ਅਧਿਆਪਕ ਦਿਵਸ ਨੂੰ ‘ਕਾਲਾ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ
07:17 AM Sep 04, 2024 IST
ਲੁਧਿਆਣਾ: ਪੀਏਯੂ ਵਿੱਚ ਪੜ੍ਹਾਉਂਦੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਦਿੱਤਾ ਜਾ ਰਿਹਾ ਰੋਸ ਧਰਨਾ ਤਿੱਖਾ ਹੁੰਦਾ ਜਾ ਰਿਹਾ ਹੈ। ਧਰਨੇ ਦੌਰਾਨ ਪੀਏਯੂ ਟੀਚਰਜ਼ ਐਸੋਸੀਏਸ਼ਨ ਨੇ ਫੈ਼ਸਲਾ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 5 ਸਤੰਬਰ ਨੂੰ ਅਧਿਆਪਕ ਦਿਵਸ ‘ਕਾਲੇ ਦਿਵਸ’ ਵਜੋਂ ਮਨਾਉਣਗੇ। ਆਗੂਆਂ ਨੇ ਕਿਹਾ ਕਿ ਉਹ 13 ਦਿਨਾਂ ਤੋਂ ਰੋਸ ਧਰਨਾ ਦੇ ਰਹੇ ਹਨ, ਪਰ ਦੁੱਖ ਦੀ ਗੱਲ ਹੈ ਕਿ ਨਾ ਤਾਂ ’ਵਰਸਿਟੀ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਈ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਐਸੋਸੀਏਸ਼ਨ ਸਮੂਹ ਪੀਏਯੂ ਅਧਿਆਪਕਾਂ ਨਾਲ ਮਿਲ ਕੇ ਅਧਿਆਪਕ ਦਿਵਸ ਨੂੰ ‘ਕਾਲੇ ਦਿਵਸ’ ਵਜੋਂ ਮਨਾਏਗੀ। ਇਸ ਦਿਨ ਸਮੂਹ ਅਧਿਆਪਕਾਂ ਵੱਲੋਂ ਅਚਨਚੇਤੀ ਛੁੱਟੀ ਲੈ ਕੇ ਥਾਪਰ ਹਾਲ ਅੱਗੇ ਵੱਡਾ ਧਰਨਾ ਦਿੱਤਾ ਜਾਵੇਗਾ। ਪੀਏਯੂ ਅਧਿਆਪਕਾਂ ਨੇ ਅੱਜ ਥਾਪਰ ਹਾਲ ਅੱਗੇ ਰੋਸ ਧਰਨੇ ਤੋਂ ਬਾਅਦ ਰੋਸ ਮਾਰਚ ਵੀ ਕੱਢਿਆ।
- ਖੇਤਰੀ ਪ੍ਰਤੀਨਿਧ
Advertisement
Advertisement