For the best experience, open
https://m.punjabitribuneonline.com
on your mobile browser.
Advertisement

ਨੂਹ ਜਬਰ-ਜਨਾਹ ਅਤੇ ਕਤਲ ਕਾਂਡ ਵਿੱਚ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ

07:48 AM May 05, 2024 IST
ਨੂਹ ਜਬਰ ਜਨਾਹ ਅਤੇ ਕਤਲ ਕਾਂਡ ਵਿੱਚ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਦੋਸ਼ੀਆਂ ਨੂੰ ਅਦਾਲਤ ਵਿੱਚੋਂ ਬਾਹਰ ਲਿਆਉਂਦੀ ਹੋਈ ਪੁਲੀਸ।
Advertisement

ਪੀ.ਪੀ. ਵਰਮਾ
ਪੰਚਕੂਲਾ, 4 ਮਈ
ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਗਪਗ ਅੱਠ ਸਾਲ ਪੁਰਾਣੇ ਨੂਹ ਜ਼ਿਲ੍ਹੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਸਮੂਹਿਕ ਜਬਰ-ਜਨਾਹ ਤੇ ਦੂਹਰੇ ਕਤਲਕਾਂਡ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਦੋਂਕਿ ਛੇ ਨੂੰ ਬਰੀ ਕਰ ਦਿੱਤਾ ਹੈ। ਸੀਬੀਆਈ ਅਦਾਲਤ ਨੇ 10 ਅਪਰੈਲ ਨੂੰ ਇਸ ਮਾਮਲੇ ਵਿੱਚ ਵਿਨੈ ਉਰਫ਼ ਲੰਬੂ, ਜੈ ਭਗਵਾਨ, ਹੇਮੰਤ ਚੌਹਾਨ ਅਤੇ ਅਯਾਨ ਚੌਹਾਨ ਨੂੰ ਦੂਹਰੇ ਕਤਲਕਾਂਡ, ਸਮੂਹਿਕ ਜਬਰ-ਜਨਾਹ ਅਤੇ ਡਕੈਤੀ ਦੀ ਘਟਨਾ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਤੇਜਪਾਲ, ਅਮਿਤ, ਰਵਿੰਦਰ, ਕਰਮਜੀਤ, ਸੰਦੀਪ ਅਤੇ ਰਾਹੁਲ ਵਰਮਾ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਨੂੰ ਆਈਪੀਸੀ ਦੀਆਂ ਧਾਰਾਵਾਂ 376-ਡੀ, 302, 325, 326, 397, 459, 460 ਅਤੇ ਪੋਕਸੋ ਐਕਟ ਤਹਿਤ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਸਾਲ 2016 ਵਿੱਚ 24-25 ਅਗਸਤ ਦੀ ਰਾਤ ਨੂੰ ਨੂਹ ਜ਼ਿਲ੍ਹੇ ਅਧੀਨ ਪੈਂਦੇ ਤਾਵੜੂ ਇਲਾਕੇ ਦੇ ਪਿੰਡ ਡਿੰਗਰਹੇੜੀ ਦੀ ਹੈ। ਸੀਬੀਆਈ ਨੇ ਬਿਆਨ ਵਿੱਚ ਕਿਹਾ ਕਿ ਅਦਾਲਤ ਨੇ ਦੋਸ਼ੀਆਂ ਨੂੰ ਕੁੱਲ 8.20 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮੁਲਜ਼ਮਾਂ ਨੇ ਇੱਕ ਨਾਬਾਲਗ ਸਮੇਤ ਦੋ ਮਹਿਲਾਵਾਂ ਨਾਲ ਉਨ੍ਹਾਂ ਦੇ ਘਰ ਵਿੱਚ ਪਰਿਵਾਰਕ ਮੈਂਬਰਾਂ ਸਾਹਮਣੇ ਜਬਰ-ਜਨਾਹ ਕੀਤਾ ਸੀ ਅਤੇ ਮਗਰੋਂ ਗਹਿਣੇ ਤੇ ਨਕਦੀ ਵੀ ਲੁੱਟ ਲਈ ਸੀ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ’ਤੇ ਸੀਬੀਆਈ ਨੇ ਘਟਨਾ ਦੀ ਜਾਂਚ ਆਪਣੇ ਹੱਥ ਲਈ ਸੀ। ਏਜੰਸੀ ਦੀ ਜਾਂਚ ਮਗਰੋਂ 24 ਜਨਵਰੀ 2018 ਅਤੇ 29 ਜਨਵਰੀ 2019 ਨੂੰ ਦੋ ਦੋਸ਼ ਪੱਤਰ ਦਾਇਰ ਕੀਤੇ ਗਏ ਸਨ।

Advertisement

Advertisement
Author Image

sukhwinder singh

View all posts

Advertisement
Advertisement
×