ਮੰਡੀ ਵਿੱਚ ਵੱਧ ਨਮੀ ਵਾਲਾ ਝੋਨਾ ਨਾ ਖ਼ਰੀਦਣ ਦਾ ਫ਼ੈਸਲਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 14 ਸਤੰਬਰ
ਪੰਜਾਬ ਵਿਚ ਪਹਿਲੀ ਅਕਤੂਬਰ ਤੋਂ ਹੋ ਰਹੀ ਝੋਨੇ ਖ਼ਰੀਦ ਸਬੰਧੀ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਇਸੇ ਤਹਿਤ ਅੱਜ ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਖੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਸਬੰਧੀ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਐੱਸਡੀਐੱਮ ਦਾ ਸਵਾਗਤ ਕਰਦਿਆਂ ਮੰਡੀ ਵਿਚ ਆੜ੍ਹਤੀਆਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਹੁਤ ਸਾਰੇ ਕਿਸਾਨ ਗਿੱਲੀ ਫ਼ਸਲ ਮੰਡੀਆਂ ਵਿਚ ਲੈ ਕੇ ਆਏ ਸਨ, ਜਿਸ ਕਾਰਨ ਸ਼ੈੱਲਰਾਂ ਵਿਚ ਇਸ ਨੂੰ ਲਾਉਣ ਨਾਲ ਮਾਲਕਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਅਤੇ ਇਸ ਨਾਲ ਜਗ੍ਹਾ ਦੀ ਕਮੀ ਵੀ ਸਾਹਮਣੇ ਆਈ। ਇਨ੍ਹਾਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਆੜ੍ਹਤੀਆਂ ਨੇ ਫੈਸਲਾ ਕੀਤਾ ਕਿ ਉਹ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਕਿਸੇ ਕੀਮਤ ’ਤੇ ਨਹੀਂ ਖ਼ਰੀਦਣਗੇ। ਉਨ੍ਹਾਂ ਜਗ੍ਹਾ ਦੀ ਘਾਟ ਸਬੰਧੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਹੱਲ ਖ਼ਰੀਦ ਤੋਂ ਪਹਿਲਾਂ ਹੀ ਲੱਭਿਆ ਜਾਵੇ ਅਤੇ ਰਾਤ ਸਮੇਂ ਝੋਨੇ ਦੀ ਕਟਾਈ ਕਰਨ ਵਾਲੇ ਕੰਬਾਈਨ ਮਾਲਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਐੱਸਡੀਐੱਮ ਨੇ ਭਰੋਸਾ ਦਿਵਾਇਆ ਕਿ ਉਹ ਆੜ੍ਹਤੀਆਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਜਲਦ ਤੋਂ ਜਲਦ ਹੱਕ ਕਰਵਾਉਣਗੇ। ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੰਨਾ ਅਨਾਜ ਮੰਡੀ ਤੋਂ ਇਲਾਵਾ ਪੇਂਡੂ ਮੰਡੀਆਂ ਵਿਚ ਸਫ਼ਾਈ ਅਤੇ ਹੋਰ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਝੋਨੇ ਦੀ ਖ਼ਰੀਦ ਪਹਿਲੀ ਅਕਤੂੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਯਾਦਵਿੰਦਰ ਸਿੰਘ ਲਿਬੜਾ, ਭਰਪੂਰ ਚੰਦ ਬੈਕਟਰ, ਦਿਲਬਾਗ ਸਿੰਘ, ਹੁਕਮ ਚੰਦ ਸ਼ਰਮਾ, ਦਿਲਮੇਘ ਸਿੰਘ ਖੱਟੜਾ, ਵੇਦ ਪ੍ਰਕਾਸ਼, ਗੁਲਜ਼ਾਰਿ ਸੰਘ, ਗਿਰਧਾਰੀ ਲਾਲ, ਸੂਰਜ ਪ੍ਰਕਾਸ਼, ਦੀਪਕ ਚਾਂਦਲੇ, ਜਿੰਮੀ ਗੋਇਲ ਆਦਿ ਹਾਜ਼ਰ ਸਨ।