ਮਜ਼ਦੂਰ ਮੁਕਤੀ ਮੋਰਚਾ ਵੱਲੋਂ ਜਬਰ ਖ਼ਿਲਾਫ਼ ਸੰਘਰਸ਼ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 17 ਸਤੰਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਰਾਜ ਵਿੱਚ ਲੁੱਟ ਅਤੇ ਜ਼ਬਰ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਏਕਤਾ ਲਹਿਰ ਖੜ੍ਹੀ ਕਰਨ ਦੀ ਜਾਰੀ ਮੁਹਿੰਮ ਲਈ ਅੱਜ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਮਜ਼ਦੂਰ ਸਮਾਜ ਏਕਤਾ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਨਾਲ ਕੀਤੀਆਂ ਗਾਰੰਟੀਆਂ ਝੂਠ ਦਾ ਪੁਲੰਦਾ ਨਿਕਲੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀ ਕਿਰਤ ਕਮਾਈ ਦੀ ਵਰਤੋਂ ਕੇਜਰੀਵਾਲ ਦੀ ਮਸ਼ਹੂਰੀ ਕਰਨ ਲਈ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਐਮੀਨੈਂਸ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਅੰਦਰ ਜਲਦੀ ਹੀ ਦਲਿਤਾਂ ਅਤੇ ਕਿਰਤੀਆਂ ਦੀ ਤਰਜ਼ਮਾਨੀ ਕਰਨ ਵਾਲੀ ਸਿਆਸੀ ਪਾਰਟੀਆਂ ਦੇ ਸਮਝੌਤੇ ਦਾ ਐਲਾਨ ਕੀਤਾ ਜਾਵੇਗਾ, ਜੋ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਉਮੀਦਵਾਰ ਖੜ੍ਹੇ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਦੇ ਸੌਦਾਗਰਾਂ ਅਤੇ ਰਿਜ਼ਰਵੇਸ਼ਨ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਆਮ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਰੈਲੀ ਦੀ ਪ੍ਰਧਾਨਗੀ ਮਨਜੀਤ ਕੌਰ ਜੋਗਾ, ਬੱਬੀ ਕੌਰ ਬੀਰੇ ਵਾਲਾਂ, ਕੁਲਵਿੰਦਰ ਕੌਰ ਗੁਰਨੇ, ਸਰਜਪਾਲ ਕੌਰ ਬਹਾਦਰਪੁਰ, ਗਗਨਦੀਪ ਕੌਰ ਨੰਬਰਦਾਰ ਗੁਰਨੇ ਕਲਾਂ, ਮਨਜੀਤ ਕੌਰ ਰਿਉਂਦ ਨੇ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਸੇਮਾ, ਡਾ. ਗੁਰਿੰਦਰ ਰੰਗਰੇਟਾ, ਸੁਖਵਿੰਦਰ ਬੋਹਾ ਆਦਿ ਨੇ ਵੀ ਸੰਬੋਧਨ ਕੀਤਾ।