ਹਿੰਦ ਮਹਾਸਾਗਰ ’ਚ ਭਾਰਤ ਦੀ ਜੰਗੀ ਸਮਰੱਥਾ ਮਜ਼ਬੂਤ ਕਰਨ ਦਾ ਫ਼ੈਸਲਾ
ਨਵੀਂ ਦਿੱਲੀ, 21 ਸਤੰਬਰ
ਭਾਰਤੀ ਜਲ ਸੈਨਾ ਦੇ ਸਿਖ਼ਰਲੇ ਕਮਾਂਡਰਾਂ ਨੇ ਖਿੱਤੇ ਵਿੱਚ ਵਧ ਰਹੇ ਚੀਨ ਦੇ ਹਮਲਿਆਂ ਅਤੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਚੱਲ ਰਹੇ ਭੂ-ਰਾਜਨੀਤਕ ਤਾਕਤ ਦੇ ਖੇਡ ਦੇ ਮੱਦੇਨਜ਼ਰ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਜੰਗੀ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਇੱਥੇ ਬੀਤੇ ਦਿਨ ਸਮਾਪਤ ਹੋਈ ਜਲ ਸੈਨਾ ਕਮਾਂਡਰਾਂ ਦੀ ਚਾਰ ਰੋਜ਼ਾ ਕਾਨਫਰੰਸ ਦੌਰਾਨ ਵਿਆਪਕ ਪੱਧਰ ’ਤੇ ਹੋਈ ਚਰਚਾ ਤੋਂ ਬਾਅਦ ਸਮੁੰਦਰੀ ਖੇਤਰ ਵਿੱਚ ਭਾਰਤ ਦੀਆਂ ਜੰਗੀ ਸਮਰੱਥਾਵਾਂ ਵਧਾਉਣ ਬਾਰੇ ਫੈਸਲਾ ਲਿਆ ਗਿਆ ਹੈ। ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਤੱਟ ਰੱਖਿਅਕਾਂ ਅਤੇ ਹੋਰ ਸਮੁੰਦਰੀ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਅਤੇ ਕਾਰਜਾਤਮਕ ਸਬੰਧਾਂ ਰਾਹੀਂ ਸਮੁੰਦਰੀ ਸੁਰੱਖਿਆ ਅਤੇ ਤੱਟਵਰਤੀ ਰੱਖਿਆ ਯਕੀਨੀ ਬਣਾਉਣ ਲਈ ਚੌਕਸੀ ਬਣਾ ਕੇ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਐਡਮਿਰਲ ਨੇ ਕਮਾਂਡਾਂ ਅਤੇ ਜਲ ਸੈਨਾ ਹੈੱਡਕੁਆਰਟਰਾਂ ਦੇ ਸਟਾਫ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿਣ ਅਤੇ ਕਦੇ ਵੀ, ਕਿੱਥੇ ਵੀ ਇੱਕ ਚੰਗੇ-ਸੰਤੁਲਿਤ ਬਹੁ-ਆਯਾਮੀ ਸਹਿਜ ਨੈੱਟਵਰਕ ਬਲ ਦੇ ਰੂਪ ਵਿੱਚ ਵਿਕਾਸ ਕਰਨਾ ਜਾਰੀ ਰੱਖਣ ਦਾ ਹੋਕਾ ਵੀ ਦਿੱਤਾ। -ਪੀਟੀਆਈ