ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਐਲਾਨਨਾਮਾ

06:15 AM Dec 19, 2023 IST

ਕੰਪਿਊਟਰ ਨਿਰਮਤ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਬਾਰੇ ਆਲਮੀ ਭਿਆਲੀ (ਜੀਪੀਏਆਈ-Global Partnership on Artificial Intelligence) ਸੰਮੇਲਨ ਵਿਚ ਅਪਣਾਇਆ ਨਵੀਂ ਦਿੱਲੀ ਐਲਾਨਨਾਮਾ ਇਸ ਖੇਤਰ ਵਿਚ ਆਪਸੀ ਤਾਲਮੇਲ ਵਧਾਉਣ ਵੱਲ ਇਕ ਕਦਮ ਹੈ। ਇਸ ਐਲਾਨਨਾਮੇ ’ਤੇ ਇਸ ਕੌਮਾਂਤਰੀ ਗਰੁੱਪ 29 ਮੈਂਬਰ ਦੇਸ਼ਾਂ ਦੇ ਨਵੀਂ ਦਿੱਲੀ ਵਿਚ ਹੋਏ ਸਿਖਰ ਸੰਮੇਲਨ ਵਿਚ ਸਹਿਮਤੀ ਹੋਈ ਹੈ ਜਿਸ ਵਿਚ ਯੂਰੋਪੀਅਨ ਯੂਨੀਅਨ ਵੀ ਸ਼ਾਮਿਲ ਹੈ। ਭਾਰਤ ਨੇ ਇਸ ਸੰਮੇਲਨ ਦੌਰਾਨ ਇਸ ਖੇਤਰ ਦੇ ਵੱਖ ਵੱਖ ਪਹਿਲੂਆਂ ਪ੍ਰਤੀ ਸਾਂਝੀ ਪਹੁੰਚ ਬਣਾਉਣ ਦੀ ਅਹਿਮੀਅਤ ਨੂੰ ਉਭਾਰਿਆ ਅਤੇ ਇਕ ਦੂਜੇ ਤੋਂ ਨਿਰਲੇਪ ਰਹਿ ਕੇ ਵੱਖੋ-ਵੱਖਰੇ ਰੂਪ ਵਿਚ ਸਖ਼ਤ ਨੇਮਬੰਦੀਆਂ ਘੜਨ ਦੀ ਨਿਰਾਰਥਕਤਾ ਵੱਲ ਧਿਆਨ ਦਿਵਾਇਆ। ਇਸ ਧਾਰਨਾ ਅਨੁਸਾਰ ਜਦੋਂ ਅਪਰਾਧ ਕਰਨ ਵਾਲੇ ਕਿਸੇ ਇਕ ਖੇਤਰ ਵਿਚ ਕੰਮ ਕਰਦੇ ਹਨ, ਪੀੜਤ ਕਿਸੇ ਹੋਰ ਅਧਿਕਾਰ ਖੇਤਰ ਵਿਚ ਰਹਿੰਦੇ ਹਨ ਅਤੇ ਅਪਰਾਧ ਕਿਸੇ ਹੋਰ ਹੀ ਥਾਂ ਵਾਪਰਦਾ ਹੈ ਤਾਂ ਇਕ ਦੇਸ਼ ਵੱਲੋਂ ਸਖ਼ਤ ਨੇਮ ਧਾਰਨ ਕਰਨ ਦੇ ਅਰਥ ਕੀ ਹੋਣਗੇ ਜੇ ਬਾਕੀ ਦੇਸ਼ ਅਜਿਹਾ ਕੋਈ ਕਦਮ ਨਾ ਉਠਾਉਣ। ਇਸ ਤੋਂ ਇਲਾਵਾ ਕੰਪਿਊਟਰ ਨਿਰਮਤ ਬੁੱਧੀ ਦੀ ਭਰੋਸੇਮੰਦੀ ਅਤੇ ਸੁਰੱਖਿਆ ਬਾਰੇ ਕੌਮਾਂਤਰੀ ਚੌਖਟਾ ਤਿਆਰ ਕਰਨ, ਸਿਹਤ ਸੰਭਾਲ ਅਤੇ ਖੇਤੀਬਾੜੀ ਵਿਚ ਇਸ ਦੇ ਅਮਲ ਨੂੰ ਵਿਕਸਤ ਕਰਨ ਅਤੇ ਸਮਝੌਤੇ ਵੀ ਸਹੀਬੰਦ ਹੋਏ ਹਨ।
ਚੀਨ ਇਸ ਸਮੂਹ ਦਾ ਹਿੱਸਾ ਨਹੀਂ ਹੈ ਪਰ ‘ਜੀਪੀਏਆਈ’ ਅਜਿਹੇ ਕੇਂਦਰ ਬਿੰਦੂ ਵਜੋਂ ਉੱਭਰ ਰਿਹਾ ਹੈ ਜੋ ਕੰਪਿਊਟਰ ਨਿਰਮਤ ਬੁੱਧੀ ਦੇ ਭਵਿੱਖ ਨੂੰ ਘੜਨ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਸਮੇਂ ਤਕਨਾਲੋਜੀ ਫਰਮਾਂ ਦੇ ਦਬਦਬੇ ਅਤੇ ਪਾਰਦਰਸ਼ਤਾ ਦੀ ਘਾਟ ਨੂੰ ਲੈ ਕੇ ਤੌਖਲੇ ਉੱਠ ਰਹੇ ਹਨ। ਐਲਾਨਨਾਮੇ ਵਿਚ ਇਸ ਨਾਲ ਜੁੜੇ ਜੋਖ਼ਮਾਂ, ਖ਼ਾਸ ਕਰ ਕੇ ਕੁਪ੍ਰਚਾਰ, ਅਫ਼ਵਾਹਾਂ, ਨਿੱਜੀ ਡੇਟਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਖ਼ਤਰਿਆਂ ਉਪਰ ਜ਼ੋਰ ਦਿੱਤਾ ਗਿਆ ਹੈ। ਇਸ ਵਿਚ ਏਆਈ ਬਾਰੇ ਪ੍ਰਸ਼ਾਸਕੀ ਚੌਖਟਾ ਵਿਕਸਤ ਕਰਨ ਅਤੇ ਨਵੀਨਤਾ ਲਈ ਮੁੱਖ ਸਰੋਤਾਂ ਤੱਕ ਬਰਾਬਰ ਦੀ ਰਸਾਈ ਬਣਾਉਣ ਦਾ ਸੱਦਾ ਦਿੱਤਾ ਹੈ। ਭਾਰਤ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਾਫ਼ੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਹ (ਭਾਰਤ) ਆਪਣੇ ਮਾਡਲ ਨੂੰ ਅਗਾਂਹ ਵਧਾਉਣਾ ਅਤੇ ਆਲਮੀ ਪੱਧਰ ’ਤੇ ਇਸ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ।
ਚੈਟਜੀਪੀਟੀ ਅਤੇ ਗੂਗਲ ਬਾਰਡ ਜਿਹੇ ਜੈਨਰੇਟਿਵ ਏਆਈ ਪਲੈਟਫਾਰਮਾਂ ਨੂੰ ਲੈ ਕੇ ਮੁੱਖਧਾਰਾ ਦੇ ਮੀਡੀਆ ਵਿਚ ਕੰਪਿਊਟਰ ਨਿਰਮਤ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਬਾਰੇ ਭਖਵੀਂ ਬਹਿਸ ਚੱਲ ਰਹੀ ਹੈ। ਇਸ ਨੂੰ ਲੈ ਕੇ ਦੋਤਰਫ਼ਾ ਚੁਣੌਤੀਆਂ ਹਨ। ਇਕ ਪਾਸੇ ਇਸ ਤਕਨਾਲੋਜੀ ਦਾ ਵੱਧ ਤੋਂ ਵੱਧ ਲਾਹਾ ਲੈਣ ’ਤੇ ਜ਼ੋਰ ਦਿੱਤਾ ਜਾਂਦਾ ਹੈ; ਦੂਜੇ ਪਾਸੇ ਇਸ ਤੋਂ ਪੈਦਾ ਹੋਣ ਵਾਲੇ ਜੋਖ਼ਮ ਵੀ ਬੇਸ਼ੁਮਾਰ ਹਨ ਜਿਨ੍ਹਾਂ ਨੂੰ ਘੱਟ ਤੋਂ ਘੱਟ ਕਰਨ ਦੀਆਂ ਪੇਸ਼ਬੰਦੀਆਂ ਕਰਨ ਬਾਰੇ ਚਰਚਾ ਚੱਲ ਰਹੀ ਹੈ। ਇਸ ਦੀ ਦੁਰਵਰਤੋਂ ਦੇ ਮਾਮਲੇ ਬਹੁਤ ਜ਼ਿਆਦਾ ਵਧਣ ਕਰ ਕੇ ਸਖ਼ਤ ਨੇਮਬੰਦੀਆਂ ਅਤੇ ਨਾਲ ਹੀ ਇਸ ਦੀ ਵਰਤੋਂ ਨੂੰ ਸੀਮਤ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ। ਕੰਪਿਊਟਰ ਨਿਰਮਤ ਬੁੱਧੀ ਦੀ ਵਰਤੋਂ ਅਤੇ ਇਸ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਵੱਡੀ ਪੱਧਰ ’ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ।

Advertisement

Advertisement
Advertisement