Debt Trap: ਮੋਇਆਂ ਨੂੰ ਚੈਨ ਨਾ ਆਵੇ..!
ਚਰਨਜੀਤ ਭੁੱਲਰ
ਚੰਡੀਗੜ੍ਹ, 14 ਜਨਵਰੀ
ਕਿਸਾਨ ਬੋਹੜ ਸਿੰਘ ਇਸ ਜਹਾਨੋਂ ਚਲਾ ਗਿਆ ਪਰ ਫਿਰ ਵੀ ਕਰਜ਼ੇ ਨੇ ਪਿੱਛਾ ਨਹੀਂ ਛੱਡਿਆ। ਫ਼ਿਰੋਜ਼ਪੁਰ ਦੇ ਪਿੰਡ ਬੱਸੀ ਰਾਮ ਲਾਲ ਦਾ ਇਹ ਕਿਸਾਨ ਪੰਜ ਸਾਲ ਪਹਿਲਾਂ ਫ਼ੌਤ ਹੋ ਚੁੱਕਾ ਸੀ। ਉਸ ਦੇ ਦੋ ਲੜਕੇ ਹਨ ਜਿਨ੍ਹਾਂ ਨੂੰ ਵਿਰਾਸਤ ’ਚ ਕਰਜ਼ਾ ਹੀ ਮਿਲਿਆ ਹੈ। ਬੋਹੜ ਸਿੰਘ ਨੇ ਸਾਲ 2004 ਵਿਚ ਖੇਤੀ ਵਿਕਾਸ ਬੈਂਕ ਤੋਂ ਕਰੀਬ 17 ਲੱਖ ਦਾ ਕਰਜ਼ਾ ਲਿਆ ਜੋ ਹੁਣ ਵੱਧ ਕੇ 50 ਲੱਖ ਨੂੰ ਪਾਰ ਕਰ ਗਿਆ ਹੈ। ਬੋਹੜ ਸਿੰਘ ਦੀ ਪਤਨੀ ਬਲਜਿੰਦਰ ਕੌਰ ਆਖਦੀ ਹੈ ਕਿ ਉਸ ਦੇ ਪਤੀ ਦੀ ਜ਼ਿੰਦਗੀ ਤਾਂ ਬੈਂਕ ਅਫ਼ਸਰਾਂ ਦੇ ਦਬਕੇ ਸੁਣਦੇ ਹੀ ਲੰਘ ਗਈ। ਹਾਲੇ ਵੀ ਕਰਜ਼ਾ ਸਿਰ ਖੜ੍ਹਾ ਹੈ।
ਬੋਹੜ ਸਿੰਘ ਦਾ ਲੜਕਾ ਮਨਜਿੰਦਰ ਸਿੰਘ ਦੱਸਦਾ ਹੈ ਕਿ ਪੈਲੀ ਸਤਲੁਜ ਦਰਿਆ ਨੇੜੇ ਹੋਣ ਕਾਰਨ ਪਰਿਵਾਰ ਦੀਆਂ ਆਸਾਂ ਉਮੀਦਾਂ ਤਾਂ ਹਰ ਵਰ੍ਹੇ ਪਾਣੀ ’ਚ ਹੀ ਵਹਿ ਜਾਂਦੀਆਂ ਹਨ। ਟਾਵੇਂ ਸਾਲ ਹੋਣਗੇ ਜਦੋਂ ਉਹ ਫ਼ਸਲ ਕੱਟ ਸਕੇ ਹਨ। ਉਹ ਦੱਸਦਾ ਹੈ ਕਿ ਫ਼ਸਲਾਂ ਪਾਣੀ ’ਚ ਰੁੜ੍ਹਨ ਕਰਕੇ ਸਮੇਂ ਸਿਰ ਕਰਜ਼ੇ ਦੀ ਕਿਸ਼ਤ ਤਾਰੀ ਨਹੀਂ ਜਾ ਸਕੀ। ਉਸ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੋਈ ਰਿਆਇਤ ਦੇਵੇ ਤਾਂ ਹੀ ਕਰਜ਼ੇ ਦੀ ਪੰਡ ਹੌਲੀ ਹੋ ਸਕਦੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਦੇ ਦੋ ਸਕੇ ਭਰਾ ਵੀ ਇਸ ਦੁਨੀਆ ’ਚੋਂ ਰੁਖ਼ਸਤ ਹੋ ਚੁੱਕੇ ਹਨ। ਦੋਵੇਂ ਭਰਾਵਾਂ ਨੇ ਸਾਲ 2008-09 ਵਿਚ 20 ਲੱਖ ਦਾ ਕਰਜ਼ਾ ਲਿਆ ਸੀ ਜੋ ਹੁਣ ਵੱਧ ਕੇ 47.32 ਲੱਖ ਹੋ ਗਿਆ ਹੈ। ਕੋਈ ਸਮਾਂ ਸੀ ਜਦੋਂ ਇਨ੍ਹਾਂ ਭਰਾਵਾਂ ਦੇ ਬਾਪ ਦਾ ਇਲਾਕੇ ’ਚ ਨਾਮ ਚੱਲਦਾ ਹੁੰਦਾ ਸੀ। ਖੇਤੀ ਸੰਕਟ ਨੇ ਪਰਿਵਾਰ ਨੂੰ ਵਿੱਤੀ ਤੌਰ ’ਤੇ ਝੰਬ ਦਿੱਤਾ। ਗੜ੍ਹਸ਼ੰਕਰ ’ਚ ਪੈਂਦੇ ਪਿੰਡ ਮਨਸੋਵਾਲ ਦਾ ਇੱਕ ਕਿਸਾਨ ਆਪਣੇ ਜਿਊਂਦੇ ਜੀਅ ਸਿਰ ਚੜ੍ਹਿਆ 60 ਲੱਖ ਦਾ ਕਰਜ਼ਾ ਨਹੀਂ ਉਤਾਰ ਸਕਿਆ। ਉਹ ਹੁਣ ਫ਼ੌਤ ਹੋ ਚੁੱਕਾ ਹੈ ਪਰ ਪਰਿਵਾਰ ਲਈ ਵਿਰਾਸਤ ’ਚ ਮਿਲਿਆ ਕਰਜ਼ਾ ਉਤਾਰਨਾ ਔਖਾ ਹੈ। ਇਸੇ ਤਰ੍ਹਾਂ ਹੀ ਗੁਰਾਇਆ ਦੇ ਬੜਾ ਪਿੰਡ ਦੇ ਦੋ ਭੈਣ-ਭਰਾ ਤਾਂ ਹੁਣ ਕਰਜ਼ਾ ਲਾਹੁਣ ਦੀ ਪਹੁੰਚ ’ਚ ਹੀ ਨਹੀਂ ਰਹੇ ਜਿਨ੍ਹਾਂ ਸਿਰ 50 ਲੱਖ ਦਾ ਕਰਜ਼ਾ ਹੈ। ਖੇਤੀ ਵਿਕਾਸ ਬੈਂਕ ਵੱਲੋਂ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਉਨ੍ਹਾਂ ਵਿੱਚ ਫ਼ੌਤ ਹੋਏ ਕਿਸਾਨਾਂ ਦੇ ਨਾਮ ਵੀ ਬੋਲਦੇ ਹਨ। ਖੇਤੀ ਵਿਕਾਸ ਬੈਂਕ ਦੇ ਕਰੀਬ ਅੱਠ ਹਜ਼ਾਰ ਅਜਿਹੇ ਡਿਫਾਲਟਰ ਕਿਸਾਨ ਹਨ ਜੋ ਇਸ ਜਹਾਨੋਂ ਚਲੇ ਗਏ ਹਨ। ਇਨ੍ਹਾਂ ਅੱਠ ਹਜ਼ਾਰ ਕਿਸਾਨਾਂ ਦੇ ਪਰਿਵਾਰ ਨੂੰ ਵਿਰਸੇ ’ਚ ਮਿਲਿਆ 350 ਕਰੋੜ ਰੁਪਏ ਦਾ ਕਰਜ਼ਾ ਉਤਾਰਨਾ ਔਖਾ ਹੋ ਗਿਆ। ਉਂਜ, ਖੇਤੀ ਵਿਕਾਸ ਬੈਂਕ ਦੇ ਕੁੱਲ 55,574 ਡਿਫਾਲਟਰ ਹਨ ਜਿਨ੍ਹਾਂ ਤੋਂ ਬੈਂਕ ਨੇ 3006 ਕਰੋੜ ਦਾ ਕਰਜ਼ਾ ਲੈਣਾ ਹੈ। ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਡੁੱਬੇ ਹੋਏ ਕਰਜ਼ਿਆਂ ਦਾ ਜਾਇਜ਼ਾ ਲੈ ਰਹੀ ਹੈ।
