ਭਗਵੰਤ ਮਾਨ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ ਹੁਣ 19 ਮਾਰਚ ਨੂੰ
ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਸਿਵਲ ਜੱਜ ਰਾਜਪਾਲ ਰਾਵਲ ਦੀ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਦਾਇਰ ਇੱਕ ਕਰੋੜ ਰੁਪਏ ਦੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 19 ਮਾਰਚ ਨੂੰ ਪਾ ਦਿੱਤੀ ਹੈ| ਸੁਖਬੀਰ ਸਿੰਘ ਬਾਦਲ ਨੇ 11 ਜਨਵਰੀ ਨੂੰ ਮੁੱਖ ਮੰਤਰੀ ’ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ ਜਿਸ ’ਤੇ ਅਦਾਲਤ ਨੇ 19 ਫਰਵਰੀ ਲਈ ਸੰਮਨ ਜਾਰੀ ਕੀਤੇ ਸਨ। ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਸ ਕੇਸ ਸਬੰਧੀ ਉਹ ਹਰ ਪੇਸ਼ੀ ’ਤੇ ਅਦਾਲਤ ਵਿੱਚ ਆਇਆ ਕਰਨਗੇ ਪਰ ਉਹ ਅੱਜ ਪੇਸ਼ੀ ’ਤੇ ਹਾਜ਼ਰ ਨਹੀਂ ਹੋਏ। ਇਸ ਦਾ ਕਾਰਨ ਮੁੱਖ ਮੰਤਰੀ ਦਾ ਚੰਡੀਗੜ੍ਹ ਵਿੱਚ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਬੈਠਕ ਵਿੱਚ ਦੇਰ ਰਾਤ ਤੱਕ ਰੁੱਝੇ ਰਹਿਣਾ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ ਜਿਨ੍ਹਾਂ ਨੂੰ ਸ੍ਰੀ ਬਾਦਲ ਨੇ ਝੂਠੇ ਕਰਾਰ ਦਿੰਦਿਆਂ ਪਹਿਲਾਂ ਨੋਟਿਸ ਦਿੱਤਾ ਮਗਰੋਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। -ਨਿੱਜੀ ਪੱਤਰ ਪ੍ਰੇਰਕ