ਨਾਜਾਇਜ਼ ਖਣਨ ਖ਼ਿਲਾਫ਼ ਜਥੇਬੰਦਕ ਸੰਘਰਸ਼ ਆਰੰਭਣ ਦਾ ਫ਼ੈਸਲਾ
ਦੀਪਕ ਠਾਕੁਰ
ਤਲਵਾੜਾ, 3 ਫਰਵਰੀ
ਬਲਾਕ ਹਾਜੀਪੁਰ ਅਤੇ ਤਲਵਾੜਾ ’ਚ ਬਿਆਸ ਦਰਿਆ ਕੰਢੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਸਰਕਾਰ ਵੱਲੋਂ ਨਵੇਂ ਸਟੋਨ ਕਰੱਸ਼ਰ ਲਗਾਉਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡਾਂ ’ਚੋਂ ਮਾਈਨਿੰਗ ਸਮੱਗਰੀ ਲੈ ਕੇ ਲੰਘਦੇ ਟਰੱਕਾਂ ਤੋਂ ਪਿੰਡ ਵਾਸੀ ਪਹਿਲਾਂ ਹੀ ਦੁਖੀ ਹਨ। ਸਰਕਾਰ ਅਤੇ ਪ੍ਰਸ਼ਾਸਨ ਦੇ ਦੁਆਰ ਕੋਈ ਸੁਣਾਈ ਨਾ ਹੋਣ ਕਾਰਨ ਪੀੜਤ ਲੋਕਾਂ ਨੇ ਖ਼ੇਤਰ ’ਚ ਖਣਨ ਅਤੇ ਸਟੋਨ ਕਰੱਸ਼ਰਾਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਆਰੰਭਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨਵੇਂ ਲੱਗ ਰਹੇ ਕਰੱਸ਼ਰਾਂ ਖ਼ਿਲਾਫ਼ ਪੱਕੇ ਮੋਰਚੇ ਲਾਉਣੇ ਆਰੰਭ ਦਿੱਤੇ ਹਨ। ਇਹ ਜਾਣਕਾਰੀ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਮਨੋਜ ਪਲਾਹੜ ਅਤੇ ਪ੍ਰਧਾਨ (ਕੈਪ.) ਰਾਜੇਸ਼ ਕੁਮਾਰ ਦਿੰਦੇ ਹੋਏ ਦੱਸਿਆ ਕਿ ਲੋਕ ਪੱਤੀ ਨਾਮ ਨਗਰ ਅਤੇ ਪੱਤੀ ਨਵੇਂ ਘਰ ਵਿੱਚ ਲੱਗ ਰਹੇ ਨਵੇਂ ਸਟੋਨ ਕਰੱਸ਼ਰਾਂ ਖ਼ਿਲਾਫ ਮੋਰਚਿਆਂ ’ਤੇ ਡਟੇ ਹੋਏ ਹਨ। ਪੱਤੀ ਨਾਮ ਨਗਰ ਦਾ ਪੱਕਾ ਮੋਰਚਾ ਅੱਜ 46ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਪੱਤੀ ਨਵੇਂ ਘਰ ਕੋਲ ਲਗਾਏ ਜਾ ਰਹੇ ਸਟੋਨ ਕਰੱਸ਼ਰ ਖ਼ਿਲਾਫ਼ ਪਿੰਡ ਵਾਸੀਆਂ ਨੇ ਪਹਿਲੀ ਤਾਰੀਕ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਨਾਜਾਇਜ਼ ਖਣਨ ’ਤੇ ਨਕੇਲ ਕੱਸਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਵੇਂ ਕਰੱਸ਼ਰ ਲਗਾਉਣ ਦੀਆਂ ਉਪਰੋਂ ਥਲੀ ਦਿੱਤੀਆਂ ਜਾ ਰਹੀਆਂ ਪ੍ਰਵਾਨਗੀਆਂ ਖ਼ੇਤਰ ਦੀ ਤਬਾਹੀ ਨੂੰ ਸੱਦਾ ਦੇ ਰਹੀਆਂ ਹਨ। ਉਧਰ, ਅੱਜ ਖਣਨ ਪੀੜਤ ਪਿੰਡ ਬਡਾਲੀਆਂ ਡੇਰਾ ਵਾਸੀਆਂ ਨੇ ਵੀ ਖਣਨ ਅਤੇ ਕਰੱਸ਼ਰਾਂ ਖ਼ਿਲਾਫ਼ ਡਟਣ ਦਾ ਫੈਸਲਾ ਕੀਤਾ ਹੈ। ਪਿੰਡ ’ਚ ਸੀਮਾ ਰਾਣੀ ਦੀ ਪ੍ਰਧਾਨਗੀ ਹੇਠ 21 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ।