ਪੰਜਾਬ ਵਿੱਚ ਗੰਨੇ ਦੀ ਪਿੜਾਈ 25 ਤੋਂ ਸ਼ੁਰੂ ਕਰਨ ਦਾ ਫ਼ੈਸਲਾ
ਚਰਨਜੀਤ ਭੁੱਲਰ
ਚੰਡੀਗੜ੍ਹ, 6 ਨਵੰਬਰ
ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਕੇ ਲਾਗੂ ਚੋਣ ਜ਼ਾਬਤੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਗੰਨੇ ਦੀ ਕੀਮਤ (ਸਟੇਟ ਐਗਰੀਡ ਪ੍ਰਾਈਸ) ਵਿਚ ਵਾਧੇ ਦਾ ਫ਼ੈਸਲਾ ਨਹੀਂ ਲੈ ਸਕੀ ਪਰ ਸਰਕਾਰ ਨੇ ਪੰਜਾਬ ਵਿਚ ਗੰਨੇ ਦੀ ਪਿੜਾਈ 25 ਨਵੰਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪੰਜਾਬ ਰਾਜ ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਵਿਚ ਗੰਨੇ ਦੇ ਭਾਅ ’ਤੇ ਚਰਚਾ ਹੋਈ ਪਰ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਇਸ ਮੀਟਿੰਗ ਵਿਚ ਭਾਅ ਵਿਚ ਵਾਧੇ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਵਰ੍ਹੇ ਗੰਨੇ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਇਹ ਭਾਅ 380 ਰੁਪਏ ਸੀ, ਜੋ ਦੇਸ਼ ਭਰ ’ਚੋਂ ਵੱਧ ਸੀ। ਇਸੇ ਦੌਰਾਨ ਲੰਘੇ ਸਾਲ ਹਰਿਆਣਾ ਸਰਕਾਰ ਨੇ ਗੰਨੇ ਦਾ ਭਾਅ 386 ਰੁਪਏ ਪ੍ਰਤੀ ਕੁਇੰਟਲ ਐਲਾਨ ਦਿੱਤਾ ਸੀ। ਪੰਜਾਬ ਸਰਕਾਰ ਨੇ ਸਾਲ ਨਵੰਬਰ 2023 ਵਿਚ ਗੰਨੇ ਦੇ ਭਾਅ ਵਿਚ 11 ਰੁਪਏ ਦਾ ਵਾਧਾ ਕਰਕੇ 391 ਰੁਪਏ ਐਲਾਨਿਆ ਸੀ। ਐਤਕੀਂ ਕਿਸਾਨ ਜਥੇਬੰਦੀਆਂ ਨੇ ਗੰਨੇ ਦਾ ਭਾਅ 450 ਰੁਪਏ ਕੁਇੰਟਲ ਕਰਨ ਦੀ ਮੰਗ ਕੀਤੀ ਸੀ।
ਪੰਜਾਬ ਵਿੱਚ ਕੁੱਲ 15 ਖੰਡ ਮਿੱਲਾਂ ਹਨ, ਜਿਨ੍ਹਾਂ ਵਿਚ 9 ਸਹਿਕਾਰੀ ਅਤੇ 6 ਨਿੱਜੀ ਖੰਡ ਮਿੱਲਾਂ ਸ਼ਾਮਲ ਹਨ। ਇਨ੍ਹਾਂ ਖੰਡ ਮਿੱਲਾਂ ਵਿਚ ਲਗਪਗ 700 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦੀ ਸੰਭਾਵਨਾ ਹੈ ਅਤੇ ਸੂਬੇ ਵਿੱਚ ਇਸ ਸੀਜ਼ਨ ਵਿੱਚ 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦਾ ਅਨੁਮਾਨ ਹੈ। ਖੇਤੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਗੰਨੇ ਹੇਠ ਇੱਕ ਲੱਖ ਹੈਕਟੇਅਰ ਰਕਬਾ ਸੀ ਜੋ ਕਿ ਪਿਛਲੇ ਸਾਲ 95 ਹਜ਼ਾਰ ਹੈਕਟੇਅਰ ਸੀ।
ਪ੍ਰਾਈਵੇਟ ਖੰਡ ਮਿੱਲਾਂ ਨੂੰ ਸੂਬਾ ਸਰਕਾਰ ਵੱਲੋਂ 55.50 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਂਦੇ ਹਨ, ਜਿਸ ਨਾਲ ਸੂਬਾ ਸਰਕਾਰ ’ਤੇ ਸਾਲਾਨਾ ਕਰੀਬ 242 ਕਰੋੜ ਦਾ ਭਾਰ ਪੈਂਦਾ ਹੈ। ਪੰਜਾਬ ਸਰਕਾਰ ਦੇ ਪ੍ਰਾਈਵੇਟ ਖੰਡ ਮਿੱਲਾਂ ਨੂੰ ਦਿੱਤੀ ਰਾਸ਼ੀ ’ਚੋਂ ਸਿਰਫ਼ 9.5 ਕਰੋੜ ਦਾ ਬਕਾਇਆ ਬਾਕੀ ਹੈ। ਅੱਜ ਮੀਟਿੰਗ ਵਿਚ ਖੇਤੀ ਮੰਤਰੀ ਨੇ ਅਧਿਕਾਰੀਆਂ ਨੂੰ ਪਿੜਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਵੇਚਣ ’ਚ ਦਿੱਕਤ ਨਹੀਂ ਆਉਣੀ ਚਾਹੀਦੀ। ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਵਿਚ ਖੇਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਪੰਜਾਬ ਖੇਤੀਬਾੜੀ ਕਮਿਸ਼ਨਰ ਮਿਸ ਨੀਲਿਮਾ, ਸਕੱਤਰ ਖ਼ਰਚਾ ਵੀ.ਐਨ.ਜ਼ਾਦੇ, ਐੱਮਡੀ ਸ਼ੂਗਰਫੈੱਡ ਡਾ. ਸੇਨੂ ਦੁੱਗਲ ਤੇ ਹੋਰ ਹਾਜ਼ਰ ਸਨ।
ਗੰਨੇ ਦੇ ਭਾਅ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕਰਾਂਗਾ: ਖੇਤੀ ਮੰਤਰੀ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਗੰਨੇ ਦੇ ਭਾਅ ਵਿਚ ਵਾਧੇ ਬਾਰੇ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਾਰੇ ਸੂਬਿਆਂ ਤੋਂ ਵੱਧ ਭਾਅ ਕਿਸਾਨਾਂ ਨੂੰ ਦੇ ਰਹੀ ਹੈ ਪਰ ਫਿਰ ਵੀ ਉਹ ਮੁੱਖ ਮੰਤਰੀ ਨਾਲ ਇਸ ਬਾਰੇ ਗੱਲਬਾਤ ਕਰਨਗੇ।