ਜ਼ਿਮਨੀ ਚੋਣਾਂ ’ਚ ਪਰਿਵਾਰਵਾਦ ਦੀ ਹਾਰ: ਇੰਦਰਜੀਤ
ਖੇਤਰੀ ਪ੍ਰਤੀਨਿਧ
ਸਨੌਰ, 23 ਨਵੰਬਰ
ਜ਼ਿਮਨੀ ਚੋਣਾਂ ਦੌਰਾਨ ‘ਆਪ’ ਦੀ ਸ਼ਾਨਦਾਰ ਜਿੱਤ ’ਤੇ ਤਸੱਲੀ ਜਾਹਰ ਕਰਦਿਆਂ ‘ਆਪ’ ਦੇ ਪਟਿਆਲਾ ਤੋਂ ਲੋਕ ਸਭਾ ਹਲਕੇ ਦੇ ਇੰਚਾਰਜ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਇਸ ਸਬੰਧੀ ਪਾਰਟੀ ਦੀ ਲੀਡਰਸ਼ਿਪ ਅਤੇ ਵਾਲੰਟੀਅਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਪਰਿਵਾਰਵਾਦ ਨੂੰ ਵੀ ਮੂੰਹ ਦੀ ਖਾਣੀ ਪਈ ਹੈ। ਇੱਥੇ ਹੋਈ ਗੱੱਲਬਾਤ ਦੌਰਾਨ ਇੰਦਰਜੀਤ ਸੰਧੂ ਨੇ ਕਿਹਾ ਕਿ ਗਿੱਦੜਬਾਹਾ ’ਚ ਡਿੰਪੀ ਢਿੱਲੋਂ ਅਤੇ ਡੇਰਾ ਬਾਬਾ ਨਾਨਕ ’ਚ ਗੁਰਦੀਪ ਸਿੰਘ ਰੰਧਾਵਾ ਦੀ ਹੋਈ ਜਿੱਤ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਹ ਵੀ ਕਿਹਾ ਕਿ ਇਨ੍ਹਾਂ ਹਲਕਿਆਂ ’ਚ ਤਰਤੀਬਵਾਰ ਅੰਮ੍ਰਿਤਾ ਵੜਿੰਗ ਅਤੇ ਜਤਿੰਦਰ ਕੌਰ ਰੰਧਾਵਾ ਦੀ ਹਾਰ ਇਹ ਵੀ ਸਾਬਿਤ ਕਰਦੀ ਹੈ ਕਿ ਲੋਕ ਪਰਿਵਾਰਵਾਦ ਤੋਂ ਅੱਕ ਚੁੱਕੇ ਹਨ। ਇੰਦਰਜੀਤ ਸੰਧੂ ਨੇ ਕਿਹਾ ਕਿ ਭਵਿੱਖ ’ਚ ਸਮੂਹ ਸਿਆਸੀ ਪਾਰਟੀਆਂ ਨੂੰ ਜਿੱਥੇ ਬੇਲੋੜੀ ਦੂਸ਼ਣਬਾਜ਼ੀ ਨੂੰ ਤਿਆਗ ਕੇ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦੇਣੀ ਪਵੇਗੀ ਉੱਥੇ ਹੀ ਹਰ ਸਿਆਸੀ ਪਾਰਟੀ ਨੂੰ ਪਰਿਵਾਰਵਾਦ ਤੋਂ ਵੀ ਹੁਣ ਕਿਨਾਰਾ ਕਰਨਾ ਪਵੇਗਾ। ਇਸ ਮੌਕੇ ਅਮਰਜੀਤ ਸਿੰਘ, ਦਵਿੰਦਰ ਸਿੰਘ ਗੋਲਡੀ ਤੇ ਅਮਰ ਅਲੀ ਹਾਜ਼ਰ ਸਨ।