ਪ੍ਰਾਈਵੇਟ ਹਸਪਤਾਲ ਵਿੱਚ ਜਣੇਪੇ ਮਗਰੋਂ ਔਰਤ ਤੇ ਬੱਚੇ ਦੀ ਮੌਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੂਨ
ਇੱਥੋਂ ਦੇ ਲਾਹੌਰੀ ਗੇਟ ਸਥਿਤ ਰਾਜਨ ਹਸਪਤਾਲ ਵਿੱਚ ਜਣੇਪੇ ਮਗਰੋਂ ਔਰਤ ਤੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਡਾਕਟਰ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਪੰਚਾਇਤ ਸਮੇਤ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਮੰਗ ਕੀਤੀ ਕਿ ਇਸ ਨਿੱਜੀ ਹਸਪਤਾਲ ਨੂੰ ਬੰਦ ਕੀਤਾ ਜਾਵੇ ਅਤੇ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।
ਪਿੰਡ ਦੇ ਆਗੂ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੂੰਡਖੇੜਾ ਦੇ ਕ੍ਰਿਸ਼ਨ ਸਿੰਘ ਦੀ ਪਤਨੀ ਗਗਨਦੀਪ ਕੌਰ ਲਾਹੌਰੀ ਗੇਟ ਪਟਿਆਲਾ ਦੇ ਰਾਜਨ ਹਸਪਤਾਲ ਵਿੱਚ ਆਮ ਚੈੱਕਅੱਪ ਕਰਾਉਣ ਲਈ ਆਈ ਸੀ, ਡਾਕਟਰਾਂ ਨੇ ਉਸ ਨੂੰ ਅੱਜ ਹੀ ਜਣੇਪਾ ਕਰਵਾਉਣ ਦੀ ਸਲਾਹ ਦਿੱਤੀ, ਉਸ ਤੋਂ ਬਾਅਦ ਉਸ ਦਾ ਪਤੀ ਕ੍ਰਿਸ਼ਨ ਸਿੰਘ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਵਿੱਚ ਆ ਗਿਆ। ਜਣੇਪੇ ਮਗਰੋਂ ਡਾਕਟਰਾਂ ਨੇ ਗਗਨਦੀਪ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਕੀਤੀ ਅਤੇ ਨਾ ਹੀ ਪਰਿਵਾਰ ਨੂੰ ਉਸ ਨਾਲ ਮਿਲਣ ਦਿੱਤਾ। ਜਦੋਂ ਡਾਕਟਰ ਬੇਵੱਸ ਹੋ ਗਏ ਤਾਂ ਡਾਕਟਰਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਕੇ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਦੋਂ ਉਹ ਉੱਥੇ ਪਹੁੰਚੇ ਤਾਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ਦੇ ਮੁਰਦਘਾਟ ਬਾਹਰ ਇਕੱਠੇ ਹੋਏ ਵਿਅਕਤੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਡਾਕਟਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ।
ਅਸੀਂ ਕੋਈ ਲਾਪ੍ਰਵਾਹੀ ਨਹੀਂ ਵਰਤੀ: ਡਾਕਟਰ
ਰਾਜਨ ਹਸਪਤਾਲ ਦੀ ਮੁੱਖ ਡਾਕਟਰ ਨੇ ਕਿਹਾ, ‘ਸਾਡੇ ਕੋਲ ਗਗਨਦੀਪ ਕੌਰ ਆਈ ਸੀ, ਉਸ ਦਾ ਜਣੇਪਾ ਹੋਣਾ ਜ਼ਰੂਰੀ ਸੀ, ਘਰਦਿਆਂ ਦੀ ਸਹਿਮਤੀ ਨਾਲ ਗਗਨਦੀਪ ਕੌਰ ਦੀ ਡਲਿਵਰੀ ਕਰ ਦਿੱਤੀ ਗਈ, ਇਸ ਤੋਂ ਬਾਅਦ ਗਗਨਦੀਪ ਦੇ ਖੂਨ ਵਹਿਣ ਲੱਗ ਪਿਆ। ਇਸ ਤੋਂ ਬਾਅਦ ਅਸੀਂ ਤੁਰੰਤ ਉਸ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ। ਸਾਡੇ ਹਸਪਤਾਲ ਦੇ ਬੰਦੇ ਉਸ ਨੂੰ ਛੱਡ ਕੇ ਆਏ, ਅਸੀਂ ਕੋਈ ਲਾਪਰਵਾਹੀ ਨਹੀਂ ਕੀਤੀ। ਸਾਡੇ ’ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ।’