ਖੇਤੀ ਵਿਕਾਸ ਬੈਂਕ ਦਾ ਰਸੂਖ਼ਵਾਨਾਂ ਕੋਲ ਫਸਿਆ 366.96 ਕਰੋੜ ਰੁਪੱਈਆ
ਖੇਤੀ ਵਿਕਾਸ ਬੈਂਕ ਦਾ 366.96 ਕਰੋੜ ਦਾ ਕਰਜ਼ਾ ਰਸੂਖ਼ਵਾਨਾਂ ਵੱਲ ਫਸਿਆ ਪਿਆ ਹੈ ਜਿਹੜੇ ਕਿਸੇ ਨਾ ਕਿਸੇ ਸਿਆਸੀ ਧਿਰ ਨਾਲ ਜੁੜੇ ਹੋਏ ਹਨ। ਸਹਿਕਾਰਤਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬਣਾਂਵਾਲੀ ਬੈਂਕ ਅਧਿਕਾਰੀਆਂ ਨੂੰ ਆਖ ਚੁੱਕੇ ਹਨ ਕਿ ਛੋਟੇ ਤੇ ਦਰਮਿਆਨੀ ਕਿਸਾਨੀ ਦੇ ਕਰਜ਼ਿਆਂ ਨੂੰ ਯਕਮੁਸ਼ਤ ਸਕੀਮ ਦੇ ਦਾਇਰੇ ਵਿਚ ਲੈ ਕੇ ਆਉਣ। ਪੰਜਾਬ ਵਿਚ ਖੇਤੀ ਵਿਕਾਸ ਬੈਂਕ ਦੀਆਂ 89 ਬਰਾਂਚਾਂ ਹਨ। ਸੂਤਰ ਦੱਸਦੇ ਹਨ ਕਿ ਸਾਲ 2016-17 ਦੇ ਕਰਜ਼ਾ ਮੁਆਫ਼ੀ ਦੇ ਸਿਆਸੀ ਹੋਕੇ ਨੇ ਇਨ੍ਹਾਂ ਬੈਂਕ ਦੀ ਵਸੂਲੀ ਦਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਐਤਕੀਂ ਵੀ ਖੇਤੀ ਵਿਕਾਸ ਬੈਂਕ ਨੇ ਸਿਰਫ਼ 140 ਕਰੋੜ ਹੀ ਵਸੂਲ ਕੀਤੇ ਹਨ ਜੋ ਸਿਰਫ਼ ਛੇ ਫ਼ੀਸਦੀ ਬਣਦੇ ਹਨ। ਅਧਿਕਾਰੀ ਆਖਦੇ ਹਨ ਕਿ ਉਹ ਨਬਾਰਡ ਤੋਂ ਕਰਜ਼ਾ ਚੁੱਕਣ ਦੀ ਪ੍ਰਕਿਰਿਆ ਵਿਚ ਹਨ ਤਾਂ ਜੋ ਅਗਲੇ ਸਾਲ ਤੋਂ ਐਡਵਾਂਸਮੈਂਟ ਸ਼ੁਰੂ ਕਰ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ 5 ਸਤੰਬਰ 2024 ਨੂੰ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਡਿਫਾਲਟਰ ਹੋਏ ਛੋਟੇ ਕਿਸਾਨਾਂ ਲਈ ਯਕਮੁਸ਼ਤ ਸਕੀਮ ਲਿਆਉਣ ਨੂੰ ਹਰੀ ਝੰਡੀ ਦਿੱਤੀ ਸੀ ਜਿਸ ਬਾਰੇ ਸਹਿਕਾਰਤਾ ਵਿਭਾਗ ਨੇ ਲੰਘੇ ਸਾਲ 9 ਸਤੰਬਰ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਸੀ।