ਐਕਸਪ੍ਰੈੱਸਵੇਅ ਪ੍ਰਾਜੈਕਟ ਹੇਠ ਆਈਆਂ ਜ਼ਮੀਨਾਂ ਦਾ ਕਬਜ਼ਾ ਨਾ ਦੇਣ ਦਾ ਫ਼ੈਸਲਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਸਤੰਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਨਵੇਂ ਬਣ ਰਹੇ ਸਰਹਿੰਦ-ਸ਼ਹਿਣਾ ਐਕਸਪ੍ਰੈੱਸਵੇਅ ਨਾਲ ਸਬੰਧਤ ਜ਼ਿਲ੍ਹਾ ਮਾਲੇਰਕੋਟਲਾ, ਸੰਗਰੂਰ, ਬਰਨਾਲਾ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਕਿਸਾਨਾਂ ਨੇ ਇੱਥੇ ਹਰਜਸ ਸਿੰਘ ਫਰਵਾਹੀ ਦੀ ਅਗਵਾਈ ਹੇਠ ਬੈਠਕ ਕਰਕੇ ਇਸ ਪ੍ਰਾਜੈਕਟ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਕਰਦਿਆਂ ਸਮੱਸਿਆ ਦੇ ਹੱਲ ਲਈ ਸਾਂਝਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਰੋਡ ਸੰਘਰਸ਼ ਕਮੇਟੀ ਦੇ ਆਗੂ ਪਰਮਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਨਵੇਂ ਬਣ ਰਹੇ ਸਰਹਿੰਦ-ਸ਼ਹਿਣਾ ਐਕਸਪ੍ਰੈੱਸਵੇਅ ਹੇਠ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਜਾਂ ਘਰ ਆ ਗਏ ਹਨ, ਉਹ ਪਿਛਲੇ ਦੋ ਸਾਲਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਹਲਕੇ ਦੇ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਪਰ ਕਿਸੇ ਵੱਲੋਂ ਵੀ ਇਸ ਮਸਲੇ ’ਤੇ ਹਾਲੇ ਤੱਕ ਗੰਭੀਰਤਾ ਨਾਲ ਗੱਲ ਨਹੀਂ ਕੀਤੀ ਗਈ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਧੱਕੇ ਨਾਲ ਜ਼ਮੀਨਾਂ ਖੋਹਣ ’ਤੇ ਲੱਗੀ ਹੋਈ ਹੈ। ਬੈਠਕ ਵਿਚ ਤੈਅ ਕੀਤਾ ਗਿਆ ਕਿ ਜਦ ਤੱਕ ਇਸ ਪ੍ਰਾਜੈਕਟ ਤੋਂ ਪ੍ਰਭਾਵਿਤ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸੇ ਵੀ ਜ਼ਿਲ੍ਹੇ ਵਿੱਚ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਜਾਵੇਗਾ। ਬੈਠਕ ਨੇ ਇਸ ਪ੍ਰਾਜੈਕਟ ਨਾਲ ਸਬੰਧਤ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਲਈ ਸਾਂਝੇ ਤੌਰ ’ਤੇ ਗਤੀਵਿਧੀਆਂ ਵਿੱਢਣ ਦਾ ਫ਼ੈਸਲਾ ਲਿਆ। ਬੈਠਕ ਵਿਚ ਬੂਟਾ ਸਿੰਘ ਮਹਿਲ ਕਲਾਂ, ਜਸਵਿੰਦਰ ਸਿੰਘ ਰਾਮਪੁਰ ਛੰਨਾ, ਕੁਲਦੀਪ ਸਿੰਘ ਬਾਠਾਂ, ਹਰਦੀਪ ਸਿੰਘ ਚੌਂਦਾ, ਗੁਰਪ੍ਰੀਤ ਸਿੰਘ ਸ਼ਹਿਣਾ, ਕੁਲਦੀਪ ਸਿੰਘ ,ਜੁਝਾਰ ਸਿੰਘ ਮਾਜਰੀ ਅਤੇ ਬੇਅੰਤ ਸਿੰਘ ਹਾਜ਼ਰ ਸਨ।