For the best experience, open
https://m.punjabitribuneonline.com
on your mobile browser.
Advertisement

ਕੈਨੇਡਾ ’ਚ ਉਚੇਰੀ ਸਿੱਖਿਆ ਬਾਰੇ ਫ਼ੈਸਲਾ ਕਰਦਿਆਂ

06:20 AM Dec 13, 2023 IST
ਕੈਨੇਡਾ ’ਚ ਉਚੇਰੀ ਸਿੱਖਿਆ ਬਾਰੇ ਫ਼ੈਸਲਾ ਕਰਦਿਆਂ
Advertisement

ਪ੍ਰੋ. ਬੀਐੱਸ ਘੁੰਮਣ

ਕੈਨੇਡਾ ਸਰਕਾਰ ਨੇ 7 ਦਸੰਬਰ ਨੂੰ ਕੌਮਾਂਤਰੀ ਵਿਦਿਆਰਥੀਆਂ ਮੁਤੱਲਕ ਆਪਣੀ ਨੀਤੀ ਵਿਚ ਕੁਝ ਸੋਧਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚੋਂ ਸਭ ਤੋਂ ਅਹਿਮ ਸੋਧ ਜੀਆਈਸੀ (ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ) ਬਾਰੇ ਹੈ। ਉਮੀਦਵਾਰ ਨੂੰ ਜਨਵਰੀ 2024 ਤੋਂ 10 ਹਜ਼ਾਰ ਡਾਲਰ (ਕੈਨੇਡੀਅਨ) ਦੀ ਬਜਾਇ 20635 ਕੈਨੇਡੀਅਨ ਡਾਲਰ ਜੀਆਈਸੀ ਤਹਿਤ ਕੈਨੇਡੀਅਨ ਸਰਕਾਰ ਤੋਂ ਪ੍ਰਵਾਨਤ ਕਿਸੇ ਬੈਂਕ ਵਿਚ ਜਮ੍ਹਾਂ ਕਰਵਾਉਣੇ ਪੈਣਗੇ। ਇਹ ਇਕ ਤਰ੍ਹਾਂ ਦਾ ਵਕਤੀ ਜਮ੍ਹਾਂ ਖਾਤਾ ਹੁੰਦਾ ਹੈ ਅਤੇ ਕੈਨੇਡਾ ਵਿਚ ਨਿਵਾਸ ਦੌਰਾਨ ਵਿੱਤੀ ਇਮਦਾਦ ਦਾ ਪ੍ਰਮਾਣ ਸਮਝਿਆ ਜਾਂਦਾ ਹੈ। ਇਸ ਰਕਮ ਦਾ ਮਾਲਕ ਵਿਦਿਆਰਥੀ ਹੁੰਦਾ ਹੈ। ਬੈਂਕ ਵਿਦਿਆਰਥੀ ਨੂੰ ਵਿਆਜ ਦਿੰਦਾ ਹੈ ਪਰ ਪੈਸੇ ਕਿਸ਼ਤਾਂ ਵਿਚ ਕਢਵਾਏ ਜਾ ਸਕਦੇ ਹਨ। ਕੈਨੇਡਾ ਪਹੁੰਚਣ ’ਤੇ ਵਿਦਿਆਰਥੀ ਨੂੰ 2000 ਡਾਲਰ ਮਿਲ ਜਾਂਦੇ ਹਨ ਅਤੇ ਉਸ ਤੋਂ ਬਾਅਦ ਕਰੀਬ 670 ਡਾਲਰ ਪ੍ਰਤੀ ਮਹੀਨਾ ਆਉਂਦੇ ਰਹਿੰਦੇ ਹਨ। ਇਹ ਰਕਮ ਟਿਊਸ਼ਨ ਫੀਸ ਅਤੇ ਕੌਮਾਂਤਰੀ ਸਫ਼ਰ ਦੇ ਖਰਚ ਤੋਂ ਵੱਖਰੇ ਹੁੰਦੇ ਹਨ।
ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਜੀਆਈਸੀ ਦੀ ਰਕਮ ਦੋ ਦਹਾਕੇ ਪਹਿਲਾਂ ਤੈਅ ਕੀਤੀ ਗਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਗੁਜ਼ਰ ਬਸਰ ਦੀ ਲਾਗਤ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਸਰਕਾਰ ਦਾ ਖਿਆਲ ਹੈ ਕਿ ਜੀਆਈਸੀ ਦੀ ਹੱਦ ਵਿਚ ਵਾਧਾ ਹੋਣ ਨਾਲ ਕੌਮਾਂਤਰੀ ਵਿਦਿਆਰਥੀ ਜੌਬ ਮਾਲਕਾਂ ਅਤੇ ਸਕੂਲ/ਕਾਲਜਾਂ ਦੀਆਂ ਉਲਝਣਾਂ ਦਾ ਸ਼ਿਕਾਰ ਹੋਏ ਬਗ਼ੈਰ ਕੈਨੇਡਾ ਵਿਚ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਦੇ ਰਹਿਣ ਦੇ ਸਮਰੱਥ ਹੋ ਸਕਣਗੇ। ਉਂਝ, ਜੀਆਈਸੀ ਦੀ ਰਕਮ ’ਚ ਤਿੱਖੇ ਵਾਧੇ ਨਾਲ ਬਹੁਤ ਸਾਰੇ ਚਾਹਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਫੌਰੀ ਮੁਸ਼ਕਿਲਾਂ ਪੈਦਾ ਹੋ ਸਕਦੀਆਂ; ਖ਼ਾਸਕਰ ਨਿਮਨ ਮੱਧ ਵਰਗ ਦੇ ਨੌਜਵਾਨਾਂ ਦੇ ਵਿਦੇਸ਼ ਜਾ ਕੇ ਪੜ੍ਹਨ ਦੇ ਸੁਫ਼ਨੇ ਟੁੱਟ ਸਕਦੇ ਹਨ।
ਕੈਨੇਡਾ ਸਰਕਾਰ ਨੇ ਇਹ ਮੰਨਿਆ ਕਿ ਨਵੀਂ ਨੀਤੀ ਕਰ ਕੇ ਨਿਮਨ ਵਰਗਾਂ ਨਾਲ ਸਬੰਧਿਤ ਕੌਮਾਂਤਰੀ ਵਿਦਿਆਰਥੀ ਕੈਨੇਡਾ ਨਹੀਂ ਆ ਸਕਣਗੇ ਜਿਸ ਕਰ ਕੇ ਉਨ੍ਹਾਂ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕਦਾ ਹੈ। ਕੈਨੇਡਾ ਨੂੰ ਭਾਰਤ ਖ਼ਾਸਕਰ ਪੰਜਾਬ ਤੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਵਿਚ ਆਪਣਾ ਭਾਰੂ ਪੱਖ ਬਰਕਰਾਰ ਰੱਖਣ ਅਤੇ ਸਿੱਖਿਆ ਨੂੰ ਹੋਰ ਜਿ਼ਆਦਾ ਸਮਾਵੇਸ਼ੀ ਬਣਾਉਣ ਦੇ ਇਰਾਦੇ ਨਾਲ ਜੀਆਈਸੀ ਵਿਚ ਵਾਧੇ ਦੇ ਉਲਟ ਅਸਰ ਨੂੰ ਘਟਾਉਣ ਬਾਬਤ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਮੁਤੱਲਕ ਦੋ ਸੁਝਾਵਾਂ ਉਪਰ ਗ਼ੌਰ ਕਰਨ ਦੀ ਲੋੜ ਹੈ। ਪਹਿਲਾ, ਸਰਕਾਰ ਨੂੰ ਜੀਆਈਸੀ ਦੀ ਰਕਮ ਸੂਬਾਵਾਰ ਤੈਅ ਕਰਨੀ ਚਾਹੀਦੀ ਹੈ ਕਿਉਂਕਿ ਵੱਖ ਵੱਖ ਸੂਬਿਆਂ ਵਿਚ ਜੀਵਨ ਦੇ ਗੁਜ਼ਰ ਬਸਰ ਦੀਆਂ ਲਾਗਤਾਂ ਵਿਚ ਕਾਫ਼ੀ ਫ਼ਰਕ ਹੁੰਦਾ ਹੈ। ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਨਿਊਫਾਊਂਡਲੈਂਡ ਤੇ ਲੈਬਰਾਡੋਰ, ਪ੍ਰਿੰਸ ਐਡਵਰਡ ਆਇਲੈਂਡ ਜਿਹੇ ਕੁਝ ਕਾਫ਼ੀ ਘੱਟ ਵਸੋਂ ਵਾਲੇ ਸੂਬਿਆਂ ਵਿਚ 10 ਹਜ਼ਾਰ ਡਾਲਰ ਦੀ ਜੀਆਈਸੀ ਕਾਫ਼ੀ ਹੋਵੇਗੀ। ਇਸ ਦੀ ਅਦਾਇਗੀ ਦੋ ਕਿਸ਼ਤਾਂ ਵਿਚ ਦੇਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਸ ਨਾਲ ਨਵੇਂ ਵਿਦਿਆਰਥੀ ਇਨ੍ਹਾਂ ਸੂਬਿਆਂ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਹੋਣਗੇ ਅਤੇ ਬਾਅਦ ਵਿਚ ਸਥਾਈ ਨਿਵਾਸ ਲਈ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਤੇ ਅਟਲਾਂਟਿਕ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਤਹਿਤ ਲਾਭ ਵੀ ਹਾਸਲ ਕਰ ਸਕਣਗੇ। ਮੈਨੀਟੋਬਾ ਅਤੇ ਸਸਕੈਚਵਨ ਜਿਹੇ ਦਰਮਿਆਨੀ ਵਸੋਂ ਵਾਲੇ ਸੂਬਿਆਂ ਵਿਚ 15 ਹਜ਼ਾਰ ਡਾਲਰ ਜੀਆਈਸੀ ਨਿਸ਼ਚਤ ਕੀਤੀ ਜਾ ਸਕਦੀ ਹੈ ਜਿਸ ਦੀ ਅਦਾਇਗੀ ਵੀ ਦੋ ਕਿਸ਼ਤਾਂ ਵਿਚ ਕੀਤੀ ਜਾ ਸਕਦੀ ਹੈ। ਓਂਟਾਰੀਓ, ਕਿਊਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਜਿਹੇ ਸੰਘਣੀ ਆਬਾਦੀ ਵਾਲੇ ਸੂਬਿਆਂ ਵਿਚ ਵਧਾਈ ਹੋਈ ਜੀਆਈਸੀ ਦੀ ਰਕਮ ਜਮ੍ਹਾਂ ਕਰਾਉਣ ਲਈ ਤਿੰਨ ਕਿਸ਼ਤਾਂ ਕੀਤੀਆਂ ਜਾ ਸਕਦੀਆਂ ਹਨ। ਵੀਜ਼ੇ ਦੀ ਪ੍ਰਵਾਨਗੀ ਕਿਸ਼ਤਾਂ ਸਮੇਂ ਸਿਰ ਜਮ੍ਹਾਂ ਕਰਾਉਣ ਅਧੀਨ ਦਿੱਤੀ ਜਾ ਸਕਦੀ ਹੈ। ਦੂਜਾ ਸੁਝਾਅ ਇਹ ਹੈ ਕਿ ਸਰਕਾਰ ਵਿਦਿਆਰਥੀਆਂ ਲਈ ਕੈਂਪਸ ਤੋਂ ਬਾਹਰ ਹਫ਼ਤੇ ਦੇ 20 ਘੰਟੇ ਤੋਂ ਵੱਧ ਸਮਾਂ ਕੰਮ ਕਰਨ ਦੀ ਛੋਟ 30 ਅਪਰੈਲ 2024 ਤੋਂ ਅਗਾਂਹ ਤੱਕ ਵਧਾ ਕੇ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਇਸ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀ ਫੀਸ ਅਤੇ ਰਹਿਣ ਸਹਿਣ ਦੇ ਖਰਚਿਆਂ ਲਈ ਲੋੜੀਂਦੀ ਕਮਾਈ ਕਰਨ ਦੇ ਮੌਕੇ ਮਿਲ ਸਕਣਗੇ।
ਇਕ ਹੋਰ ਚੁਣੌਤੀ ਇਹ ਹੈ ਕਿ ਭਾਰਤ ਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿਚ ਬਹੁਤ ਨਿਘਾਰ ਆ ਚੁੱਕਿਆ ਹੈ ਜਿਸ ਕਰ ਕੇ ਕੈਨੇਡਾ ਵਿਚ ਉਚੇਰੀ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀ ਚਿੰਤਾ ਵਿਚ ਹਨ। ਬਹਰਹਾਲ, ਉਨ੍ਹਾਂ ਨੂੰ ਚੁਣੌਤੀ ਵਾਲਾ ਇਹ ਪੜਾਅ ਪਾਰ ਕਰਦਿਆਂ ਕੈਨੇਡਾ ਵਿਚ ਆਪਣੇ ਵਿਦਿਅਕ ਸਫ਼ਰ, ਵੱਖ ਵੱਖ ਕੋਰਸਾਂ ਵਿਚ ਰੁਜ਼ਗਾਰ ਦੀ ਯੋਗਤਾ, ਸੰਸਥਾ ਦੇ ਵਕਾਰ, ਵਿੱਤੀ ਯੋਜਨਾ, ਰਿਹਾਇਸ਼, ਵਰਕ ਪਰਮਿਟ, ਕਿਰਤ ਮੰਡੀ, ਆਵਾਸ ਅਤੇ ਸਥਾਈ ਨਿਵਾਸ ਦੇ ਢੰਗਾਂ ਦੇ ਅਹਿਮ ਪੱਖਾਂ ’ਤੇ ਤਿਆਰੀ ਕਰਨ ਦੇ ਮੌਕੇ ਵਜੋਂ ਲੈਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਕੈਨੇਡਿਆਈ ਸਮਾਜ, ਸਭਿਆਚਾਰ ਅਤੇ ਕਦਰਾਂ ਕੀਮਤਾਂ ਪ੍ਰਤੀ ਗਹਿਰੀ ਸਮਝ ਵਿਕਸਤ ਕਰਨੀ ਚਾਹੀਦੀ ਹੈ ਜਿਸ ਵੱਲ ਉਹ ਬਹੁਤੀ ਤਵੱਜੋ ਨਹੀਂ ਦਿੰਦੇ ਪਰ ਨਿਰੰਤਰ ਤਬਦੀਲੀ ਲਈ ਇਹ ਜ਼ਰੂਰੀ ਹੈ।
ਕੈਨੇਡੀਅਨ ਬਿਊਰੋ ਆਫ ਐਜੂਕੇਸ਼ਨ ਅਨੁਸਾਰ 2022 ਦੇ ਅੰਤ ਤੱਕ ਕੈਨੇਡਾ ਵਿਚ ਕੁੱਲ 8,07,750 ਕੌਮਾਂਤਰੀ ਵਿਦਿਆਰਥੀ ਸਨ ਜਿਨ੍ਹਾਂ ਵਿਚੋਂ ਬਹੁਗਿਣਤੀ (40%) ਭਾਰਤ ਤੋਂ ਆਏ ਸਨ। ਭਾਰਤੀ ਵਿਦਿਆਰਥੀਆਂ ਵਿਚੋਂ ਵੀ 60% ਪੰਜਾਬੀ ਵਿਦਿਆਰਥੀ ਹਨ। ਬਹੁਗਿਣਤੀ ਕੌਮਾਂਤਰੀ ਵਿਦਿਆਰਥੀ (51%) ਓਂਟਾਰੀਓ ਪ੍ਰਾਂਤ ਵਿਚ ਦਾਖ਼ਲਾ ਲੈਣਾ ਚਾਹੁੰਦੇ ਹਨ ਜਿੱਥੇ ਸਭ ਤੋਂ ਵੱਧ ਤਾਦਾਦ ਟੋਰਾਂਟੋ ਮੈਟਰੋਪੋਲੀਟਨ ਏਰੀਆ ’ਚ ਕੇਂਦਰਤ ਹੈ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ (20%) ਆਉਂਦਾ ਹੈ ਜਿਸ ਵਿਚ ਵੈਨਕੂਵਰ ਮੈਟਰੋਪੋਲੀਟਨ ਏਰੀਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਕਿਊਬੈਕ (12%) ਤੀਜਾ ਸਭ ਤੋਂ ਵੱਧ ਪਸੰਦ ਕੀਤਾ ਜਾਣਾ ਵਾਲਾ ਖੇਤਰ ਹੈ ਜਿੱਥੇ ਮੌਂਟਰੀਆਲ ਸਭ ਤੋਂ ਪਸੰਦੀਦਾ ਸ਼ਹਿਰ ਹੈ।
ਵਿਦਿਆਰਥੀ ਮਿਆਰੀ ਸਿੱਖਿਆ, ਨੌਕਰੀ ਦੇ ਬਿਹਤਰ ਅਵਸਰਾਂ ਅਤੇ ਕੈਨੇਡਾ ਤੇ ਭਾਰਤ, ਦੋਵੇਂ ਥਾਈਂ ਉੱਜਲੇ ਭਵਿੱਖ ਕਰ ਕੇ ਕੈਨੇਡਾ ਜਾਂਦੇ ਹਨ। ਜੇ ਉਹ ਨਿੱਠ ਕੇ ਖੋਜ-ਬੀਨ ਦੇ ਆਧਾਰ ’ਤੇ ਸਚੇਤ ਹੋ ਕੇ ਫ਼ੈਸਲੇ ਕਰਦੇ ਹਨ ਤਾਂ ਉਨ੍ਹਾਂ ਦੇ ਆਪਣੇ ਮੰਤਵ ਵਿਚ ਸਫ਼ਲ ਹੋਣ ਦੇ ਮੌਕੇ ਵਧ ਸਕਦੇ ਹਨ।
