ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਲੈਣ ਵਾਲਿਆਂ ਖ਼ਿਲਾਫ਼ ਸੰਘਰਸ਼ ਦਾ ਐਲਾਨ
ਪਰਸ਼ੋਤਮ ਬੱਲੀ
ਬਰਨਾਲਾ, 6 ਜੁਲਾਈ
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਕਮੇਟੀ ਆਗੂਆਂ ਦੀ ਮੀਟਿੰਗ ਸੂਬਾਈ ਆਗੂ ਪਰਮਜੀਤ ਕੌਰ ਮੁੱਦਕੀ ਦੀ ਪ੍ਰਧਾਨਗੀ ਹੇਠ ਹੋਈ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜਾਅਲੀ ਐੱਸ.ਸੀ/ਬੀ.ਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਹੜੱਪਣ ਵਾਲੇ ਰਿਜ਼ਰਵੇਸ਼ਨ ਚੋਰਾਂ ਖਿਲਾਫ਼ ਪਿੰਡ ਪੱਧਰ ’ਤੇ ਅੰਦੋਲਨ ਭਖਾਉਣ ਦਾ ਫੈਸਲਾ ਲਿਆ ਗਿਆ। ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦਲਿਤਾਂ, ਮਜ਼ਦੂਰਾਂ ਦੀ ਸਮਾਜਿਕ ਏਕਤਾ ਦੀ ਲਹਿਰ ਖੜ੍ਹੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਤੇ ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਪਿੰਡ-ਪਿੰਡ ਵਿੱਚ ਦਲਿਤਾਂ, ਮਜ਼ਦੂਰਾਂ ਦੀ ਆਜ਼ਾਦ ਸਿਆਸੀ ਤਾਕਤ ਖੜ੍ਹੀ ਕੀਤੀ ਜਾਵੇਗੀ। ਉਨ੍ਹਾਂ ਐੱਸਸੀ/ਬੀਸੀ ਸਮਾਜ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਚੰਡੀਗੜ੍ਹ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਤਨਾਮ ਸਿੰਘ ਪੱਖੀ, ਬਲਜੀਤ ਕੌਰ ਸਿੱਖਾਂ ਵਾਲੀ, ਨਿੱਕਾ ਸਿੰਘ ਬਹਾਦਰਪੁਰ, ਪ੍ਰਿਤਪਾਲ ਰਾਮਪੁਰਾ, ਸ਼ਿੰਗਾਰਾ ਸਿੰਘ ਚੋਹਾਨਕੇ ਤੇ ਹਿੰਮਤ ਸਿੰਘ ਫਿਰੋਜ਼ਪੁਰ ਹਾਜ਼ਰ ਸਨ।