ਵਿਕੇਂਦਰੀਕਰਨ, ਭਾਵ, ਫੈਡਰਲਿਜਮ ਦੀ ਵਿਰੋਧੀ ਹੈ। ਕੀ ਇਨ੍ਹਾਂ ਦਲ ਬਦਲੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਜਿਹੇ ਸਾਰੇ ਏਜੰਡੇ ਪ੍ਰਵਾਨ ਕਰ ਲਏ ਹਨ?
ਦੋ ਸ਼ਬਦ ਉਨ੍ਹਾਂ ਪਾਰਟੀਆਂ ਲਈ ਵੀ ਬਣਦੇ ਹਨ ਜਿਨ੍ਹਾਂ ਵਿੱਚੋਂ ਦਲ ਬਦਲੂ ਦੂਜੀਆਂ ਪਾਰਟੀਆਂ ਵਿੱਚ ਜਾਂਦੇ ਹਨ। ਲੋਕ ਰਾਜ ਵਿੱਚ ਸਿਆਸੀ ਪਾਰਟੀਆਂ ਰਾਜ ਭਾਗ ਦੀ ਅਗਵਾਈ ਲਈ ਬਦਲ ਹੁੰਦੀਆਂ ਹਨ। ਸਿਆਸੀ ਪਾਰਟੀਆਂ ਨੂੰ ਆਪਣੇ ਟੀਚੇ, ਆਧਾਰ ਵਿਚਾਰਧਾਰਾ ਅਤੇ ਸੰਗਠਨ ਸਬੰਧੀ ਵਿਧਾਨ ਸੰਵਿਧਾਨ ਜਨਤਕ ਹੀ ਨਹੀਂ ਕਰਨਾ ਚਾਹੀਦਾ ਸਗੋਂ ਮੁਕਾਬਲੇ ਦੀਆਂ ਜਨਤਕ ਚਰਚਾਵਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਹਰ ਸਿਆਸੀ ਪਾਰਟੀ ਦੀ ਆਪਣੀ ਆਪਣੀ ਨਿਆਂਇਕ ਪਛਾਣ ਦਿਸਣ ਲੱਗ ਜਾਵੇ। ਮਜ਼ਬੂਤ ਲੋਕ ਰਾਜ ਲਈ ਸਿਆਸੀ ਪਾਰਟੀਆਂ ਦਾ ਵਿਚਾਰਧਾਰਕ ਹੋਣਾ ਜ਼ਰੂਰੀ ਹੈ।
ਦਲ ਬਦਲੂ ਸਿਆਸੀ ਨਿਘਾਰ ਦੀ ਨਿਸ਼ਾਨੀ ਹੈ। ਜੇ ਦਲ ਬਦਲੂ ਜਿਸ ਪਾਰਟੀ ਵਿੱਚੋਂ ਗਏ, ਉਸ ਦੀ ਬਿਹਤਰੀ ਲਈ ਕੁਝ ਨਹੀਂ ਕਰ ਸਕੇ ਤਾਂ ਨਵੀਂ ਪਾਰਟੀ ਲਈ ਕੀ ਕਰਨਗੇ? ਦਲ ਬਦਲੀ ਨੂੰ ਸੰਸਥਾਵਾਂ ਤਾਂ ਰੋਕ ਨਾ ਸਕੀਆਂ, ਹੁਣ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਵੋਟਾਂ ਵਿੱਚ ਅਜਿਹੇ ਸਬਕ ਦੀ ਘੁੱਟੀ ਪਿਲਾਉਣ ਕਿ ਇਹ ਲੋਕ ਆਪਣੇ ਸਿਆਸੀ ਅੰਤ ਤੱਕ ਭਟਕਦੀਆਂ ਆਤਮਾਵਾਂ ਬਣੀਆਂ ਰਹਿਣ। ਇਨ੍ਹਾਂ ਨੂੰ ਆਪੋ-ਆਪਣੇ ਬੇਦਾਵਿਆਂ ਦੀ ਇਹ ਸਜ਼ਾ ਤਾਂ ਭੁਗਤਣੀ ਹੀ ਚਾਹੀਦੀ ਹੈ।
ਸੰਪਰਕ: 98176-52947