ਪੰਜਾਬੀ ਨੂੰ ਪ੍ਰਸ਼ਾਸਨਿਕ ਭਾਸ਼ਾ ਦਾ ਦਰਜਾ ਦਿਵਾਉਣ ਲਈ ਪ੍ਰਦਰਸ਼ਨ ਕਰਨ ਦਾ ਫ਼ੈਸਲਾ
ਪੱਤਰ ਪ੍ਰੇਰਕ
ਚੰਡੀਗੜ੍ਹ, 2 ਜੁਲਾਈ
ਯੂ.ਟੀ. ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਨਿਕ ਭਾਸ਼ਾ ਦਾ ਦਰਜਾ ਦਿਵਾਉਣ ਲਈ ਯਤਨਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮੰਚ ਨੇ ਹੁਣ 28 ਅਗਸਤ 2023 ਨੂੰ ਮੁਡ਼ ਤੋਂ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।
ਰੋਸ ਪ੍ਰਦਰਸ਼ਨ ਸਬੰਧੀ ਸੈਕਟਰ 28 ਦੇ ਗੁਰਦੁਆਰਾ ਸ਼ਾਹਪੁਰ ਵਿਖੇ ਹੋਈ ੲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ ਅਤੇ ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ 28 ਅਗਸਤ ਨੂੰ ਸੈਕਟਰ 34 ਸਥਿਤ ਪਿਕਾਡਲੀ ਚੌਕ (ਜੇਡਬਲਿਊ ਮੈਰੀਅਟ ਹੋਟਲ ਦੇ ਸਾਹਮਣੇ) ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਹੁਣ ਦੋ ਮਹੀਨੇ ਲਗਾਤਾਰ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਜਥੇਬੰਦੀਆਂ, ਗੁਰਦੁਆਰਿਆਂ, ਲੇਖਕ ਸਭਾਵਾਂ, ਕਿਸਾਨ ਜਥੇਬੰਦੀਆਂ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਆਦਿ ਦੇ ਸਹਿਯੋਗ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ 28 ਅਗਸਤ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਚ ਵੱਲੋਂ ਪੰਜਾਬੀ ਭਾਸ਼ਾ ਦੇ ਮਾਣ ਸਨਮਾਨ ਦੀ ਬਹਾਲੀ ਲਈ ਕੀਤੇ ਜਾ ਰਹੇ ਸੰਘਰਸ਼ ਕਾਫ਼ੀ ਜ਼ਿਆਦਾ ਸਫ਼ਲ ਹੋ ਰਹੇ ਹਨ। ਪਿਛਲੇ ਮਹੀਨੇ ਪਹਿਲੀ ਜੂਨ ਨੂੰ ਕੀਤੇ ਗਏ ਪੈਦਲ ਰੋਸ ਮਾਰਚ ਵਿੱਚ ਪੰਜਾਬੀ ਹਿਤੈਸ਼ੀਆਂ ਦੀ ਸ਼ਮੂਲੀਅਤ ਨੇ ਇਹ ਸਾਬਿਤ ਕਰ ਦਿੱਤਾ ਕਿ ਮਾਂ ਬੋਲੀ ਪ੍ਰਤੀ ਜਾਗਰੂਕਤਾ ਵਧ ਰਹੀ ਹੈ।
ਮੀਟਿੰਗ ਦੇ ਸ਼ੁਰੂ ਵਿੱਚ ਪਹਿਲੀ ਜੂਨ ਨੂੰ ਕੱਢੇ ਗਏ ਪੈਦਲ ਰੋਸ ਮਾਰਚ ਬਾਰੇ ਤਸੱਲੀ ਪ੍ਰਗਟਾਈ ਗਈ ਅਤੇ ਉਸ ਰੋਸ ਮਾਰਚ ਵਾਸਤੇ ਲੰਗਰ ਅਤੇ ਚਾਹ ਪਾਣੀ ਦੇ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਵੀ ਕੀਤਾ ਗਿਆ। ਮੀਟਿੰਗ ਵਿੱਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਬਾਬਾ ਸਾਧੂ ਸਿੰਘ ਸਾਰੰਗਪੁਰ, ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਤਰਕਸ਼ੀਲ ਸੁਸਾਇਟੀ ਤੋਂ ਜੋਗਾ ਸਿੰਘ, ਪੰਜਾਬੀ ਲੇਖਕ ਸਭਾ ਤੋਂ ਆਰਟਿਸਟ ਬਲਕਾਰ ਸਿੰਘ ਸਿੱਧੂ, ਆਰਟਿਸਟ ਨੀਤੂ, ਪਰਵਿੰਦਰ ਸਿੰਘ ਧਨਾਸ, ਸ਼ਮਸ਼ੇਰ ਸਿੰਘ ਸੈਕਟਰ 30, ਪ੍ਰਿਤਪਾਲ ਸਿੰਘ ਤੇ ਨੱਥਾ ਸਿੰਘ ਆਦਿ ਵੀ ਸ਼ਾਮਲ ਹੋਏ।