For the best experience, open
https://m.punjabitribuneonline.com
on your mobile browser.
Advertisement

ਕਰਜ਼

06:19 AM Apr 16, 2024 IST
ਕਰਜ਼
Advertisement

ਜਗਦੀਸ਼ ਕੌਰ ਮਾਨ

Advertisement

ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਕਵਿਤਾ ‘ਸਿੰਪਥੀ’ ਪੜ੍ਹਾ ਰਹੀ ਸਾਂ। ਇਸ ਕਵਿਤਾ ਦੇ ਰਚੇਤਾ ਚਾਰਲਸ ਮੈਕੇ ਹਨ। ਨੈਤਿਕ ਅਮੀਰੀ ਨਾਲ ਭਰਪੂਰ ਇਹ ਕਵਿਤਾ ਮਾਨਸਿਕ ਤੌਰ ’ਤੇ ਹਲੂਣਾ ਦੇ ਕੇ ਇਨਸਾਨ ਦੀ ਸੁੱਤੀ ਪਈ ਜ਼ਮੀਰ ਜਗਾਉਣ ਦਾ ਉਪਰਾਲਾ ਕਰਦੀ ਹੈ।
ਕਵੀ ਆਪਣੀ ਮਾੜੀ ਆਰਥਿਕ ਹਾਲਤ ਦਾ ਵਰਨਣ ਕਰਦਾ ਹੋਇਆ ਦੱਸਦਾ ਹੈ ਕਿ ਇਕ ਵਾਰ ਉਸ ਦੀ ਆਰਥਿਕ ਹਾਲਤ ਬੇਹੱਦ ਡਾਵਾਂਡੋਲ ਹੋ ਗਈ ਤੇ ਉਹ ਕੰਗਾਲੀ ਦੀ ਕਗਾਰ ’ਤੇ ਪਹੁੰਚ ਗਿਆ। ਉਦੋਂ ਉਸ ਨੂੰ ਉਧਾਰ ਮੰਗਣ ਲਈ ਕਈਆਂ ਅੱਗੇ ਹੱਥ ਅੱਡਣੇ ਪਏ। ਕਿਸੇ ਨੇ ਸੋਨੇ ਨਾਲ ਉਸ ਦੀ ਮਦਦ ਕੀਤੀ, ਕਿਸੇ ਨੇ ਚਾਂਦੀ ਨਾਲ ਤੇ ਕਿਸੇ ਨੇ ਨਕਦੀ ਨਾਲ। ਖ਼ੁਦ ਗਰੀਬੀ ਨਾਲ ਜੂਝ ਰਹੇ ਇਕ ਸੱਜਣ ਕੋਲ ਉਸ ਦੀ ਮਦਦ ਕਰਨ ਵਾਸਤੇ ਕੁਝ ਵੀ ਨਹੀਂ ਸੀ ਪਰ ਉਸ ਸ਼ਖ਼ਸ ਨੇ ਘੋਰ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਕਵੀ ਦੇ ਮੋਢੇ ’ਤੇ ਹੱਥ ਧਰ ਕੇ ਉਸ ਨੂੰ ਦਿਲਾਸਾ ਦਿੱਤਾ, “ਦੇਖੀਂ ਕਿਤੇ ਹੌਸਲਾ ਨਾ ਹਾਰ ਜਾਵੀਂ! ਦਿਲ ਨੂੰ ਤਕੜਾ ਰੱਖੀਂ, ਅੜੇ ਥੁੜੇ ਦਿਨਾਂ ਵਿਚ ਬੰਦੇ ਵਾਸਤੇ ਸਬਰ ਤੇ ਹੌਸਲਾ, ਢਾਲ ਦਾ ਕੰਮ ਕਰਦਾ ਹੈ। ਚੰਗਾ ਮਾੜਾ ਸਮਾਂ ਤਾਂ ਬੰਦੇ ’ਤੇ ਆਉਂਦਾ ਜਾਂਦਾ ਹੀ ਰਹਿੰਦਾ, ਦਿਨ ਸਦਾ ਇਕੋ ਜਿਹੇ ਕਦੇ ਵੀ ਨਹੀਂ ਰਹਿੰਦੇ ਹੁੰਦੇ, ਬੱਸ ਤੂੰ ਧੀਰਜ ਦਾ ਪੱਲਾ ਘੁੱਟ ਕੇ ਫੜੀ ਰੱਖੀਂ। ਉਸ ਸੱਚੇ ਰੱਬ ’ਤੇ ਰੱਖਿਆ ਭਰੋਸਾ ਤੈਨੂੰ ਡੋਲਣ ਤੋਂ ਬਚਾਵੇਗਾ।” ਬੜੇ ਹੀ ਪਿਆਰ ਨਾਲ ਉਸ ਨੇ ਹੱਥ ਵਿਚ ਫੜੀ ਹੋਈ ਰੋਟੀ ਵਿਚੋਂ ਅੱਧੀ ਰੋਟੀ ਉਸ ਨੂੰ ਮੱਲੋਮੱਲੀ ਖੁਆ ਦਿੱਤੀ ਤੇ ਥਾਪੀ ਦੇ ਕੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਕਹਿ ਕੇ ਅਗਾਂਹ ਚਲਾ ਗਿਆ।
ਕਵੀ ਲਿਖਦਾ ਹੈ ਕਿ ਉਸ ਦੀ ਗੱਲ ਸੱਚੀ ਸਾਬਤ ਹੋ ਗਈ।... ਬੁਰੇ ਦਿਨਾਂ ਵਾਲਾ ਔਖਾ ਵਕਤ ਨਿਕਲ ਗਿਆ ਸੀ। ਆਰਥਿਕ ਪੱਖੋਂ ਸੁਖਾਲਾ ਹੋਣ ’ਤੇ ਮੈਂ ਧੌਣ ਉੱਚੀ ਕਰ ਕੇ ਸੋਨਾ ਦੇਣ ਵਾਲੇ ਨੂੰ ਸੋਨਾ ਵਾਪਸ ਕਰ ਦਿੱਤਾ, ਚਾਂਦੀ ਦੇਣ ਵਾਲੇ ਨੂੰ ਚਾਂਦੀ ਤੇ ਨਕਦੀ ਵਾਲੇ ਨੂੰ ਨਕਦੀ ਮੋੜ ਦਿੱਤੀ। ਇਹ ਸਾਰੇ ਹੱਥ ਉਧਾਰ ਮੈਂ ਸਿਰ ਉੱਚਾ ਕਰ ਕੇ ਬਿਨਾਂ ਦੇਣਦਾਰਾਂ ਅੱਗੇ ਝੁਕਿਆਂ ਚੁਕਾ ਦਿੱਤੇ ਪਰ ਹੱਲਾਸ਼ੇਰੀ ਦੇ ਕੇ ਮੈਨੂੰ ਢਹਿੰਦੀ ਕਲਾ ਵਿਚੋਂ ਬਾਹਰ ਕੱਢਣ ਵਾਲੇ ਦੇ ਸਾਹਮਣੇ ਮੇਰਾ ਸਿਰ ਆਪਣੇ ਆਪ ਨੀਵਾਂ ਹੋ ਗਿਆ; ਉਸ ਨੇ ਵੇਲੇ ਸਿਰ ਦਿਲੋਂ ਹਮਦਰਦੀ ਜਤਾ ਕੇ ਜਿਹੜਾ ਅਮੋੜ ਕਰਜ਼ ਮੇਰੇ ਸਿਰ ਚੜ੍ਹਾ ਦਿੱਤਾ ਸੀ, ਉਸ ਨੂੰ ਤਾਂ ਮੈਂ ਤਾਉਮਰ ਵੀ ਨਹੀਂ ਸੀ ਚੁਕਾ ਸਕਦਾ।...
ਕਵੀ ਦੇ ਇਨ੍ਹਾਂ ਮਨੋਭਾਵਾਂ ਨੇ ਮੈਨੂੰ ਸਕੂਨ ਨਾਲ ਮਾਲਾਮਾਲ ਕਰ ਦਿੱਤਾ ਕਿ ਇਸ ਦੁਨੀਆ ਵਿੱਚ ਅਜਿਹੇ ਸੱਚੇ ਸੁੱਚੇ ਕਿਰਦਾਰ ਵੀ ਹਨ! ਕਿੰਨਾ ਚਿਰ ਬੈਠੀ ਮੈਂ ਕਵੀ ਦੀ ਅਹਿਸਾਨਮੰਦੀ ਵਾਲੀ ਸੋਚ ਬਾਰੇ ਸੋਚਦੀ ਰਹੀ। ਫਿਰ ਮੈਨੂੰ ਕਰੋਨਾ ਵਾਲੇ ਕਹਿਰ ਦੌਰਾਨ ਆਪਣੇ ਨਾਲ ਵਾਪਰੀ ਘਟਨਾ ਯਾਦ ਆ ਗਈ। ਉਦੋਂ ਅਸੀਂ ਸਾਰਾ ਟੱਬਰ ਕਰੋਨਾ ਦੀ ਲਪੇਟ ਵਿਚ ਆ ਗਏ ਸਾਂ। ਮੇਰੀ ਤੇ ਪੁੱਤਰ ਦੀ ਹਾਲਤ ਕੁਝ ਜਿ਼ਆਦਾ ਹੀ ਖਰਾਬ ਸੀ। ਹਾਲਾਤ ਇੰਨੇ ਮਾੜੇ ਹੋ ਗਏ ਕਿ ਘਰ ਵਿੱਚ ਸਾਨੂੰ ਪਾਣੀ ਦਾ ਗਿਲਾਸ ਫੜਾਉਣ ਵਾਲਾ ਵੀ ਕੋਈ ਨਹੀਂ ਸੀ। ਫਲ, ਸਬਜ਼ੀਆਂ, ਦਵਾਈਆਂ ਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਹੋਰ ਚੀਜ਼ਾਂ ਬਾਜ਼ਾਰੋਂ ਮੰਗਵਾਉਣ ਵਿਚ ਵੀ ਭਾਰੀ ਦਿੱਕਤ ਆ ਰਹੀ ਸੀ। ਪੁੱਤਰ ਦੁਕਾਨਦਾਰਾਂ ਨੂੰ ਫੋਨ ਕਰ ਕੇ ਇਹ ਚੀਜ਼ਾਂ ਵਸਤਾਂ ਘਰ ਹੀ ਮੰਗਵਾ ਲੈਂਦਾ। ਹੋਮ ਡਿਲਿਵਰੀ ਵਾਲੇ ਸਾਰਾ ਸਾਮਾਨ ਗੇਟ ’ਤੇ ਲਾਹ ਕੇ ਮੁੜ ਜਾਂਦੇ ਪਰ ਘਰ ਦੇ ਅੰਦਰ ਕੌਣ ਰੱਖੇ? ਇਹ ਉਸ ਸਮੇਂ ਦੀ ਵੱਡੀ ਸਮੱਸਿਆ ਸੀ। ਜਿਹੜੀ ਕੰਮ ਵਾਲੀ ਸਾਡੇ ਘਰ ਦਸ ਬਾਰਾਂ ਸਾਲ ਤੋਂ ਕੰਮ ਕਰ ਰਹੀ ਸੀ, ਉਹ ਵੀ ਇਸ ਨਾਮੁਰਾਦ ਬਿਮਾਰੀ ਤੋਂ ਡਰਦੀ ਮਾਰੀ ਛੁੱਟੀਆਂ ਲੈ ਗਈ ਸੀ। ਗੁੱਸਾ ਤਾਂ ਬਹੁਤ ਆਇਆ ਪਰ ਉਹ ਆਪਣੀ ਜਗ੍ਹਾ ਸੱਚੀ ਸੀ; ਉਹ ਵੇਲਾ ਹੀ ਅਜਿਹਾ ਸੀ ਕਿ ਲੋਕ ਤਾਂ ਚੰਗੇ ਭਲੇ ਬੰਦੇ ਕੋਲ ਖੜ੍ਹਨ ਤੋਂ ਵੀ ਡਰਦੇ ਸਨ। ਬਿਮਾਰੀ ਦੀ ਗ੍ਰਿਫ਼ਤ ਵਿਚ ਆਏ ਸਾਡੇ ਵਰਗਿਆਂ ਤੋਂ ਤਾਂ ਫਿਰ ਨੌਕਰਾਂ ਨੇ ਡਰਨਾ ਹੀ ਸੀ। ਜਾਨ ਤਾਂ ਸਭ ਨੂੰ ਪਿਆਰੀ ਸੀ। ਇਉਂ ਆਰਜ਼ੀ ਤੌਰ ’ਤੇ ਖਾਣਾ ਬਣਾਉਣ ਵਾਸਤੇ ਰੱਖੀ ਸੁਆਣੀ ਦੇ ਜਿ਼ੰਮੇ ਪਹਿਲੀ ਕੰਮ ਵਾਲੀ ਦੇ ਕੰਮ ਵੀ ਪੈ ਗਏ। ਉਹ ਸਾਰਾ ਦਿਨ ਬੌਂਦਲੀ ਰਹਿੰਦੀ। ਉਹੀ ਸਾਡੀ ਸਾਂਭ ਸੰਭਾਲ ਕਰਦੀ ਸੀ। ਸਾਨੂੰ ਸਾਰਿਆਂ ਨੂੰ ਸਮੇਂ ਸਿਰ ਦਵਾਈ ਬੂਟੀ ਤੇ ਖਾਣਾ ਬਣਾ ਕੇ ਦੇਣਾ, ਸਾਡੇ ਨਹਾਉਣ ਧੋਣ ਦਾ ਪ੍ਰਬੰਧ ਕਰਨਾ ਵੀ ਉਸ ਦੀ ਡਿਊਟੀ ਵਿਚ ਸ਼ਾਮਲ ਸੀ। ਸਾਰਾ ਦਿਨ ਊਰੀ ਵਾਂਗ ਘੁਕਦੀ ਰਹਿੰਦੀ। ਥੱਕ ਕੇ ਚੂਰ ਹੋ ਜਾਂਦੀ, ਫਿਰ ਵੀ ਔਖੀ ਸੌਖੀ ਕੰਮ ਕਰੀ ਜਾਂਦੀ।
ਇਕ ਦਿਨ ਉਹਨੇ ਦੱਸਿਆ ਕਿ ਰਾਹ ਵਿੱਚ ਮਿਲਦੇ ਲੋਕ ਉਹਨੂੰ ਡਰਾਉਂਦੇ ਰਹਿੰਦੇ- “ਤੂੰ ਨਿਆਣਿਆਂ ਨਿੱਕਿਆਂ ਵਾਲੀ ਏਂ, ਜੇ ਭਲਾ ਇਨ੍ਹਾਂ ਦੀ ਸਾਂਭ ਸੰਭਾਲ ਕਰਦੀ ਤੂੰ ਖੁਦ ਹੀ ਬਿਮਾਰ ਹੋ ਗਈ, ਫੇਰ? ਤੁਹਾਥੋਂ ਗਰੀਬਾਂ ਤੋਂ ਤਾਂ ਇਹੋ ਜਿਹੀ ਭਿਆਨਕ ਬਿਮਾਰੀ ਦਾ ਇਲਾਜ ਵੀ ਨਹੀਂ ਕਰਵਾਇਆ ਜਾਣਾ, ਇਸ ਲਈ ਤੂੰ ਭਾਈ ਬੀਬੀ ਨਾ ਲਾਲਚ ਕਰ। ਐਵੇਂ ਨਾ ਕੋਈ ਨੁਕਸਾਨ ਕਰਵਾ ਕੇ ਬਹਿ ਜੀਂ ਕਿਤੇ। ਇਨ੍ਹਾਂ ਨੂੰ ਕੰਮ ਤੋਂ ਹੁਣੇ ਈ ਜਵਾਬ ਦੇ ਦੇ, ਚੰਗੀ ਰਹੇਂਗੀ, ਬਾਅਦ ਵਿੱਚ ਪਛਤਾਉਣ ਨਾਲੋਂ।”
