ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ; ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ
ਪੱਤਰ ਪ੍ਰੇਰਕ
ਜਲੰਧਰ, 30 ਮਾਰਚ
ਇਥੇ ਬੀਤੀ ਦੇਰ ਰਾਤ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਭਾਰਗਵ ਕੈਂਪ ਤੋਂ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲੀਸ ਨੂੰ ਵਾਰਦਾਤ ਵਾਲੀ ਥਾਂ ਤੋਂ ਅਜਿਹੀ ਕੋਈ ਵੀ ਚੀਜ਼ ਨਹੀਂ ਮਿਲੀ ਹੈ ਜਿਸ ਤੋਂ ਉਸਦੀ ਪਛਾਣ ਕੀਤੀ ਜਾ ਸਕੇ। ਹਾਲਾਂਕਿ ਮੁੱਢਲੀ ਜਾਂਚ ’ਚ ਮਾਮਲਾ ਨਸ਼ੇ ਦੀ ਓਵਰਡੋਜ਼ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਰਾਤ 1.30 ਵਜੇ ਲਾਈਵ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਇਸੇ ਨਸ਼ੇ ਕਾਰਨ ਉਨ੍ਹਾਂ ਨੇ ‘ਆਪ’ ਪਾਰਟੀ ਛੱਡੀ ਹੈ। ਅੱਜ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਹੋਰ ਬੱਚੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਸ਼ੀਤਲ ਨੇ ਅੱਗੇ ਕਿਹਾ ਕਿ ਇਸ ਦਰਦ ਕਾਰਨ ਹੀ ਪਾਰਟੀ ਛੱਡੀ ਹੈ। ਇਲਾਕੇ ’ਚ ਸਰਕਾਰ ਦੇ ਕਹਿਣ ’ਤੇ ਨਸ਼ਾ ਵਿਕ ਰਿਹਾ ਸੀ। ਘਟਨਾ ਦੀ ਜਾਂਚ ਕਰਨ ਲਈ ਪੁੱਜੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਾਬਕਾ ਡਿਪਟੀ ਮੇਅਰ ਟਾਂਗਰੀ ਦੇ ਘਰ ਦੇ ਕੋਲ ਨੌਜਵਾਨ ਦੀ ਲਾਸ਼ ਪਈ ਸੀ। ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲੀਸ ਨੇ ਉਸ ਦੇ ਆਸ-ਪਾਸ ਨਸ਼ੀਲੇ ਟੀਕੇ ਬਰਾਮਦ ਕੀਤੇ ਹਨ।