ਝਾਰਖੰਡ ਦੇ ਹਿੱਤਾਂ ਲਈ ਭਾਜਪਾ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ: ਚੰਪਈ ਸੋਰੇਨ
* ਸਾਬਕਾ ਮੁੱਖ ਮੰਤਰੀ ਨੇ ਝਾਰਖੰਡ ਮੁਕਤੀ ਮੋਰਚਾ ਤੇ ਕੈਬਨਿਟ ਤੋਂ ਦਿੱਤਾ ਅਸਤੀਫਾ
* ਭਾਜਪਾ ਨੇ ਸੋਰੇਨ ਦੀ ਜਾਸੂਸੀ ਦੇ ਮਾਮਲੇ ਦੀ ਜਾਂਚ ਮੰਗੀ
ਰਾਂਚੀ, 28 ਅਗਸਤ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਅੱਜ ਆਖਿਆ ਕਿ ਭਾਜਪਾ ’ਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਫ਼ੈਸਲਾ ਝਾਰਖੰਡ ਦੇ ਹਿੱਤ ’ਚ ਲਿਆ ਗਿਆ ਹੈ। ਇਸੇ ਦੌਰਾਨ ਚੰਪਈ ਸੋਰੇਨ ਨੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਤੋਂ ਇਹ ਕਹਿੰਦਿਆਂ ਅਸਤੀਫ਼ਾ ਦੇ ਦਿੱਤਾ ਕਿ ਪਾਰਟੀ ਦੀ ਮੌਜੂਦਾ ਕਾਰਜਸ਼ੈਲੀ ਅਤੇ ਨੀਤੀਆਂ ਕਾਰਨ ਉਹ ਇਹ ਕਦਮ ਚੁੱਕਣ ਲਈ ਮਜਬੂਰ ਸਨ। ਸੋਰੇਨ ਜਿਨ੍ਹਾਂ ਦੇ 30 ਅਗਸਤ ਨੂੰ ਭਾਜਪਾ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ, ਨੇ ਵਿਧਾਨ ਸਭਾ ਤੋਂ ਵਿਧਾਇਕ ਅਤੇ ਝਾਰਖੰਡ ਕੈਬਨਿਟ ਤੋਂ ਮੰਤਰੀ ਵਜੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਸੂੁਤਰਾਂ ਮੁਤਾਬਕ ਉਨ੍ਹਾਂ ਨੇ ਜੇਐੱਮਐੱਮ ਮੁਖੀ ਸ਼ਿਬੂ ਸੋਰੇਨ ਅਤੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ ਹੈ। ਚੰਪਈ ਸੋਰੇਨ ਨੇ ਕਿਹਾ, ‘‘ਅੱਜ ਮੈਂ ਝਾਰਖੰਡ ਮੁਕਤੀ ਮੋਰਚਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਝਾਰਖੰਡ ਦੇ ਕਬਾਇਲੀ, ਦਲਿਤਾਂ, ਪੱਛੜਿਆਂ ਤੇ ਆਮ ਲੋਕਾਂ ਦੇ ਮੁੱਦਿਆਂ ਲਈ ਲੜਦਾ ਰਹਾਂਗਾ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਹੇਮੰਤ ਸੋਰੇਨ ’ਤੇ ਉਨ੍ਹਾਂ ਦੀ ਕਥਿਤ ਜਾਸੂਸੀ ਕਰਵਾਉਣ ਦਾ ਦੋਸ਼ ਵੀ ਲਾਇਆ ਹੈ। ਇਸ ਤੋਂ ਪਹਿਲਾਂ ਸੀਨੀਅਰ ਕਬਾਇਲੀ ਆਗੂ ਚੰਪਈ ਸੋਰੇਨ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਸਥਿਤੀ ਦਾ ਕੋਈ ਡਰ ਨਹੀਂ ਹੈ। ਸੋਰੇਨ, ਜਿਨ੍ਹਾਂ ਨੇ ਇਸ ਹਫ਼ਤੇ ਨਵੀਂ ਦਿੱਲੀ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਦਾ ਅੱਜ ਆਪਣੇ ਬੇਟੇ ਬਾਬੂਲਾਲ ਸੋਰੇਨ ਸਣੇ ਰਾਂਚੀ ਪੁੱਜਣ ’ਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਸੋਰੇਨ ਨੇ ਆਖਿਆ, ‘‘ਮੇਰਾ (ਭਾਜਪਾ ’ਚ ਸ਼ਾਮਲ ਹੋਣ ਦਾ) ਫ਼ੈਸਲਾ ਝਾਰਖੰਡ ਦੇ ਹਿੱਤ ਵਿੱਚ ਹੈ। ਮੈਨੂੰ ਸੰਘਰਸ਼ ਕਰਨ ਦੀ ਆਦਤ ਹੈ।’’ ਇਸ ਦੋਸ਼ ਬਾਰੇ ਪੁੱਛੇ ਜਾਣ ਕਿ ਉਹ ‘ਨਿਗਰਾਨੀ’ ਹੇਠ ਹਨ, ਦੇ ਜਵਾਬ ’ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਸਥਿਤੀ ਦਾ ਡਰ ਨਹੀਂ ਹੈ। ਦੱਸਣਯੋਗ ਹੈ ਕਿ ਅੱਜ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਸਰਮਾ ਬਿਸਵਾ ਨੇ ਦੋਸ਼ ਲਾਇਆ ਹੈ ਕਿ ਚੰਪਈ ਸੋਰੇਨ ਦੀ ਆਪਣੀ ਸਰਕਾਰ ਦੀ ਪੁਲੀਸ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਚੰਪਈ ਸੋਰੇਨ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਖ਼ਿਲਾਫ਼ ਕਿਸੇ ਸਾਜਿਸ਼ ਦਾ ਡਰ ਨਹੀਂ ਹੈ ਅਤੇ ਇਸ ਦੋਸ਼ ਦਾ ਜਵਾਬ ਦੇਣਾ ਢੁੱਕਵਾਂ ਨਹੀਂ ਸਮਝਦੇ ਕਿ ਉਹ ‘ਅਪਰੇਸ਼ਨ ਲੋਟਸ’ ਵਿੱਚ ਫਸ ਗਏ ਹਨ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਮੰਗ ਕੀਤੀ ਕਿ ਚੰਪਈ ਸੋਰੇਨ ਦੀ ‘ਨਿਗਰਾਨੀ’ ਦੇ ਮਾਮਲੇ ਦੀ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਜਾਂਚ ਕਰਵਾਈ ਜਾਵੇ। -ਪੀਟੀਆਈ
ਸੋਰੇਨ ਦੀ ਜਾਸੂਸੀ ਦੇ ਸ਼ੱਕ ਹੇਠ ਝਾਰਖੰਡ ਪੁਲੀਸ ਦੇ ਦੋ ਮੁਲਾਜ਼ਮਾਂ ਤੋਂ ਪੁੱਛ ਪੜਤਾਲ
ਨਵੀਂ ਦਿੱਲੀ:
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਦੀ ਜਾਸੂਸੀ ਦੇ ਸ਼ੱਕ ਹੇਠ ਇੱਥੇ ਚਾਣਕਿਆਪੁਰੀ ਥਾਣੇ ’ਚ ਕੇਸ ਦਰਜ ਕੀਤਾ ਹੈ ਅਤੇ ਦਿੱਲੀ ਪੁਲੀਸ ਨੇ ਇਥੇ ਇੱਕ ਹੋਟਲ ’ਚ ਠਹਿਰੇ ਝਾਰਖੰਡ ਪੁਲੀਸ ਦੇ ਦੋ ਸਬ ਇੰਸਪੈਕਟਰਾਂ ਤੋਂ ਪੁੱਛ-ਪੜਤਾਲ ਕੀਤੀ ਹੈ। ਦਿੱਲੀ ਪੁਲੀਸ ਦੇ ਸੂਤਰਾਂ ਮੁਤਾਬਕ ਦੋਵੇਂ ਅਧਿਕਾਰੀ ਝਾਰਖੰਡ ਪੁਲੀਸ ਦੀ ਸਪੈਸ਼ਲ ਬਰਾਂਚ ’ਚ ਤਾਇਨਾਤ ਹਨ। ਸੂਤਰਾਂ ਨੇ ਦੱਸਿਆ ਕਿ ਦੋਵਾਂ ਨੂੰ ਮੰਗਲਵਾਰ ਰਾਤ ਨੂੰ ਸਥਾਨਕ ਪੰਚਾਰੀਪੁਰੀ ਥਾਣੇ ਦੀ ਪੁਲੀਸ ਨੇ ਇੱਕ ਪੰਜ ਤਾਰਾ ਹੋਟਲ ਜਿਥੇ ਉਹ ਕੁਝ ਦਿਨਾਂ ਤੋਂ ਠਹਿਰੇ ਹੋਏ ਸਨ, ਤੋਂ ਥਾਣੇ ਲਿਆਂਦਾ ਅਤੇ ਪੁੱਛ-ਪੜਤਾਲ ਕੀਤੀ। ਹਾਲਾਂਕਿ ਬਾਅਦ ’ਚ ਦੋਵਾਂ ਅਧਿਕਾਰੀਆਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਪੁਲੀਸ ਅਧਿਕਾਰੀਆਂ ਨੇ ਦੱੱਸਿਆ ਕਿ ਉਹ ਡਿਊਟੀ ਦੇ ਸਬੰਧ ’ਚ ਦਿੱਲੀ ਆਏ ਸਨ। -ਪੀਟੀਆਈ