ਕਾਵਿ ਪੁਸਤਕ ‘ਨਵੇਂ ਅੰਬਰ ਤੋਂ’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 28 ਜੁਲਾਈ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਆਨਲਾਈਨ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ਾਇਰਾ ਵਿਜੇਤਾ ਭਾਰਦਵਾਜ ਦੀ ਨਵੀਂ ਕਾਵਿ ਪੁਸਤਕ ‘ਨਵੇਂ ਅੰਬਰ ਤੋਂ’ ਉੱਤੇ ਲੋਕ ਅਰਪਣ ਉਪਰੰਤ ਵਿਚਾਰ ਚਰਚਾ ਹੋਈ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਵਿਜੇਤਾ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਪੇਪਰ ਪੜ੍ਹਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਵਿਜੇਤਾ ਭਾਰਦਵਾਜ ਆਪਣੇ ਚਿੰਤਨ, ਸੰਵੇਦਨਾ ਤੇ ਕਾਵਿ ਦ੍ਰਿਸ਼ਟੀ ਰਾਹੀਂ ਨਾਰੀ ਦੀਆਂ ਪ੍ਰੰਪਰਾਵਾਦੀ ਸਮੱਸਿਆਵਾਂ ਨੂੰ ਚਿਤਰਦਿਆਂ ਸਮਕਾਲੀ ਕਵਿਤਾ ਦੀਆਂ ਸਮੱਰਥ ਕਵਿਤਰੀਆਂ ਦੇ ਸਮਾਨੰਤਰ ਕਾਵਿ ਬਿੰਬ ਉਸਾਰਨ ਵਿੱਚ ਯਤਨਸ਼ੀਲ ਹੈ। ਸ਼੍ਰੋਮਣੀ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਦਾ ਕਥਨ ਸੀ ਕਿ ਵਿਜੇਤਾ ਦੀ ਕਵਿਤਾ ਪੜ੍ਹ ਕੇ ਇੰਜ ਲਗਦਾ ਹੈ ਕਿ ਕਵਿੱਤਰੀ ਔਰਤ ਮਰਦ ਦੇ ਮਨ ਦੀ ਥਾਹ ਪਾਉਂਦਿਆਂ ਸਮਾਜ ਨੂੰ ਉਸਾਰੂ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਚਾਹਵਾਨ ਹੈ। ਇਸ ਮੌਕੇ ਡਾ. ਹਰਜੀਤ ਸਿੰਘ ਸੱਧਰ, ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ, ਮੰਚ ਦੇ ਪ੍ਰਧਾਨ ਡਾ. ਜੀਐੱਸ ਆਨੰਦ, ਤਿਲਕ ਰਾਜ (ਰਿਟਾ, ਕਰਨਲ), ਤਰਲੋਚਨ ਮੀਰ, ਆਸ਼ਾ ਸ਼ਰਮਾ, ਕੁਲਦੀਪ ਕੌਰ ਭੁੱਲਰ ਨੇ ਵੀ ਆਪਣੇ ਵਿਚਾਰ ਰੱਖੇ।