ਕੁਲਰੀਆਂ ਦੇ ਕਿਸਾਨਾਂ ਦੇ ਉਜਾੜੇ ਵਿਰੁੱਧ ਸੰਘਰਸ਼ ਦਾ ਫ਼ੈਸਲਾ
ਪੱਤਰ ਪ੍ਰੇਰਕ
ਮਾਨਸਾ, 24 ਜੂਨ
ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ 27 ਜੂਨ ਨੂੰ ਪੰਚਾਇਤੀ ਵਿਭਾਗ ਦੀ ਧੱਕੇਸ਼ਾਹੀ ਵਿਰੁੱਧ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਜ਼ਿਲ੍ਹੇ ਪਿੰਡ ਕੁਲਰੀਆਂ ਵਿਖੇ ਪਿਛਲੇ 65-70 ਸਾਲਾਂ ਤੋਂ ਕਾਬਜ਼ ਕਾਸ਼ਤਕਾਰ ਕਿਸਾਨਾਂ ਨੂੰ ਪੰਚਾਇਤੀ ਵਿਭਾਗ ਵੱਲੋਂ ਜਬਰੀ ਤੌਰ ‘ਤੇ ਜ਼ਮੀਨ ਤੋਂ ਬੇਦਖ਼ਲ ਕੀਤਾ ਜਾ ਰਿਹਾ ਹੈ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਨੇ ਪੀੜਤ ਕਿਸਾਨਾਂ ਦੇ ਹੱਕ ਖੜ੍ਹਨ ਦਾ ਫੈਸਲਾ ਅੱਜ ਇਥੇ ਜ਼ਿਲ੍ਹਾ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੀ ਸਾਂਝੀ ਬੱਚਤ ਜ਼ਮੀਨ ਵਿੱਚ, ਜੋ ਕਿ ਚੱਕਬੰਦੀ ਤੋਂ ਬਾਅਦ ਕਿਸਾਨਾਂ ਵਿੱਚ ਕੀਤੀ ਵੰਡ ਅਨੁਸਾਰ ਪਿਛਲੇ 65-70 ਸਾਲਾਂ ਤੋਂ ਕਿਸਾਨ ਜ਼ਮੀਨ ਨੂੰ ਆਬਾਦ ਕਰਕੇ ਕਾਸ਼ਤ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਵਿੱਚ ਗਿਰਦਾਵਰੀ ਵੀ ਆਬਾਦਕਾਰ ਕਿਸਾਨਾਂ ਦੇ ਨਾਮ ‘ਤੇ ਹੈ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਿਊਬਵੈੱਲ ਅਤੇ ਮਕਾਨ ਵੀ ਬਣਾਏ ਹੋਏ ਹਨ, ਪਰ ਮਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਗਿਰਦਾਵਰੀਆਂ ਤਬਦੀਲ ਕੀਤੀਆਂ ਜਾ ਰਹੀਆਂ ਹਨ।