For the best experience, open
https://m.punjabitribuneonline.com
on your mobile browser.
Advertisement

ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ ਦੀ ਡੂੰਘੀ ਸਾਂਝ

07:32 AM Mar 03, 2024 IST
ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ ਦੀ ਡੂੰਘੀ ਸਾਂਝ
ਆਪਣੀਆਂ ਮੰਗਾਂ ਦੇ ਹੱਕ ਵਿੱਚ ਮੋਰਚੇ ’ਤੇ ਡਟੇ ਭਾਰਤੀ ਕਿਸਾਨ।
Advertisement

ਪ੍ਰੋਫੈਸਰ ਪ੍ਰੀਤਮ ਸਿੰਘ

Advertisement

ਵਰਤਮਾਨ ਵਿੱਚ ਕੌਮਾਂਤਰੀ ਪੱਧਰ ’ਤੇ ਚੱਲ ਰਹੇ ਸੰਘਰਸ਼ਾਂ ਵਿੱਚ 2020-21 ਦਾ ਭਾਰਤੀ ਕਿਸਾਨੀ ਸੰਘਰਸ਼ 13 ਮਹੀਨੇ ਚੱਲਿਆ ਜਿਸ ਨੇ ਐਗਰੋ-ਬਿਜ਼ਨਸ ਕਾਰਪੋਰੇਸ਼ਨਾਂ ਦੇ ਖੇਤੀ ਹਥਿਆਉਣ ਤੇ ਕੇਂਦਰ ਦੇ ਕੇਂਦਰੀਕਰਨ ਏਜੰਡੇ ਵਾਲੇ ਤਿੰਨ ਕਾਨੂੰਨਾਂ ਖਿਲਾਫ਼ ਜਿੱਤ ਪ੍ਰਾਪਤ ਕੀਤੀ। ਇਹ ਸੰਘਰਸ਼ ਸ਼ਾਨਦਾਰ ਤਰੀਕੇ ਨਾਲ ਲੜਿਆ ਤੇ ਜਿੱਤਿਆ ਗਿਆ ਸੀ। ਇਸ ਨੇ ਦੁਨੀਆ ਭਰ ਵਿੱਚ ਸਰਮਾਏਦਾਰੀ ਖਿਲਾਫ਼ ਖ਼ਾਸ ਤੌਰ ’ਤੇ ਕਿਸਾਨੀ ਸੰਘਰਸ਼ਾਂ ਨੂੰ ਇੱਕ ਅਨੋਖੀ ਹੱਲਾਸ਼ੇਰੀ, ਤਾਕਤ ਤੇ ਸੇਧ ਦਿੱਤੀ। ਇੱਕ ਵਾਕਿਆ ਮੈਨੂੰ ਕਦੇ ਨਹੀਂ ਭੁੱਲਦਾ। ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਵਿਡ ਬੰਦਿਸ਼ਾਂ ਲੱਗੀਆਂ ਹੋਣ ਦੇ ਬਾਵਜੂਦ ਯੂਨੀਵਰਸਿਟੀ ਦੇ ਪਾਰਕ ਵਿੱਚ ਕਿਸਾਨਾਂ ਪੱਖੀ ਇਕੱਠ ਦਾ ਸੱਦਾ ਦਿੱਤਾ ਤੇ ਮੈਨੂੰ ਉਸ ਇਕੱਤਰਤਾ ’ਤੇ ਮੁੱਖ ਬੁਲਾਰੇ ਵਜੋਂ ਬੋਲਣ ਦੀ ਬੇਨਤੀ ਕੀਤੀ। ਮੈਂ ਜਦ ਬੋਲ ਰਿਹਾ ਸੀ ਤਾਂ ਨਾਲ ਚਲਦੀ ਸੜਕ ’ਤੇ ਇੱਕ ਵੱਡਾ ਟਰੈਕਟਰ ਟੈਂਕਰ ਆ ਕੇ ਖੜ੍ਹਾ ਹੋ ਗਿਆ ਜਿਸ ’ਤੇ ਇੱਕ ਵੱਡਾ ਬੈਨਰ ਲਾਇਆ ਹੋਇਆ ਸੀ: I SUPPORT INDIAN FARMERS (ਮੈਂ ਭਾਰਤੀ ਕਿਸਾਨਾਂ ਦੀ ਹਮਾਇਤ ਕਰਦਾ ਹਾਂ)। ਉਸ ਟੈਂਕਰ ਦਾ ਡਰਾਈਵਰ ਬਾਹਰ ਨਿਕਲਿਆ ਤੇ ਉਸੇ ਤਰ੍ਹਾਂ ਦਾ ਇੱਕ ਹੋਰ ਬੈਨਰ ਹੱਥ ਵਿੱਚ ਫੜ ਕੇ ਲੈਕਚਰ ਸੁਣਨ ਵਾਲਿਆਂ ਵਿੱਚ ਸ਼ਾਮਿਲ ਹੋ ਗਿਆ। ਲੈਕਚਰ ਤੇ ਇਕੱਤਰਤਾ ਖ਼ਤਮ ਹੋਣ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ ਕਿ ਆਪਣੇ ਬਾਰੇ ਦੱਸੋ। ਉਸ ਨੇ ਬੜੇ ਉਤਸ਼ਾਹ ਨਾਲ ਦੱਸਿਆ ਕਿ ਉਹ ਆਕਸਫੋਰਡ ਦੇ ਨੇੜੇ ਇੱਕ ਪਿੰਡ ਵਿੱਚ ਕਿਸਾਨ ਹੈ, ਉਸ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਭਾਰਤੀ ਕਿਸਾਨਾਂ ਦੇ ਸੰਘਰਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ। ਉਹਦੀ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਪਹਿਲੀ ਵਾਰ ਇਕੱਠੇ ਹੋ ਕੇ ਖੇਤੀ ਵਿਰੋਧੀ ਨੀਤੀਆਂ ਨੂੰ ਚੁਣੌਤੀ ਦਿੱਤੀ ਹੈ ਅਤੇ ਉਹ ਅੱਜ ਦੇ ਇਕੱਠ ਬਾਰੇ ਜਾਣਨ ਤੋਂ ਬਾਅਦ ਇਸ ਸੰਘਰਸ਼ ਦੀ ਆਪਣੇ ਤੌਰ ’ਤੇ ਮਦਦ ਕਰਨ ਆਇਆ ਹੈ।
ਇਸ ਅੰਗਰੇਜ਼ ਕਿਸਾਨ ਦਾ ਭਾਰਤ ਜਾਂ ਪੰਜਾਬ ਨਾਲ ਕੋਈ ਪਰਿਵਾਰਕ ਸਬੰਧ ਨਹੀਂ ਸੀ। ਭਾਰਤੀ ਕਿਸਾਨਾਂ ਨਾਲ ਅੰਗਰੇਜ਼ ਕਿਸਾਨ ਦੀ ਹਮਦਰਦੀ ਇਸ ਗੱਲ ਦਾ ਪ੍ਰਗਟਾਵਾ ਸੀ ਕਿ ਕਿਸਾਨੀ ਸੰਘਰਸ਼ ਨੇ ਦੁਨੀਆ ਭਰ ਵਿੱਚ ਖੇਤੀ ਨਾਲ ਜੁੜੇ ਲੋਕਾਂ ਦੇ ਮਨਾਂ ਵਿੱਚ ਕਿਸਾਨ ਤੇ ਖੇਤੀ ਵਿਰੋਧੀ ਸਿਆਸੀ ਤੇ ਆਰਥਿਕ ਨਿਜ਼ਾਮ ਦੇ ਉਲਟ ਪਣਪਦੇ ਵਿਚਾਰਾਂ ਤੇ ਸੋਚ ਨੂੰ ਇੱਕ ਲਹਿਰ ਵਿੱਚ ਬਦਲ ਦਿੱਤਾ ਸੀ।
