ਚਲੰਤ ਮਾਮਲਿਆਂ ਦੇ ਹੱਲ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਚਲੰਤ ਮਾਮਲਿਆਂ ਦੇ ਹੱਲ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਅਗਲੇ ਪ੍ਰੋਗਰਾਮ ਪਹਿਲਾਂ ਵਾਂਗ ਪੂਰੀ ਸ਼ਿੱਦਤ ਨਾਲ ਲਾਗੂ ਕਰਨ ਅਤੇ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਹਿਦ ਦੁਹਰਾਇਆ। ਨੇੜਲੇ ਪਿੰਡ ਸਵੱਦੀ ਕਲਾਂ ਵਿਚ ਕੈਂਪ ਦਫ਼ਤਰ ਖੋਲ੍ਹਣ ਮੌਕੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਕਿਸੇ ਵੀ ਵਧੀਕੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੇ ਮਕਸਦ ਨਾਲ ਅੱਜ ਇਹ ਕੈਂਪ ਦਫ਼ਤਰ ਖੋਲ੍ਹਿਆ ਗਿਆ ਹੈ। ਨੇੜਲੇ ਪਿੰਡਾਂ ਦੇ ਲੋਕ ਇਥੇ ਆ ਕੇ ਆਪਣੀਆਂ ਮੁਸ਼ਕਿਲਾਂ ਤੋਂ ਜਥੇਬੰਦੀ ਨੂੰ ਜਾਣੂ ਕਰਵਾ ਸਕਦੇ ਹਨ। ਇਨ੍ਹਾਂ ਮਸਲਿਆਂ ‘ਤੇ ਚਰਚਾ ਤੋਂ ਬਾਅਦ ਅਗਲਾ ਕਦਮ ਚੁੱਕਣ ਦਾ ਫ਼ੈਸਲਾ ਹੋਇਆ ਕਰੇਗਾ। ਦਫ਼ਤਰ ਖੋਲ੍ਹਣ ਲਈ ਕਰਵਾਏ ਸਾਦਾ ਸਮਾਗਮ ਨੂੰ ਸਕੱਤਰ ਅਵਤਾਰ ਸਿੰਘ ਬਿੱਲੂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਜਰਨੈਲ ਸਿੰਘ ਮੁੱਲਾਂਪੁਰ, ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਸੰਬੋਧਨ ਕਰਦਿਆਂ ਇਕਮਤ ਹੋ ਕੇ ਕਿਸਾਨਾਂ, ਮਜ਼ਦੂਰਾਂ ਸਮੇਤ ਆਮ ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਤੇ ਚਲੰਤ ਮੁੱਦਿਆਂ ਦੇ ਹੱਲ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਗੱਲ ਆਖੀ। ਦਫ਼ਤਰ ਗਰਮੀਆਂ ‘ਚ ਸਵੇਰੇ 9 ਤੋਂ 11 ਵਜੇ ਤੱਕ ਖੁੱਲ੍ਹਾ ਰਹੇਗਾ ਜਿਸ ‘ਚ ਯੂਨੀਅਨ ਦੇ ਚੋਣਵੇਂ ਆਗੂ ਤੈਅਸ਼ੁਦਾ ਡਿਊਟੀਆਂ ਮੁਤਾਬਕ ਹਾਜ਼ਰ ਹੋਇਆ ਕਰਨਗੇ। ਪਹਿਲਾਂ ਸਬੰਧਤ ਪਿੰਡ ਇਕਾਈਆਂ ਇਨ੍ਹਾਂ ਦੇ ਹੱਲ ਲਈ ਢੁਕਵੇਂ ਯਤਨ ਕਰਨਗੀਆਂ ਅਤੇ ਮਗਰੋਂ ਲੋੜ ਮੁਤਾਬਕ ਜਥੇਬੰਦੀ ਦਖ਼ਲ ਦੇਵੇਗੀ। ਇਸ ਮੌਕੇ ਗੁਰਸੇਵਕ ਸਿੰਘ ਸੋਨੀ ਸਵੱਦੀ, ਗੁਰਮੇਲ ਸਿੰਘ ਢੱਟ, ਦਰਸ਼ਨ ਸਿੰਘ ਗੁੜੇ, ਕੁਲਜੀਤ ਸਿੰਘ ਵਿਰਕ, ਤੇਜਿੰਦਰ ਸਿੰਘ ਵਿਰਕ ਮੌਜੂਦ ਸਨ।