ਇਸ ਸਮੇਂ ਭਾਰਤੀ ਖ਼ਾਸਕਰ ਪੰਜਾਬੀ ਵਿਦਿਆਰਥੀ ਆਈਈਐੱਲਟੀਐੱਸ (ਆਇਲਸ) ਵਿਚ ਚੰਗੇ ਅੰਕ ਹਾਸਲ ਕਰਨ ਲਈ ਚੋਖੇ ਸਾਧਨ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਇਸ ਨਾਲ ਉਹ ਕੈਨੇਡਾ ਵਿਚ ਵੱਸ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਇਲਸ ਦੇ ਅੰਕ ਕਾਲਜ ਵਿਚ ਦਾਖ਼ਲੇ ਦੀ ਮਹਿਜ਼ ਸ਼ਰਤ ਹੈ। ਆਇਲਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਚੁਣੇ ਹੋਏ ਕੋਰਸ ਦੀ ਪ੍ਰਸੰਗਿਕਤਾ ਅਤੇ ਕੰਮ ਹਾਸਲ ਕਰਨ ਦੀ ਯੋਗਤਾ ਬਾਰੇ ਖੋਜ ਕਰਨੀ ਚਾਹੀਦੀ ਹੈ। ਸਾਰੇ ਵਿਦਿਅਕ ਕੇਂਦਰ ਪ੍ਰਬੀਨਤਾ ਕੇਂਦਰ ਨਹੀਂ ਹੁੰਦੇ, ਇਸ ਲਈ ਵਿਦਿਆਰਥੀਆਂ ਨੂੰ ਸਬੰਧਿਤ ਵੈੱਬਸਾਈਟਾਂ ’ਤੇ ਜਾ ਕੇ ਉਨ੍ਹਾਂ ਦੀ ਦਰਜਾਬੰਦੀ, ਮਾਨਤਾ, ਫੈਕਲਟੀ ਦੇ ਮਿਆਰਾਂ, ਪਲੇਸਮੈਂਟ ਰਿਕਾਰਡ ਅਤੇ ਨਾਮਜ਼ਦ ਸਿੱਖਿਆ ਸੰਸਥਾ (ਡੀਐੱਲਆਈ) ਦੀ ਮਾਲਕੀ ਦੀ ਪੁਣਛਾਣ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਉਚ ਮਿਆਰੀ ਮੰਤਵ ਪੱਤਰ (ਐੱਸਓਪੀ) ਲਿਖਣਾ ਚਾਹੀਦਾ ਹੈ ਜਿਸ ਵਿਚ ਉਨ੍ਹਾਂ ਦੀ ਦਿਲਚਸਪੀ, ਟੀਚੇ ਅਤੇ ਕਿਸੇ ਖਾਸ ਕੋਰਸ ਵਿਚ ਦਾਖ਼ਲਾ ਲੈਣ ਦੇ ਤਰਕ ਦਾ ਖੁਲਾਸਾ ਕੀਤਾ ਗਿਆ ਹੋਵੇ। ਦਾਖ਼ਲਾ ਮੈਰਿਟ ’ਤੇ ਹੋਣ ਕਰ ਕੇ ਵਿਦਿਆਰਥੀਆਂ ਨੂੰ ਆਪਣੀ ਪਸੰਦ ਮੁਤਾਬਕ ਚਾਰ-ਪੰਜ ਸੰਸਥਾਵਾਂ ਨੂੰ ਸੂਚੀਬੱਧ ਕਰਨਾ ਚਾਹੀਦਾ ਹੈ। ਦਾਖ਼ਲਾ ਪ੍ਰਕਿਰਿਆ ਬਹੁਤ ਸਰਲ ਹੈ ਜਿਸ ਕਰ ਕੇ ਵਿਦਿਆਰਥੀਆਂ ਨੂੰ ਸਿੱਧੇ ਤੌਰ ’ਤੇ ਦਾਖ਼ਲੇ ਲਈ ਅਰਜ਼ੀ ਦੇਣੀ ਹੁੰਦੀ ਹੈ। ਜਿਹੜੇ ਵਿਦਿਆਰਥੀ ਏਜੰਟ ਰਾਹੀਂ ਦਾਖ਼ਲੇ ਲਈ ਬਿਨੈ ਕਰਦੇ ਹਨ, ਉਨ੍ਹਾਂ ਨੂੰ ਉਸ ਦੇ ਵੱਕਾਰ, ਤਜਰਬੇ, ਦਿਆਨਤਦਾਰੀ ਅਤੇ ਦਾਖਲਿਆਂ ਲਈ ਡੀਐੱਲਆਈਜ਼ ਦੇ ਅਖ਼ਤਿਆਰ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ। ਦਾਖ਼ਲੇ ਦੇ ਅਧਿਕਾਰ ਦੀ ਪੁਸ਼ਟੀ ਸਿੱਧੇ ਡੀਐੱਲਆਈ ਤੋਂ ਕੀਤੀ ਜਾਵੇ।