ਉਹਦੀ ਗੱਲ ਸੁਣ ਕੇ ਇੱਕ ਵਾਰ ਤਾਂ ਖਾਨਿਓਂ ਗਈ- ਜੇ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਇਹ ਸੱਚੀਂ ਕੰਮ ਤੋਂ ਹਟ ਗਈ, ਫਿਰ ਕੀ ਬਣੂ?... ਇਹੋ ਜਿਹੇ ਵੇਲੇ ਤਾਂ ਬਿਮਾਰੀ ਤੋਂ ਦਹਿਲੇ ਹੋਏ ਕਿਸੇ ਰਿਸ਼ਤੇਦਾਰ ਨੇ ਵੀ ਸਾਥ ਨਹੀਂ ਦੇਣਾ!
ਦੂਜੇ ਦਿਨ ਉਹਨੇ ਸਾਨੂੰ ਦੱਸਿਆ ਕਿ ਉਹਦਾ ਘਰ ਵਾਲਾ ਕਹਿੰਦਾ, ਬਈ ਕੋਈ ਲੋੜ ਨਹੀਂ ਕਿਸੇ ਦੀਆਂ ਗੱਲਾਂ ਵਿਚ ਆਉਣ ਦੀ, ਤੂੰ ਉਨ੍ਹਾਂ ਦਾ ਕੰਮ ਨਹੀਂ ਛੱਡਣਾ। ਜੇ ਦੁੱਖ ਵੇਲੇ ਕੰਮ ਨਾ ਆਏ ਤਾਂ ਫਿਰ ਹੋਰ ਕਦੋਂ ਆਵਾਂਗੇ?
ਅਸੀਂ ਸ਼ੁਕਰ ਮਨਾਇਆ। ਹੁਣ ਤਾਂ ਸਗੋਂ ਉਹਦੀ ਵੱਡੀ ਧੀ ਵੀ ਉਸ ਨਾਲ ਕੰਮ ਕਰਵਾਉਣ ਵਾਸਤੇ ਆ ਜਾਂਦੀ ਸੀ। ਉਂਝ, ਕੁਦਰਤ ਦਾ ਕ੍ਰਿਸ਼ਮਾ ਦੇਖੋ! ਉਨ੍ਹਾਂ ਦਾ ਸਾਰਾ ਪਰਿਵਾਰ ਪੂਰੀ ਤਰ੍ਹਾਂ ਤੰਦਰੁਸਤ ਰਿਹਾ। ਅਸੀਂ ਵੀ ਜਿਥੋਂ ਤੱਕ ਹੋ ਸਕਿਆ, ਉਹਦਾ ਹੱਕ ਨਹੀਂ ਰੱਖਿਆ। ਉਹਦੀ ਵੱਡੀ ਧੀ ਨੂੰ ਬੀਏ ਬੀਐੱਡ ਕਰਵਾ ਦਿੱਤੀ। ਹੁਣ ਤਾਂ ਉਹ ਸਾਡੇ ਘਰ ਕੰਮ ਵੀ ਨਹੀਂ ਕਰਦੀ, ਅਸੀਂ ਹਰ ਤਿੱਥ ਤਿਉਹਾਰ ’ਤੇ ਬਣਦਾ ਸਰਦਾ ਕੁਝ ਨਾ ਕੁਝ ਉਹਦੇ ਘਰ ਦੇ ਕੇ ਆਉਂਦੇ ਹਾਂ। ਉਹਦਾ ਉਹ ਅਹਿਸਾਨ ਅਸੀਂ ਕਿੱਥੇ ਉਤਾਰ ਸਕਦੇ ਹਾਂ। ਕਵੀ ਦੇ ਕਹਿਣ ਮੂਜਬ ਅਜਿਹੇ ਲੋਕਾਂ ਦਾ ਕਰਜ਼ ਚੁਕਾਉਣਾ ਅਸੰਭਵ ਹੁੰਦਾ ਹੈ।
ਸੰਪਰਕ: 78146-98117

Advertisement
Author Image

joginder kumar

View all posts

Advertisement
Advertisement
×