ਮਿਥੁਨ ਚੱਕਰਵਰਤੀ ਨੂੰ ਦਾਦਾਸਾਹੇਬ ਫਾਲਕੇ ਐਵਾਰਡ ਦੇਣ ਦਾ ਫੈਸਲਾ
ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਸੀਨੀਅਰ ਅਦਾਕਾਰ ਮਿਥੁਨ ਚੱਕਰਵਰਤੀ (74) ਨੂੰ ਭਾਰਤੀ ਸਿਨੇਮਾ ਜਗਤ ਦਾ ਸਭ ਤੋਂ ਵੱਕਾਰੀ ਦਾਦਾਸਾਹੇਬ ਫਾਲਕੇ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਚੱਕਰਵਰਤੀ ਨੂੰ ਉਨ੍ਹਾਂ ਦੀਆਂ ਫ਼ਿਲਮਾਂ ‘ਮ੍ਰਿਗਿਆ’, ‘ਡਿਸਕੋ ਡਾਂਸਰ’ ਤੇ ‘ਪ੍ਰੇਮ ਪ੍ਰਤਿੱਗਿਆ’ ਆਦਿ ਲਈ ਜਾਣਿਆ ਜਾਂਦਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਐੱਕਸ ’ਤੇ ਪੋਸਟ ਵਿਚ ਚੱਕਰਵਰਤੀ ਨੂੰ ਇਹ ਵੱਕਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਇਸੇ ਸਾਲ ਚੱਕਰਵਰਤੀ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਨਿਵਾਜਿਆ ਸੀ। ਮਿਥੁਨ ਚੱਕਰਵਰਤੀ ਸੱਤਾਧਾਰੀ ਭਾਜਪਾ ਦੇ ਮੈਂਬਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸ਼ਾਨਾਮੱਤੀ ਐਵਾਰਡ ਲਈ ਚੱਕਰਵਰਤੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਦਾਕਾਰ ‘ਸੱਭਿਆਚਾਰਕ ਪ੍ਰਤੀਕ’ ਹਨ, ਜਿਨ੍ਹਾਂ ਆਪਣੀ ਅਦਾਕਾਰੀ ਨਾਲ ਬਹੁਤ ਸਾਰੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਧਰ ਬਜ਼ੁਰਗ ਅਦਾਕਾਰ ਨੇ ਪੁਰਸਕਾਰ ਲਈ ਆਪਣਾ ਨਾਮ ਐਲਾਨੇ ਜਾਣ ਦੀ ਖ਼ਬਰ ਮਿਲਣ ਮਗਰੋਂ ਕਿਹਾ, ‘‘ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਉਹ ਮੌਕਾ ਹੈ ਜਿਸ ਨੇ ਮੈਨੂੰ ਮੇਰਾ ਅਤੀਤ ਚੇਤੇ ਕਰਵਾ ਦਿੱਤਾ।’’ -ਪੀਟੀਆਈ