ਚਿੱਟ ਫੰਡ ਕੰਪਨੀ ਖ਼ਿਲਾਫ਼ ਵਿੱਢਿਆ ਸੰਘਰਸ਼ ਸਮਾਪਤ
ਪੱਤਰ ਪ੍ਰੇਰਕ
ਲਹਿਰਾਗਾਗਾ, 7 ਅਗਸਤ
ਪਿੰਡ ਲਹਿਲ ਕਲਾਂ ਵਿੱਚ ਚਿੱਟ ਫੰਡ ਕੰਪਨੀ ਤੋਂ ਪੀੜਤ ਰਾਜ ਸਿੰਘ ਦਾ ਸਥਾਨਕ ਪ੍ਰਸ਼ਾਸਨ ਨਾਲ ਸਮਝੌਤੇ ਮਗਰੋਂ ਅੱਜ 9 ਦਿਨਾਂ ਬਾਅਦ ਪੋਸਟਮਾਰਟਮ ਮਗਰੋਂ ਸਸਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਲਹਿਲ ਕਲਾਂ ਵਿੱਚ ਚਿੱਟ ਫੰਡ ਕੰਪਨੀ ਵਿੱਚ ਲੱਗੇ ਪੈਸਿਆਂ ਤੋਂ ਪ੍ਰੇਸ਼ਾਨ ਰਾਜ ਸਿੰਘ ਦੀ ਇਲਾਜ ਦੌਰਾਨ 30 ਜੁਲਾਈ ਨੂੰ ਮੌਤ ਹੋ ਗਈ ਸੀ। ਇਸ ਮਗਰੋਂ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਨੇ ਚਿੱਟ ਫੰਡ ਕੰਪਨੀ ਦੇ ਮਾਲਕ ਗੁਰਮੀਤ ਸਿੰਘ ਦੇ ਘਰ ਅੱਗੇ ਰਾਜ ਸਿੰਘ ਦੀ ਲਾਸ਼ ਰੱਖੀ ਹੋਈ ਸੀ। ਅੱਜ ਡੀਸੀ ਦਫ਼ਤਰ ਅੱਗੇ ਲਾਸ਼ ਰੱਖਣ ਦਾ ਐਲਾਨ ਕੀਤਾ ਸੀ ਪਰ ਦੇਰ ਸ਼ਾਮ ਐੱਸਡੀਐੱਮ ਸੂਬਾ ਸਿੰਘ, ਡੀਐੱਸਪੀ ਦੀਪਕ ਰਾਏ, ਐੱਸਐੱਚਓ ਸਦਰ ਇੰਸਪੈਕਟਰ ਰਣਬੀਰ ਸਿੰਘ ਦੀ ਹਾਜ਼ਰੀ ਵਿੱਚ ਸਮਝੌਤਾ ਹੋਣ ਮਗਰੋਂ ਸਵੇਰੇ ਪੋਸਟਮਾਰਟਮ ਹੋਇਆ। ਇਸ ਮੌਕੇ ਪ੍ਰਧਾਨ ਊਧਮ ਸਿੰਘ ਸੰਤੋਖਪੁਰਾ, ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ, ਹਰਪਾਲ ਸਿੰਘ ਲਹਿਲ ਕਲਾਂ, ਸਰਪੰਚ ਜਸਵਿੰਦਰ ਸਿੰਘ ਰਿੰਪੀ, ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਬਲਜੀਤ ਸਿੰਘ ਸਰਾਓ ਅਤੇ ਹੋਰ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਮਝੌਤੇ ਵਿੱਚ 2 ਲੱਖ ਰੁਪਏ ਨਕਦ ਦੇਣ ਅਤੇ 8 ਲੱਖ ਰੁਪਏ ਭੋਗ ਤੱਕ ਦੇਣ, ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਮੰਗ ਪੰਚਾਇਤ ਨੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਮੰਗਾਂ ਮੰਨਦੇ ਹੋਏ ਚਿੱਟਫੰਡ ਕੰਪਨੀ ਖ਼ਿਲਾਫ਼ ਕੇਸ ਚਲਾਉਣ ਦਾ ਭਰੋਸਾ ਦਿੱਤਾ ਹੈ।