ਕੈਨੇਡਾ ’ਚ ਆਵਾਸੀਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਤਾਦਾਦ ਵਧ ਰਹੀ ਹੈ ਜਿਸ ਦੇ ਮੱਦੇਨਜ਼ਰ ਘਰਾਂ ਦੀ ਵਧਦੀ ਮੰਗ ਦੀ ਪੂਰਤੀ ਨਹੀਂ ਹੋ ਰਹੀ; ਸਿੱਟੇ ਵਜੋਂ ਕਿਰਾਏ ਬਹੁਤ ਵਧ ਗਏ ਹਨ। ਇਸ ਮਸਲੇ ਕਾਰਨ ਨੌਰਥ ਬੇਅ ਸਿਟੀ ਦੇ ਇਕ ਕਾਲਜ ਦੇ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਵੀ ਕੀਤਾ ਸੀ। ਪੁਲ ਹੇਠ ਸੌਣ ਵਾਲੇ ਵਿਦਿਆਰਥੀ ਖਿਲਾਫ਼ ਕੇਸ ਦਰਜ ਕਰਨ ਦੀ ਰਿਪੋਰਟ ਵੀ ਆਈ ਸੀ। ਇਸ ਲਈ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਆਮ ਤੌਰ ’ਤੇ ਵਿਦਿਆਰਥੀ ਆਪਣੇ ਪਹਿਲੇ ਸਾਲ ਦੀ ਪੜ੍ਹਾਈ ਲਈ ਵਿੱਤੀ ਪ੍ਰਬੰਧ ਕਰ ਲੈਂਦੇ ਹਨ ਅਤੇ ਮੰਨ ਕੇ ਚੱਲਦੇ ਹਨ ਕਿ ਬਾਕੀ ਦੇ ਸਮੈਸਟਰਾਂ ਦਾ ਖਰਚਾ ਪੜ੍ਹਾਈ ਦੇ ਨਾਲੋ-ਨਾਲ ਕੰਮ ਕ ਕੇ ਪੂਰਾ ਕਰ ਲੈਣਗੇ। ਉਂਝ, ਵਿਦਿਆਰਥੀਆਂ ਦੀ ਤਾਦਾਦ ਵਧ ਜਾਣ ਕਰ ਕੇ ਛੋਟੇ ਸ਼ਹਿਰ ਤਾਂ ਛੱਡੋ, ਕਈ ਵੱਡੇ ਸ਼ਹਿਰਾਂ ਵਿਚ ਵੀ ਪਾਰਟ ਟਾਈਮ ਨੌਕਰੀਆਂ ਮਿਲਣ ਦੀ ਗਾਰੰਟੀ ਨਹੀਂ ਹੁੰਦੀ। ਮੌਜੂਦਾ ਹਾਲਾਤ ਨੂੰ ਦੇਖਦਿਆਂ ਵਿਦਿਆਰਥੀਆਂ ਨੂੰ ਹਵਾਈ ਸਫ਼ਰ, ਟਿਊਸ਼ਨ ਫੀਸ, ਰਿਹਾਇਸ਼, ਜੀਆਈਸੀ, ਘਰ ਦੇ ਖਰਚਿਆਂ, ਮੁਕਾਮੀ ਸਫ਼ਰ ਦੇ ਖਰਚੇ ਅਤੇ ਅਣਕਿਆਸੇ ਖਰਚਿਆਂ ਲਈ ਆਪਣੀ ਪੁਖ਼ਤਾ ਵਿੱਤੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ।
ਜਿ਼ਆਦਾਤਰ ਵਿਦਿਆਰਥੀ ਪੜ੍ਹਾਈ ਪੂਰੀ ਹੋਣ ਮਗਰੋਂ ਕੈਨੇਡਾ ਵਿਚ ਵਸਣ ਦਾ ਇਰਾਦਾ ਰੱਖਦੇ ਹਨ ਪਰ ਆਰਥਿਕ ਹਾਲਾਤ ਦੇ ਮੱਦੇਨਜ਼ਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਰੁਜ਼ਗਾਰ ਲੱਭਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰ ਕੇ ਉਨ੍ਹਾਂ ਨੂੰ ਭਵਿੱਖ ਦੇ ਰੁਜ਼ਗਾਰ ਲਈ ਦਰਕਾਰ ਕੋਰਸਾਂ ਦੀ ਚੋਣ ਕਰਨੀ ਚਾਹੀਦੀ ਹੈ। ਕੈਨੇਡਾ ਦੇ ਭਵਿੱਖੀ ਰੁਜ਼ਗਾਰ ਮੰਜ਼ਰ ਦੀ ਸਮਝ ਵਿਕਸਤ ਕਰਨ ਲਈ ਉਨ੍ਹਾਂ ਨੂੰ ਸਟੈਟਿਸਟਿਕ ਕੈਨੇਡਾ ਜਿਹੇ ਸਰੋਤਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ; ਕਾਨਫਰੰਸ ਬੋਰਡ ਆਫ ਕੈਨੇਡਾ ਦੀਆਂ ਰਿਪੋਰਟਾਂ ਅਤੇ ਫਿਊਚਰ ਸਕਿਲਜ਼ ਸੈਂਟਰ ਖਾਸਕਰ ਦਿ ਲੇਬਰ ਮਾਰਕਿਟ ਆਫ ਟੁਮੌਰੋ ਅਤੇ 15 ਟ੍ਰੈਂਡਿੰਗ ਨੌਕਰੀਆਂ ਦਾ ਸੁਝਾਅ ਦਿੰਦੇ ਰੈਂਡਸਟੈਂਡ ਕੈਨੇਡਾ ਦੀ ਰਿਪੋਰਟ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਨ੍ਹਾਂ ਤੋਂ ਇਲਾਵਾ ‘ਅਹੈੱਡ ਬਾਇ ਏ ਡੀਕੇਡ: ਕੈਨੇਡੀਅਨ ਐਂਪਲਾਇਮੈਂਟ ਇਨ 2030’ ਅਤੇ ‘ਐਕਸਪਲੋਰ ਜੌਬ ਆਊਟਲੁੱਕ’ ਜਿਹੀਆਂ ਰਿਪੋਰਟਾਂ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦੀਆਂ ਹਨ। ਵਿਦਿਆਰਥੀਆਂ ਨੂੰ ਆਵਾਸ ਮਾਰਗਾਂ ਅਤੇ ਸੇਧਾਂ ਦਾ ਵੀ ਧਿਆਨਪੂਰਬਕ ਲੇਖਾ ਜੋਖਾ ਕਰਨਾ ਚਾਹੀਦਾ ਹੈ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਕੈਨੈਡਾ ਵਿਚ ਕਿਵੇਂ ਨਿਵਾਸ ਰੱਖ ਸਕਦੇ ਹਨ, ਵਰਕ ਪਰਮਿਟ ਅਤੇ ਸਥਾਈ ਨਿਵਾਸ ਹਾਸਲ ਕਰ ਸਕਦੇ ਹਨ।
ਵਿਦਿਆਰਥੀਆਂ ਨੂੰ ਕੈਨੇਡਾ ਵਿਚ ਉਚੇਰੀ ਸਿੱਖਿਆ ਦੇ ਸੁਰੱਖਿਅਤ ਤੇ ਕਿਫ਼ਾਇਤੀ ਰਾਹ ਵੀ ਤਲਾਸ਼ ਕਰਨ ਦੀ ਲੋੜ ਹੈ। ਕਈ ਭਾਰਤੀ ਸਿੱਖਿਆ ਸੰਸਥਾਵਾਂ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕੈਨੇਡੀਅਨ ਸੰਸਥਾਵਾਂ ਨਾਲ ਕਰਾਰ (ਐੱਮਓਯੂ) ਸਹੀਬੰਦ ਕੀਤੇ ਹਨ। ਮਿਸਾਲ ਦੇ ਤੌਰ ’ਤੇ ਇਸ ਲੇਖਕ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਹੁੰਦਿਆਂ ਯੂਨੀਵਰਸਿਟੀ ਆਫ ਨੌਰਥ ਬ੍ਰਿਟਿਸ਼ ਕੋਲੰਬੀਆ (ਯੂਐੱਨਬੀਸੀ), ਪ੍ਰਿੰਸ ਜੌਰਜ ਨਾਲ ਕਰਾਰ ਸਹੀਬੰਦ ਹੋਇਆ ਸੀ। ਯੂਐੱਨਬੀਸੀ ਵਿਚ ਮਾਸਟਰਜ਼ ਕੋਰਸ ਵਿਚ ਦਾਖ਼ਲੇ ਲਈ ਚਾਰ ਸਾਲ ਦੀ ਬੈਚਲਰ ਡਿਗਰੀ ਜ਼ਰੂਰੀ ਹੈ। ਉਂਝ, ਪੰਜਾਬੀ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੀ ਬੀਏ ਆਨਰਜ਼ ਡਿਗਰੀ ਦੇ ਸਿਲੇਬਸ ਦਾ ਮੁਲਾਂਕਣ ਕਰ ਕੇ ਅਰਥ ਸ਼ਾਸਤਰ ਵਿਚ ਮਾਸਟਰਜ਼ ਕੋਰਸ ਵਿਚ ਦਾਖ਼ਲਾ ਪ੍ਰਵਾਨ ਕਰਦੀ ਹੈ। ਯੂਐੱਨਬੀਸੀ ਕੌਮਾਂਤਰੀ ਵਿਦਿਆਰਥੀਆਂ ਤੋਂ ਘਰੋਗੀ ਫੀਸ ਵਸੂਲਦੀ ਹੈ। ਇਸ ਤਰ੍ਹਾਂ ਆਮ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਲਾਭ ਮਿਲਦਾ ਹੈ। ਕੈਨੇਡੀਅਨ ਸਿੱਖਿਆ ਸੰਸਥਾਵਾਂ ਵਿਦਿਆਰਥੀਆਂ ਨੂੰ ਆਪਣੀ ਪੂਰੀ ਪੜ੍ਹਾਈ ਭਾਰਤ ਵਿਚਲੇ ਕੈਂਪਸ ਵਿਚ ਕਰਨ ਜਾਂ ਅੰਸ਼ਕ ਤੌਰ ’ਤੇ ਕੈਨੇਡਾ ਵਿਚ ਕਰਨ ਦੀ ਖੁੱਲ੍ਹ ਦਿੰਦੀਆਂ ਹਨ। ਕੁਝ ਸਮੇਂ ਲਈ ਭਾਰਤ ਵਿਚ ਪੜ੍ਹਾਈ ਕਿਫ਼ਾਇਤੀ ਹੁੰਦੀ ਹੈ ਅਤੇ ਇੰਝ ਵਿਦਿਆਰਥੀ ਕੈਨੇਡੀਅਨ ਫੈਕਲਟੀ ਦੇ ਮਾਰਗ ਦਰਸ਼ਨ ਅਤੇ ਪੜ੍ਹਾਈ ਰਾਹੀਂ ਕੈਨੇਡਾ ਜਾਣ ਦੇ ਕਾਬਿਲ ਹੋ ਜਾਂਦੇ ਹਨ ਅਤੇ ਵਿਦਿਆਰਥੀ ਠੱਗ ਕਿਸਮ ਦੇ ਏਜੰਟਾਂ ਤੋਂ ਵੀ ਬਚ ਜਾਂਦੇ ਹਨ।
ਵਿਦੇਸ਼ ‘ਚ ਮਾਸਟਰਜ਼ ਕੋਰਸਾਂ ’ਚ ਦਾਖ਼ਲੇ ਦਾ ਫ਼ੈਸਲਾ ਅਕਸਰ ਬਿਹਤਰ ਹੁੰਦਾ ਹੈ, ਬੈਚਲਰ ਕੋਰਸ ਤੋਂ ਬਾਅਦ ਵਿਦਿਆਰਥੀ ਹਰ ਕਿਸਮ ਦੇ ਹਾਲਾਤ ਨਾਲ ਸਿੱਝਣ ਲਈ ਤਿਆਰ ਹੋ ਜਾਂਦਾ ਹੈ। ਗਰੈਜੂਏਟ ਕੋਰਸਾਂ ਨਾਲ ਜਿ਼ਆਦਾ ਸਕਾਲਰਸ਼ਿਪਾਂ ਅਤੇ ਬਿਹਤਰ ਪਾਰਟ-ਟਾਈਮ ਨੌਕਰੀਆਂ ਮਿਲ ਜਾਂਦੀਆਂ ਹਨ। ਮਾਸਟਰਜ਼ ਕੋਰਸ ਪਿੱਛੋਂ ਵਿਦਿਆਰਥੀ ਵੈਧ ਵਰਕ ਪਰਮਿਟ ਹਾਸਲ ਕਰ ਕੇ ਪੋਸਟ ਗਰੈਜੂਏਟ ਵਰਕ ਪਰਮਿਟ ਪ੍ਰੋਗਰਾਮ (ਪੀਜੀਡਬਲਿਊਪੀ) ਦਾ ਲਾਭ ਲੈ ਸਕਦੇ ਹਨ। ਇੱਦਾਂ ਦੇ ਕੰਮ ਦੇ ਤਜਰਬੇ ਨਾਲ ਵਿਦਿਆਰਥੀਆਂ ਨੂੰ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਹਾਸਲ ਕਰਨ ਦੇ ਯੋਗ ਹੋਣ ’ਚ ਮਦਦ ਮਿਲਦੀ ਹੈ।
*ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਹਨ।
ਸੰਪਰਕ: 98159-42534

Advertisement

Advertisement
Author Image

joginder kumar

View all posts

Advertisement
Advertisement
×