ਲੜਕੀ ਦੇ ਵਿਆਹ ’ਤੇ 11 ਹਜ਼ਾਰ ਸ਼ਗਨ ਦੇਣ ਦਾ ਫ਼ੈਸਲਾ
ਸੰਜੀਵ ਬੱਬੀ
ਚਮਕੌਰ ਸਾਹਿਬ, 29 ਨਵੰਬਰ
ਪਿੰਡ ਭਲਿਆਣ ਦੇ ਸਰਪੰਚ ਸਤਵੀਰ ਸਿੰਘ ਸੱਤੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਵੱਲੋਂ ਚੋਣ ਮੈਨੀਫੈਸਟੋ ਵਿੱਚ ਨਗਰ ਵਾਸੀਆਂ ਨਾਲ ਕੀਤੇ ਵਾਅਦੇ ਨੂੰ ਮੁੱਖ ਰੱਖਦੇ ਹੋਏ ਪਿੰਡ ਦੀ ਹਰ ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਗ੍ਰਾਮ ਪੰਚਾਇਤ, ਨਗਰ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 11 ਹਜ਼ਾਰ ਰੁਪਏ ਸ਼ਗਨ ਵਜੋਂ ਦਿੱਤੇ ਜਾਣ ਦਾ ਫ਼ੈਸਲਾ ਲਿਆ ਹੈ। ਸਰਪੰਚ ਸਤਵੀਰ ਸਿੰਘ ਸੱਤੀ ਨੇ ਦੱਸਿਆ ਕਿ ਬੀਤੇ ਦਿਨੀਂ ਚੇਤਨ ਸਿੰਘ ਦੀ ਧੀ ਕਮਲਪ੍ਰੀਤ ਕੌਰ ਦੇ ਵਿਆਹ ਮੌਕੇ ਗ੍ਰਾਮ ਪੰਚਾਇਤ ਨੇ ਸ਼ਗਨ ਸਕੀਮ ਤਹਿਤ ਪਰਿਵਾਰ ਨੂੰ 11 ਹਜ਼ਾਰ ਰੁਪਏ ਦੀ ਮਦਦ ਕੀਤੀ। ਇਸ ਲਈ ਦਲਜੀਤ ਸਿੰਘ ਦੱਲੀ ਯੂਐੱਸਏ, ਰਾਜਵੀਰ ਕੈਨੇਡਾ, ਮਨੀ ਕੈਨੇਡਾ, ਰਮਨ ਨਿਊਜ਼ੀਲੈਂਡ, ਗਗਨਦੀਪ ਕੈਨੇਡਾ, ਸਤਵਿੰਦਰ ਕੈਨੇਡਾ, ਵਿਨੈਪਾਲ ਕੈਨੇਡਾ, ਸ਼ੈਂਟੀ ਕੈਨੇਡਾ, ਮਨਦੀਪ ਇੰਗਲੈਂਡ, ਬੰਟੀ ਇਟਲੀ, ਮਨਦੀਪ ਇਟਲੀ, ਬੱਲੀ ਕੁਵੈਤ, ਕੁਲਵੀਰ ਇਟਲੀ ਅਤੇ ਸੰਨੀ ਇਟਲੀ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਸਰਪੰਚ ਤੇ ਪੰਚਾਇਤ ਮੈਂਬਰ ਨਰਿੰਦਰ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ, ਕਮਲਪ੍ਰੀਤ ਕੌਰ, ਸੁਰਿੰਦਰ ਕੌਰ ਅਤੇ ਹਰਜੀਤ ਕੌਰ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।