ਮੁਸਲਮਾਨਾਂ ਤੇ ਸਿੱਖਾਂ ਵੱਲੋਂ ਸਾਂਝਾ ਮੰਚ ਖੜ੍ਹਾ ਕਰਨ ਦਾ ਫ਼ੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਕਤੂਬਰ
ਸੱਭਿਆਚਾਰਕ ਤੇ ਸਮਾਜਿਕ ਖੇਤਰ ਵਿੱਚ ਸਰਗਰਮ ਮੁਸਲਮਾਨ ਕਾਰਕੁਨ ਅਤੇ ਸਿੱਖ ਬੁੱਧੀਜੀਵੀਆਂ ਨੇ ਚੰਡੀਗੜ੍ਹ ਦੇ ਸੈਕਟਰ-28 ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਇਕੱਠੇ ਹੋਏ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸੰਵਿਧਾਨਕ ਅਤੇ ਬਰਾਬਰ ਦੇ ਮੁੱਢਲੇ ਹੱਕਾਂ ਨੂੰ ਲਾਗੂ ਕਰਵਾਉਣ ਲਈ ਇਕ ਸਾਂਝਾ ਮੰਚ ਖੜ੍ਹਾ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਪ੍ਰਧਾਨ ਆਲ ਇੰਡੀਆ ਪੀਸ ਮਿਸ਼ਨ ਦਇਆ ਸਿੰਘ, ਸਿਵਲ ਸੁਸਾਇਟੀ ਚੰਡੀਗੜ੍ਹ ਤੋਂ ਕੈਪਟਨ ਗੁਰਦੀਪ ਸਿੰਘ ਘੁੰਮਣ, ਡੀਜੀਪੀ ਅਨਸਾਰੀ, ਸ਼ਰਫਓਦੀਨ ਦਿੱਲੀ, ਹਬੀਬ ਅਹਿਮਦ ਪੁਣੇ, ਮੀਰਵਾਇਜ਼ ਕਸ਼ਮੀਰ, ਅਨਵਰ ਹੁਸੈਨ ਪਟਨਾ, ਡਾ. ਮੁਹੰਮਦ ਅਸਲਮ ਖਾਨ ਸਹਾਰਨਪੁਰ, ਪੱਤਰਕਾਰ ਜਸਪਾਲ ਸਿੰਘ, ਗਲੋਬਲ ਸਿੱਖ ਕੌਂਸਲ ਤੋਂ ਗੁਰਪ੍ਰੀਤ ਸਿੰਘ, ਡਾ. ਖੁਸ਼ਹਾਲ ਸਿੰਘ, ਰਾਜਵਿੰਦਰ ਸਿੰਘ ਰਾਹੀ ਸਣੇ ਭੁਪਾਲ, ਹੈਦਰਾਬਾਦ, ਪਟਨਾ, ਸਹਾਰਣਪੁਰ, ਕਸ਼ਮੀਰ, ਮਨੀਪੁਰ, ਮਹਾਰਾਸ਼ਟਰ, ਹਰਿਆਣਾ ਅਤੇ ਦਿੱਲੀ ਆਦਿ ਥਾਵਾਂ ਤੋਂ ਮੁਸਲਮਾਨ ਕਾਰਕੁਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਾਰਜ ਪ੍ਰਣਾਲੀ, ਇੰਤਜਾਮੀਆ ਮਸ਼ੀਨਰੀ ਤੇ ਕਾਨੂੰਨੀ ਵਿਵਸਥਾ ਵੱਲੋਂ ਦਲਿਤਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸੇ ਕਰ ਕੇ ਘੱਟਗਿਣਤੀਆਂ ਨੂੰ ‘ਅਤਿਵਾਦੀ’ ਪੇਸ਼ ਕਰ ਕੇ ਹਿੰਸਕ, ਧਾਰਮਿਕ ਤੇ ਸੱਭਿਆਚਾਰ ਧੱਕੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਨੇ 1980ਵੇਂ ਤੋਂ ਜਮਹੂਰੀਅਤ ਨੂੰ ਤਿਲਾਂਜਲੀ ਦੇਣਾ ਸ਼ੁਰੂ ਕੀਤਾ ਅਤੇ ‘ਵੋਟ ਬੈਂਕ’ ਦੀਆਂ ਗਿਣਤੀਆਂ-ਮਿਣਤੀਆਂ ਤੇ ਨਾਅਰਿਆਂ ਰਾਹੀਂ ਹਿੰਦੂਤਵ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਰਾਸ਼ਟਰਵਾਦੀ ਪ੍ਰਕਿਰਿਆ ਨੂੰ ਬਲ ਮਿਲਿਆ ਅਤੇ ਘੱਟ ਗਿਣਤੀਆਂ ਨੂੰ ਦੇਸ਼ ਵਿਰੋਧੀ ਗਰਦਾਨਿਆ ਗਿਆ। ਮੁਸਲਮਾਨ ਤੇ ਸਿੱਖ ਬੁਲਾਰਿਆਂ ਨੇ ਫ਼ੈਸਲਾ ਕੀਤਾ ਕਿ ਹੁਣ ਸਾਨੂੰ ਇੱਕ-ਦੂਜੇ ਦੇ ਦੁੱਖ ਦਾ ਸਾਥੀ ਬਣਨਾ ਚਾਹੀਦਾ ਹੈ।