‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਸਤੰਬਰ
ਸ਼੍ਰੋਮਣੀ ਅਕਾਲੀ ਦਲ ਵਲੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 13 ਸਤੰਬਰ ਨੂੰ ਜ਼ਿਲ੍ਹਾ ਸਕੱਤਰੇਤ ਅੱਗੇ ਧਰਨਾ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾਪੁਰਾਣਾ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਮੋਗਾ ਅਤੇ ਬਲਦੇਵ ਸਿੰਘ ਮਾਣੂਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਇਸ ਧਰਨੇ ਵਿਚ ਪਿੰਡਾਂ ਤੇ ਸ਼ਹਿਰਾਂ ਵਿਚੋਂ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸ਼ਮੂਲੀਅਤ ਕਰਨਗੇ। ਸ੍ਰੀ ਗਿੱਲ ਨੇ ਆਖਿਆ ਕਿ ਸਰਕਾਰ ਨੇ ਬਿਜਲੀ ਸਬਸਿਡੀ ਵਾਪਸ ਲੈ ਕੇ, ਪੈਟਰੋਲ ਅਤੇ ਡੀਜ਼ਲ ’ਤੇ ਵਾਰ-ਵਾਰ ਵੈਟ ਵਧਾ ਕੇ, ਬੱਸ ਕਿਰਾਏ 23 ਪੈਸੇ ਪ੍ਰਤੀ ਕਿਲੋਮੀਟਰ ਵਧਾ ਕੇ ਤੇ ਵਾਹਨਾਂ ’ਤੇ ਟੈਕਸ ਤੇ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿਚ ਵਾਧਾ ਕਰ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸੂਬੇ ਵਿਚ ਕਾਨੂੰਨ ਵਿਵਸਥਾ ’ਤੇ ਸੁਆਲ ਚੁੱਕਦੇ ਕਿਹਾ ਕਿ ਲੁੱਟਾਂ ਖੋਹਾਂ ਤੇ ਕਤਲਾਂ ਨੇ ਲੋਕਾਂ ਦੀ ਮਾਨਸਿਕ ਸ਼ਾਂਤੀ ਖੋਹ ਲਈ ਹੈ।