ਦਿਲਜੀਤ ਨਾਲ ਸਟੇਜ ’ਤੇ ਨਜ਼ਰ ਆਈ ਦੀਪਿਕਾ ਪਾਦੂਕੋਨ
ਬੰਗਲੂਰੂ: ਇਥੇ ਦਿਲਜੀਤ ਦੋਸਾਂਝ ਦੇ ਸ਼ੋਅ ਵਿੱਚ ਪੁੱਜੀ ਦੀਪਿਕਾ ਪਾਦੂਕੋਨ ਨੇ ਸਟੇਜ ’ਤੇ ਜਾ ਕੇ ਰੌਣਕਾਂ ਲਗਾ ਦਿੱਤੀਆਂ। ਉਸ ਨੇ ਕੁਝ ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਲੰਬੇ ਅਰਸੇ ਮਗਰੋਂ ਅਦਾਕਾਰਾ ਕਿਸੇ ਜਨਤਕ ਪ੍ਰੋਗਰਾਮ ਵਿੱਚ ਦੇਖੀ ਗਈ ਹੈ। ਇਸ ਦੌਰਾਨ ਉਸ ਨੇ ਸ਼ੋਅ ਵਿੱਚ ਹਾਜ਼ਰੀ ਹੀ ਨਹੀਂ ਭਰੀ ਸਗੋਂ ਉਹ ਦਿਲਜੀਤ ਨਾਲ ਸਟੇਜ ’ਤੇ ਵੀ ਗਈ। ਇਸ ਦੌਰਾਨ ਉਸ ਨੇ ਦਿਲਜੀਤ ਨੂੰ ਕੰਨੜ ਸਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਵੀਡੀਓ ਨੇ ਵੱਡੀ ਗਿਣਤੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਵੀਡੀਓ ਵਿੱਚ ਦਿਲਜੀਤ ਦਾ ਧਿਆਨ ਦਰਸ਼ਕਾਂ ਵਿੱਚ ਖੜ੍ਹੀ ਅਦਾਕਾਰਾ ਦੀਪਿਕਾ ’ਤੇ ਜਾਂਦਾ ਹੈ ਅਤੇ ਉਹ ਖ਼ੁਸ਼ੀ ਵਿੱਚ ਚੀਕਦਾ ਹੈ ਅਤੇ ਅਦਾਕਾਰਾ ਨੂੰ ਸਟੇਜ ’ਤੇ ਬੁਲਾਉਂਦਾ ਹੈ। ਇਸ ਦੌਰਾਨ ਦਿਲਜੀਤ ਨੇ ਕਿਹਾ, ‘ਇਹ ਵੱਡੀ ਗੱਲ ਹੈ ਕਿ ਜਿਸ ਅਦਾਕਾਰਾ ਨੂੰ ਅਸੀਂ ਫਿਲਮਾਂ ਵਿੱਚ ਦੇਖਦੇ ਰਹੇ ਹਾਂ ਉਹ ਅੱਜ ਸਾਡੇ ਸਾਹਮਣੇ ਹੈ।’ ਉਸ ਨੇ ਕਿਹਾ ਕਿ ਦੀਪਿਕਾ ਦਾ ਬੌਲੀਵੁੱਡ ਵਿੱਚ ਆਪਣਾ ਵਿਲੱਖਣ ਸਥਾਨ ਹੈ। ਇਸ ਦੌਰਾਨ ਅਦਾਕਾਰਾ ਨੇ ਦਿਲਜੀਤ ਦੇ ਕਹਿਣ ’ਤੇ ਉਸ ਨੂੰ ਕੰਨੜ ਵਿੱਚ ‘ਆਈ ਲਵ ਯੂ’ ਕਹਿਣਾ ਸਿਖਾਇਆ। ਸਟੇਜ ’ਤੇ ਦੋਵਾਂ ਕਲਾਕਾਰਾਂ ਦੀ ਹੋਈ ਆਪਸੀ ਗੱਲਬਾਤ ਦੀਆਂ ਕਈ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਹੋਈਆਂ ਹਨ। ਦਿਲਜੀਤ ਦਾ ਸ਼ੋਅ ਹੁਣ ਅੱਠ ਦਸੰਬਰ ਨੂੰ ਇੰਦੌਰ ਅਤੇ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਵੇਗਾ। -ਏਐੱਨਆਈ