ਖੰਡ ਮਿੱਲ ਪ੍ਰਬੰਧਕਾਂ ਵਿਰੁੱਧ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ
ਮੁਕੇਰੀਆਂ, 12 ਜੂਨ
ਖੰਡ ਮਿੱਲ ਮੁਕੇਰੀਆਂ ਦੇ ਪ੍ਰਬੰਧਕਾਂ ਦੀ ਅਦਾਇਗੀ ਸਬੰਧੀ ਵਾਆਦਖਿਲਾਫੀ ਅਤੇ ਗਲਤ ਤਰੀਕੇ ਨਾਲ ਗੰਨਾ ਬਾਂਡ ਕਰਨ ਦੇ ਖਿਲਾਫ਼ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ, ਮਿਸਲ ਸ੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਪੰਜਾਬ, ਨੌਜਵਾਨ ਲੋਕ ਭਲਾਈ ਸੁਸਾਇਟੀ ਪੰਜਾਬ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਆਗੂਆਂ ਦੀ ਇੱਕ ਮੀਟਿੰਗ ਰੈਸਟ ਹਾਉੂਸ ਮੁਕੇਰੀਆਂ ਵਿਖੇ ਹੋਈ। ਮੀਟਿੰਗ ਦੀ ਅਗਵਾਈ ਪ੍ਰਧਾਨ ਬਲਕਾਰ ਸਿੰਘ ਮੱਲੀ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਜਥੇਦਾਰ ਬਾਬਾ ਗੁਰਦੇਵ ਸਿੰਘ, ਭਾਈ ਰਣਦੀਪ ਸਿੰਘ ਧਨੋਆ, ਮਨਜੀਤ ਸਿੰਘ ਦੇਹਲਾ, ਉਂਕਾਰ ਸਿੰਘ ਧਾਮੀ ਨੇ ਕੀਤੀ।
ਆਗੂਆਂ ਨੇ ਕਿਹਾ ਕਿ ਬੀਤੀ 8 ਫਰਵਰੀ ਨੂੰ ਜਥੇਬੰਦੀਆਂ ਵਲੋਂ ਗੰਨਾ ਮਿੱਲ ਮੁਕੇਰੀਆਂ ਦੇ ਗੰਨਾ ਮੈਨੇਜਰ ਸੰਜੇ ਸਿੰਘ ਵਲੋਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਨ, ਕੇਨ ਕਮਿਸ਼ਨ ਪੰਜਾਬ ਕੋਲੋ ਧੋਖੇ ਨਾਲ ਭੋਗਪੁਰ ਅਤੇ ਪਨਿਆੜ ਮਿੱਲਾਂ ਦਾ ਗੰਨਾ ਬਾਉਂਡ ਕਰਨ, ਹਿਮਾਚਲ ਦਾ ਗੰਨਾ ਬਿਨਾਂ ਬਾਉਂਡ ਕੀਤਿਆਂ ਖਰੀਦਣ ਅਤੇ ਕੇਨ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਵੀ ਕਿਸਾਨਾਂ ਨੂੰ 90 ਕਰੋੜ ਦਾ ਵਿਆਜ ਨਾ ਦੇਣ ਸਬੰਧੀ ਲਿਖਤੀ ਸ਼ਿਕਾਇਤ ਐਸਡੀਐਮ ਅਤੇ ਡੀਐਸਪੀ ਮੁਕੇਰੀਆਂ ਨੂੰ ਦਿੱਤੀ ਗਈ ਸੀ। ਪਰ ਹਾਲੇ ਤੱਕ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਆਗੂਆਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਪਾਲਣੀਆਂ ਔਖੀਆਂ ਹੋ ਰਹੀਆਂ ਹਨ। ਉਨ੍ਹਾ ਐਲਾਨ ਕੀਤਾ ਕਿ ਉਕਤ ਸਾਰੇ ਮਸਲਿਆਂ ਲਈ ਸਾਰੀਆਂ ਜਥੇਬੰਦੀਆਂ ਵਲੋਂ ਇੱਕ ਮੰਚ ਉੱਤੇ ਇਕੱਠੇ ਹੋਕੇ ਡੀ ਸੀ ਦਫਤਰ ਹੁਸਿ਼ਆਰਪੁਰ ਵਿਖੇ ਇਨਸਾਫ਼ ਲੈਣ ਲਈ 15 ਜੂਨ ਨੂੰ ਪੱਕਾ ਮੋਰਚਾ ਲਗਾਇਆ ਜਾਵੇਗਾ। ਜੇਕਰ ਫੇਰ ਵੀ ਮਸਲੇ ਹੱਲ ਨਾ ਹੋਏ ਤਾਂ ਇਹ ਸੰਘਰਸ਼ ਅਣਮਿੱਥੇ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ਼ਮਿੰਦਰ ਸਿੰਘ ਛੰਨੀਨੰਦ ਸਿੰਘ, ਹਰਜੀਤ ਸਿੰਘ, ਭਜਨ ਸਿੰਘ ,ਉਕਾਰ ਸਿੰਘ ਹਿਯਾਤਪੁਰ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਮੰਝਪੁਰ, ਨਰਿੰਦਰ ਸਿੰਘ, ਮੱਖਣ ਸਿੰਘ ਆਦਿ ਵੀ ਹਾਜ਼ਰ ਸਨ।