ਜ਼ਿਲ੍ਹਾ ਸੰਗਰੂਰ ’ਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ: ਏਡੀਜੀਪੀ ਦੀ ਅਗਵਾਈ ਹੇਠ ਉੱਚ ਪੱਧਰੀ ਸਿਟ ਬਣੀ, ਮ੍ਰਿਤਕਾਂ ਦੀ ਗਿਣਤੀ 21 ਹੋਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਮਾਰਚ
ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ, ਢੰਡੋਲੀ ਅਤੇ ਰਵਿਦਾਸਪੁਰਾ ਟਿੱਬੀ ਸੁਨਾਮ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੇ ਸਬੰਧ ਵਿਚ ਉਚ ਪੱਧਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਏਡੀਜੀਪੀ (ਕਾਨੂੰਨ ਤੇ ਵਿਵਸਥਾ) ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਣਾਈ ਚਾਰ ਮੈਂਬਰੀ ਟੀਮ ਵਿਚ ਹਰਚਰਨ ਸਿੰਘ ਭੁੱਲਰ ਡੀਆਈਜੀ ਪਟਿਆਲਾ ਰੇਂਜ, ਸਰਤਾਜ ਸਿੰਘ ਚਾਹਲ ਐੱਸਐੱਸਪੀ ਸੰਗਰੂਰ ਅਤੇ ਨਰੇਸ਼ ਦੂਬੇ ਅਡੀਸ਼ਨਲ ਕਮਿਸ਼ਨਰ ਐਕਸਾਈਜ਼ ਵਿਭਾਗ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ।ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਐੱਸਡੀਐੱਮ ਦਿੜਬਾ ਦੀ ਅਗਵਾਈ ਹੇਠ ਜਾਂਚ ਲਈ ਵੀ ਕਮੇਟੀ ਕਾਇਮ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਪੁਲੀਸ ਵਲੋਂ ਵੀ ਐੱਸਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਜਾ ਚੁੱਕੀ ਹੈ। ਅੱਜ ਪੰਜਾਬ ਸਰਕਾਰ ਵਲੋਂ ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਦੀ ਐੱਸਆਈਟੀ ਬਣਾਈ ਗਈ ਹੈ। ਇਸ ਦੌਰਾਨ ਪੀੜਤਾਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਹੋ ਗਈ ਹੈ। ਪੀੜਤ ਧਿਰ ਤੇ ਹੋਰ ਜਥੇਬੰਦੀਆਂ ਨੇ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ ਚੁੱਕ ਦਿੱਤਾ ਤੇ ਲਾਸ਼ਾਂ ਦੀ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ ਵਿਖੇ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 10 ਤੋਂ ਪਾਰ ਹੋ ਗਈ ਦੱਸੀ ਜਾ ਰਹੀ ਹੈ। ਕੱਲ੍ਹ ਇਲਾਜ ਲਈ ਰੈਫ਼ਰ ਕੀਤੇ ਗਏ ਮਰੀਜ਼ਾਂ ਵਿਚੋਂ ਬਿੱਟੂ ਸਿੰਘ ਪੁੱਤਰ ਹੰਸਵੀਰ ਸਿੰਘ ਨੇ ਅੱਜ ਦਮ ਤੋੜ ਦਿੱਤਾ। ਇਸੇ ਦੌਰਾਨ ਸੁਨਾਮ ਦੇ ਐੱਸਐੱਮਓ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਅੱਜ ਜ਼ਹਿਰੀਲੀ ਸ਼ਰਾਬ ਦਾ ਹੀ ਇੱਕ ਹੋਰ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਗੁਰਨਾਮ ਸਿੰਘ (46) ਪੁੱਤਰ ਸੁਲੱਖਣ ਸਿੰਘ ਵਾਸੀ ਸੁਨਾਮ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਸੀ।
ਮੈਡੀਕਲ ਜਾਂਚ ਦੌਰਾਨ ਉਹ ਮ੍ਰਿਤਕ ਪਾਇਆ ਗਿਆ। ਟਿੱਬੀ ਰਵਿਦਾਸਪੁਰਾ ਵਿਖੇ ਵੀ ਅੱਜ ਵੀ ਸਹਿਮ ਦਾ ਮਾਹੌਲ ਹੈ, ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ, ਉਨ੍ਹਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਕਾਮਰੇਡ ਆਗੂ ਵਰਿੰਦਰ ਕੁਮਾਰ ਕੌਸ਼ਿਕ ਨੇ ਕਿਹਾ ਕਿ ਪੰਜਾਬ ਨੂੰ ਤਿੰਨ ਹਫਤਿਆਂ ਚ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਦਾਅਵੇ ਖੋਖਲੇ ਹੋ ਰਹੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਲਈ 10-10 ਲੱਖ ਰੁਪਏ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਸ਼ਰਾਬ ਦੇ ਵਪਾਰੀਆਂ ਨੂੰ ਸ਼ਖਤ ਸਜ਼ਾ ਦੇਣ ਦੀ ਮੰਗ ਕੀਤੀ।