ਯੂਰਪ ਵਿੱਚ ਬੜੀ ਤੇਜ਼ੀ ਨਾਲ ਉੱਭਰੀ ਕਿਸਾਨ ਲਹਿਰ ਖੇਤੀ ਵਿਰੋਧੀ ਨੀਤੀਆਂ ਖਿਲਾਫ਼ ਉੱਭਰੇ ਸਮਾਜਿਕ ਵਰਤਾਰੇ ਦਾ ਹਿੱਸਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਕੱਲੇ ਯੂਰਪ ਹੀ ਨਹੀਂ ਸਗੋਂ ਦੁਨੀਆ ਦੇ ਬਾਕੀ ਖਿੱਤਿਆਂ ਵਿੱਚ ਵੀ ਭਾਰਤ ਦੇ ਕਿਸਾਨੀ ਅੰਦੋਲਨ ਦੇ ਉਭਾਰ ਨੇ ਨਵੀਂ ਚੇਤਨਤਾ ਪੈਦਾ ਕੀਤੀ ਹੈ। ਯੂਰਪ ਤੇ ਭਾਰਤ ਵਿੱਚ ਆਰਥਿਕ ਤੌਰ ’ਤੇ ਬਹੁਤ ਇਤਿਹਾਸਕ ਫ਼ਰਕ ਹਨ ਪਰ ਫਿਰ ਵੀ ਇਨ੍ਹਾਂ ਦੋਵੇਂ ਖਿੱਤਿਆਂ ਵਿੱਚ ਉੱਭਰੀ ਕਿਸਾਨੀ ਲਹਿਰ ਵਿੱਚ ਡੂੰਘੀਆਂ ਸਾਂਝਾਂ ਹਨ।
ਯੂਰਪ ਪੂੰਜੀਵਾਦ ਦੇ ਵਿਕਾਸ ਦੇ ਆਖ਼ਰੀ ਪੜਾਅ ’ਤੇ ਪਹੁੰਚ ਚੁੱਕਾ ਹੈ ਜਿੱਥੇ ਪੂੰਜੀਵਾਦ ਦਾ ਹੋਰ ਵਿਕਾਸ ਆਰਥਿਕ, ਸਮਾਜਿਕ ਅਤੇ ਵਾਤਾਵਰਣਕ ਵਿਨਾਸ਼ ਦੇ ਰੂਪ ਵਿੱਚ ਪ੍ਰਗਟ ਹੋਵੇਗਾ। ਖੇਤੀ ਅਤੇ ਕਿਸਾਨੀ ਦੀ ਦੁਰਦਸ਼ਾ ਯੂਰਪ ਦੀ ਇਸ ਵਿਕਾਸਮਈ ਦਿਸ਼ਾ ਨੂੰ ਪ੍ਰਤੱਖ ਦਰਸਾਉਂਦੀ ਹੈ।
ਭਾਰਤ ਪੂੰਜੀਵਾਦ ਦੇ ਵਿਕਾਸ ਵੱਲ ਪੈਰ ਧਰ ਰਿਹਾ ਹੈ ਅਤੇ ਖੇਤੀ ਤੇ ਕਿਸਾਨੀ ਦੀ ਵਿਗੜ ਰਹੀ ਸਥਿਤੀ ਇਸ ਵਿਕਾਸ ਮਾਰਗ ਦੇ ਖ਼ਤਰਨਾਕ ਸਿੱਟਿਆਂ ਨੂੰ ਦਰਸਾਉਂਦੀ ਹੈ।
ਹੁਣ ਇਹ ਸੁਆਲ ਪੈਦਾ ਹੁੰਦਾ ਹੈ ਕਿ ਅਖੌਤੀ ਵਿਕਾਸ ਮਾਡਲ ਦੇ ਅਲੱਗ-ਅਲੱਗ ਪੜ੍ਹਾਵਾਂ ਵਿੱਚ ਖੜ੍ਹੇ ਇਨ੍ਹਾਂ ਦੋਵੇਂ ਖਿੱਤਿਆਂ ਵਿੱਚ ਖੇਤੀਬਾੜੀ ਤੇ ਕਿਸਾਨੀ ਦੀ ਦੁਰਦਸ਼ਾ ਕਿਉਂ ਹੈ? ਇਸ ਦਾ ਮੁੱਖ ਕਾਰਨ ਅਰਥ ਸ਼ਾਸਤਰ ਦਾ ਫੇਲ੍ਹ ਹੋ ਰਿਹਾ ਇਹ ਸਿਧਾਂਤ ਹੈ ਕਿ ਆਰਥਿਕ ਤਰੱਕੀ ਦਾ ਮਤਲਬ ਵਧ ਰਹੀ ਜੀਡੀਪੀ ਹੈ। ਇਸ ਨਾਕਾਮ ਹੋ ਰਹੇ ਆਰਥਿਕ ਸਿਧਾਂਤ ਵਿੱਚੋਂ ਹੀ ਗ਼ਲਤ ਆਰਥਿਕ ਨੀਤੀਆਂ ਨਿਕਲੀਆਂ ਹਨ ਜਿਨ੍ਹਾਂ ਨੇ ਕਿਸਾਨਾਂ ਨੂੰ ਹੁਣ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਆਪਣੀਆਂ ਮੰਗਾਂ ਦੇ ਹੱਕ ਵਿੱਚ ਮੋਰਚੇ ’ਤੇ ਡਟੇ ਭਾਰਤੀ ਕਿਸਾਨ।

ਇਹ ਸਿਧਾਂਤ ਅਰਥ ਸ਼ਾਸਤਰ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਜੋ ਹੁਣ ਫੇਲ੍ਹ ਹੋ ਰਿਹਾ ਹੈ। ਦਰਅਸਲ, ਇਸ ਸਿਧਾਂਤ ਨੇ ਹਾਲੇ ਤੱਕ ਵਧ ਰਹੇ ਆਰਥਿਕ ਵਿਕਾਸ ਦੀਆਂ ਹੱਦਾਂ ਨੂੰ ਨਹੀਂ ਸੀ ਪਛਾਣਿਆ ਅਤੇ ਇਸ ਵਿਚਾਰ ਵਿੱਚ ਧਰਮ ਵਾਂਗੂੰ ਵਿਸ਼ਵਾਸ ਜਗਾਇਆ ਸੀ ਕਿ ਆਰਥਿਕ ਵਿਕਾਸ ਹਮੇਸ਼ਾ ਹੁੰਦਾ ਰਹੇਗਾ ਅਤੇ ਹਰ ਆਉਣ ਵਾਲੀ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਆਰਥਿਕ ਪੱਖੋਂ ਹੀ ਨਹੀਂ ਸਗੋਂ ਰੂਹਾਨੀਅਤ ਪੱਖੋਂ ਵੀ ਖੁਸ਼ਹਾਲ ਹੋਵੇਗੀ।
ਇਸ ਨਾਕਾਮ ਹੋ ਰਹੇ ਆਰਥਿਕ ਸਿਧਾਂਤ ਤੇ ਇਸ ’ਤੇ ਆਧਾਰਿਤ ਆਰਥਿਕ ਨੀਤੀਆਂ ਦੇ ਵਿਨਾਸ਼ਕਾਰੀ ਸਿੱਟਿਆਂ ਬਾਰੇ ਹੋ ਰਹੀ ਨਵੀਂ ਖੋਜ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਆਰਥਿਕ ਵਿਕਾਸ ਦੀਆਂ ਦੋ ਮੁੱਖ ਹੱਦਾਂ ਹਨ: ਕੁਦਰਤੀ ਤੇ ਸਮਾਜਿਕ। ਜਦੋਂ ਆਰਥਿਕ ਵਿਕਾਸ ਇਨ੍ਹਾਂ ਕੁਦਰਤੀ ਹੱਦਾਂ ਨੂੰ ਪਾਰ ਕਰ ਜਾਂਦਾ ਹੈ ਤਾਂ ਉਸ ਵਿੱਚੋਂ ਕੁਦਰਤ ਦੀ ਬਰਬਾਦੀ ਸਾਹਮਣੇ ਆਉਣ ਲੱਗਦੀ ਹੈ। ਜਦੋਂ ਆਰਥਿਕ ਵਿਕਾਸ ਸਮਾਜਿਕ ਹੱਦਾਂ ਨੂੰ ਪਾਰ ਕਰ ਜਾਂਦਾ ਹੈ ਤਾਂ ਉਸ ਨਾਲ ਸਮਾਜਿਕ ਭੰਨ-ਤੋੜ ਤੇ ਗਿਰਾਵਟ ਹੋਣ ਲੱਗਦੀ ਹੈ।
ਇਹ ਮਾਰੂ ਆਰਥਿਕ ਵਿਕਾਸ ਮਾਡਲ ਕੁਦਰਤੀ ਹੱਦਾਂ ਪਾਰ ਕਰ ਚੁੱਕਾ ਹੈ ਜੋ ਇਨ੍ਹਾਂ ਦੋ ਮੁੱਖ ਸਿੱਟਿਆਂ ਤੋਂ ਸਾਹਮਣੇ ਆ ਰਿਹਾ ਹੈ: ਆਲਮੀ ਜਲਵਾਯੂ ਤਬਦੀਲੀ (global climate change) ਅਤੇ ਜੈਵ ਵਿਭਿੰਨਤਾ ਦਾ ਨੁਕਸਾਨ (biodiversity loss)। ਇਹ ਵਿਕਾਸ ਮਾਡਲ ਸਮਾਜਿਕ ਹੱਦਾਂ ਵੀ ਪਾਰ ਕਰ ਚੁੱਕਾ ਹੈ ਜੋ ਇਸ ਪੱਖੋਂ ਸਾਹਮਣੇ ਆ ਰਿਹਾ ਹੈ: ਵਧ ਰਹੀ ਆਰਥਿਕ ਨਾਬਰਾਬਰੀ ਅਤੇ ਉਸ ਤੋਂ ਪੈਦਾ ਹੋਣ ਵਾਲੇ ਸਮਾਜਿਕ ਝਗੜੇ ਤੇ ਸਭਿਆਚਾਰਕ ਗਿਰਾਵਟ।
ਇਹ ਵਿਕਾਸ ਮਾਡਲ ਇਸ ਵਿਸ਼ਵਾਸ ’ਤੇ ਆਧਾਰਿਤ ਹੈ ਕਿ ਵਿਕਾਸ ਕਰਨ ਲਈ ਖੇਤੀ ਨੂੰ ਦਬਾ ਕੇ ਉਦਯੋਗੀਕਰਨ ਕਰਨਾ ਜ਼ਰੂਰੀ ਹੈ ਅਤੇ ਉਸ ਤੋਂ ਅੱਗੇ ਸੇਵਾਵਾਂ ਖੇਤਰ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਇਸ ਘਾਤਕ ਮਾਡਲ ਦਾ ਸਿਧਾਂਤਕ ਸ਼ਿਕਾਰ ਸਿਰਫ਼ ਪੂੰਜੀਵਾਦੀ ਨਿਜ਼ਾਮ ਨਹੀਂ ਹੈ ਸਗੋਂ ਇਸ ਮਾਡਲ ਕਾਰਨ ਸੋਵੀਅਤ ਯੂਨੀਅਨ ਵਿੱਚ 1930ਵਿਆਂ ਵਿੱਚ ਕਿਸਾਨੀ ਦਾ ਬੜੇ ਵੱਡੇ ਪੱਧਰ ’ਤੇ ਕਤਲੇਆਮ ਹੋਇਆ ਸੀ।
ਇਸ ਵਿਕਾਸ ਮਾਡਲ ਦੀਆਂ ਕਮਜ਼ੋਰੀਆਂ ਸਾਹਮਣੇ ਆਉਣ ਨਾਲ ਪੂੰਜੀਪਤੀ ਵਿਕਾਸ ਦੇ ਕੁਝ ਸਮਰਥਕ ਇਸ ਗੱਲ ਵੱਲ ਮੁੜ ਰਹੇ ਹਨ ਕਿ ਇਸ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ ਕਿਉਂਕਿ ਇਹ ਮਾਡਲ ਸਾਨੂੰ ਕੁਦਰਤੀ ਬਰਬਾਦੀ ਵੱਲ ਲੈ ਜਾਏਗਾ ਪਰ ਉਨ੍ਹਾਂ ਦੀ ਸੋਚ ਸਮਾਜਿਕ ਨਾਬਰਾਬਰੀ ਦਾ ਹੱਲ ਨਹੀਂ ਕਰਦੀ।
ਵਿਚਾਰਕ ਪੱਧਰ ’ਤੇ ਸਭ ਤੋਂ ਵਧੀਆ ਇਹ ਸਿਧਾਂਤ ਉੱਭਰ ਰਿਹਾ ਹੈ ਕਿ ਸੋਵੀਅਤ ਯੂਨੀਅਨ ਵਿੱਚ ਅਪਣਾਏ ਗ਼ਲਤ ਤਰੀਕਿਆਂ ਤੋਂ ਸਿੱਖ ਕੇ ਸਮਾਜਵਾਦੀ ਸੋਚਵਾਨ ਇਸ ਦਿਸ਼ਾ ਵੱਲ ਵਧ ਰਹੇ ਹਨ ਕਿ eco-socialist (ਵਾਤਾਵਰਣ ਸਮਾਜਵਾਦ) ਮਾਰਗ ਦੀ ਲੋੜ ਹੈ ਜੋ ਕੁਦਰਤ ਪੱਖੀ ਤੇ ਸਮਾਜਿਕ ਬਰਾਬਰੀ ’ਤੇ ਆਧਾਰਿਤ ਹੋਵੇ।
ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਸਭ ਤੋਂ ਵੱਡੀ ਇਤਿਹਾਸਕ ਦੇਣ ਹੈ ਕਿ ਇਹ ਸਭ ਨੂੰ ਇਹ ਸੋਚਣ ਅਤੇ ਇਸ ਸਬੰਧੀ ਨੀਤੀਆਂ ਬਣਾਉਣ ਲਈ ਮਜਬੂਰ ਕਰ ਰਹੇ ਹਨ ਕਿ ਕੁਦਰਤ ਤੇ ਸਮਾਜ ਨੂੰ ਤਬਾਹੀ ਤੋਂ ਬਚਾਉਣ ਲਈ ਖੇਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੋ ਧਰਤੀ ਨਾਲ ਜੁੜੀ ਹੋਈ ਹੈ।
ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਡੂੰਘੀ ਸਾਂਝ ਦੀਆਂ ਜੜ੍ਹਾਂ ਖੇਤੀ ਬਾਰੇ ਇਸ ਨਵੀਂ ਸੋਚ ਨਾਲ ਜੁੜੀਆਂ ਹਨ। ਖੇਤੀ ਤੇ ਕਿਸਾਨੀ ਨੂੰ ਬਚਾਉਣਾ ਕੁਦਰਤ ਤੇ ਸਮਾਜ ਨੂੰ ਬਚਾਉਣਾ ਹੈ। ਖੇਤੀ ਤੇ ਕਿਸਾਨੀ ਦੀ ਬਰਬਾਦੀ ਦਾ ਰਸਤਾ ਕੁਦਰਤ ਤੇ ਸਮਾਜ ਦੀ ਬਰਬਾਦੀ ਦਾ ਰਸਤਾ ਹੈ। ਇਸ ਦੂਹਰੀ ਤੇ ਇੱਕ ਦੂਜੇ ਨਾਲ ਜੁੜੀ ਬਰਬਾਦੀ ਨੂੰ ਰੋਕਣ ਲਈ ਇਹ ਕਿਸਾਨੀ ਲਹਿਰਾਂ ਇੱਕ ਨਵੀਂ ਉਮੀਦ ਪੈਦਾ ਕਰ ਰਹੀਆਂ ਹਨ।
* ਵਿਜ਼ਿਟਿੰਗ ਸਕੌਲਰ, ਵੁਲਫਸਨ ਕਾਲਜ, ਆਕਸਫੋਰਡ ਯੂਨੀਵਰਸਿਟੀ, ਯੂਕੇ।
ਸੰਪਰਕ: +44-7922657957

Advertisement
Author Image

Advertisement
Advertisement
×