ਡੇਂਗੂ ਕਾਰਨ ਬੂਟਾ ਸਿੰਘ ਵਾਲਾ ਦੇ ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ
ਬਨੂੜ, 3 ਅਕਤੂਬਰ
ਨੂੜ ਇਲਾਕੇ ਵਿੱਚ ਡੇਂਗੂ ਪੈਰ ਪਸਾਰਨ ਲੱਗਿਆ ਹੈ। ਬੀਤੀ ਰਾਤ ਪਿੰਡ ਬੂਟਾ ਸਿੰਘ ਵਾਲਾ ਦੇ 40 ਸਾਲਾ ਨੌਜਵਾਨ ਕਮਲਜੀਤ ਸਿੰਘ ਟਿੰਕੂ ਦੀ ਡੇਂਗੂ ਕਾਰਨ ਮੌਤ ਹੋ ਗਈ। ਉਹ ਪਿਛਲੇ ਅੱਠ ਦਿਨਾਂ ਤੋਂ ਡੇਂਗੂ ਤੋਂ ਪੀੜਤ ਸੀ। ਮ੍ਰਿਤਕ ਨੌਜਵਾਨ ਕਮਲਜੀਤ ਸਿੰਘ ਟਿੰਕੂ ਦੇ ਫੁੱਫੜ ਗਿਆਨੀ ਅਮਰਜੀਤ ਸਿੰਘ ਚਮਾਰੂ ਨੇ ਦੱਸਿਆ ਕਿ ਨੌਜਵਾਨ ਅੱਠ ਦਿਨ ਤੋਂ ਬਿਮਾਰ ਸੀ ਤੇ ਉਸ ਦੀ ਡੇਂਗੂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਸ ਦੇ ਪਲੇਟਲੈਟਸ ਬਹੁਤ ਘਟ ਗਏ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਦੁਬਾਰਾ ਫਿਰ ਦੂਜੇ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਬੀਤੀ ਰਾਤ ਬਾਰਾਂ ਵਜੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੋ ਛੋਟੇ-ਛੋਟੇ ਬੱਚੇ ਬੱਚੇ ਹਨ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਘਰ ਵਿੱਚ ਕਮਾਉਣ ਵਾਲਾ ਉਹ ਇਕਲੌਤਾ ਸੀ ਜੋ ਕਿ ਕਿਸੇ ਨਿੱਜੀ ਸਕੂਲ ਵਿੱਚ ਬੱਸ ਤੇ ਡਰਾਈਵਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।
ਅਜੇ ਤੱਕ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ: ਐੱਸਐੱਮਓ
ਸੀਐੱਚਸੀ ਬਨੂੜ ਦੀ ਐੱਸਐੱਮਓ ਡਾ. ਰਜਨੀਤ ਰੰਧਾਵਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਸਬੰਧਤ ਨਿੱਜੀ ਹਸਪਤਾਲਾਂ ਵੱਲੋਂ ਹਾਲੇ ਤੱਕ ਡੇਂਗੂ ਕਾਰਨ ਹੋਈ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਵਿਭਾਗ ਦੀ ਟੀਮ ਪਿੰਡ ਬੂਟਾ ਸਿੰਘ ਵਾਲਾ ਭੇਜੀ ਜਾਵੇਗੀ ਤੇ ਪੂਰੇ ਪਿੰਡ ਦਾ ਘਰੋ-ਘਰੀ ਸਰਵੇਖਣ ਕਰਵਾਇਆ ਜਾਵੇਗਾ।