For the best experience, open
https://m.punjabitribuneonline.com
on your mobile browser.
Advertisement

ਕੁੱਤੇ ਦੀ ਮੌਤ

12:33 PM Jun 16, 2024 IST
ਕੁੱਤੇ ਦੀ ਮੌਤ
Advertisement

ਹਨੂੰਮਾਨ ਮੁਕਤ

ਵਰਮਾ ਜੀ ਦਾ ਕੁੱਤਾ ਮਰ ਗਿਆ। ਕੁੱਤੇ ਦੇ ਮਰਨ ਦੀ ਘਟਨਾ ਅੱਗ ਦੀ ਤਰ੍ਹਾਂ ਸਾਰੇ ਸ਼ਹਿਰ ’ਚ ਫੈਲ ਗਈ। ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ’ਤੇ ਬ੍ਰੇਕਿੰਗ ਨਿਊਜ਼ ’ਚ ਉਸ ਨੂੰ ਦਿਖਾਇਆ ਜਾਣ ਲੱਗਾ। ਉਂਜ ਤਾਂ ਰੋਜ਼ ਹੀ ਹਜ਼ਾਰਾਂ ਕੁੱਤੇ ਮਰਦੇ ਹਨ। ਕੁੱਤਿਆਂ ਦਾ ਜਿਊਣਾ ਅਤੇ ਮਰਨਾ ਕੋਈ ਮਾਅਨੇ ਨਹੀਂ ਰੱਖਦਾ ਪਰ ਚੋਣਾਂ ਦੇ ਮਾਹੌਲ ’ਚ ਕਦ ਕਿਹੜੀ ਚੀਜ਼ ਬੇਹੱਦ ਜ਼ਰੂਰੀ ਹੋ ਜਾਵੇ, ਪਤਾ ਨਹੀਂ ਲੱਗਦਾ। ਉਹ ਵੀ ਵਰਮਾ ਜੀ ਨਾਲ ਜੁੜੀ ਹੋਈ।
ਲੋਕ ਅੰਦਾਜ਼ੇ ਲਗਾਉਣ ਲੱਗੇ ਕਿ ਉਹ ਕੁੱਤਾ ਮਰਿਆ ਨਹੀਂ ਸਗੋਂ ਮਾਰਿਆ ਗਿਆ ਹੈ। ਐਨਾ ਹੱਟਾ-ਕੱਟਾ ਗੱਭਰੂ ਜਵਾਨ ਇਵੇਂ ਹੀ ਕਿਵੇਂ ਮਰ ਸਕਦਾ ਹੈ। ਕੱਲ੍ਹ ਸ਼ਾਮ ਨੂੰ ਤਾਂ ਉਹ ਸ਼ਰਮਾ ਜੀ ਦੀ ਕੁੱਤੀ ਦੇ ਨਾਲ ਦੇਖਿਆ ਗਿਆ ਸੀ। ਕਿਤੇ ਅਜਿਹਾ ਤਾਂ ਨਹੀਂ, ਸ਼ਰਮਾ ਜੀ ਨੂੰ ਉਸ ਕੁੱਤੇ ਅਤੇ ਆਪਣੀ ਕੁੱਤੀ ਦਾ ਸਾਥ ਚੰਗਾ ਨਾ ਲੱਗਿਆ ਹੋਵੇ ਅਤੇ ਉਨ੍ਹਾਂ ਨੇ ਉਸ ਨੂੰ ਮਰਵਾ ਦਿੱਤਾ ਹੋਵੇ।
ਉਨ੍ਹਾਂ ਦੇ ਗੁਆਂਢੀ ਕਹਿ ਰਹੇ ਸਨ ਕਿ ਇੱਕ-ਦੋ ਦਿਨ ਤੋਂ ਉਹ ਵਰਮਾ ਜੀ ’ਤੇ ਕੁਝ ਜ਼ਿਆਦਾ ਹੀ ਭੌਂਕਣ ਲੱਗਾ ਸੀ। ਵਰਮਾ ਜੀ ਨੂੰ ਕੁੱਤੇ ਦਾ ਭੌਂਕਣਾ ਚੰਗਾ ਨਾ ਲੱਗਿਆ ਹੋਵੇ। ਉਂਜ ਵੀ ਆਪਣੇ ਕੁੱਤੇ ਦਾ ਆਪਣੇ ਘਰ ’ਤੇ ਹੀ ਭੌਂਕਣਾ (ਮੇਰੀ ਬਿੱਲੀ, ਮੈਨੂੰ ਹੀ ਮਿਆਊਂ) ਕੀਹਨੂੰ ਚੰਗਾ ਲੱਗਦਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਮਰਵਾ ਦਿੱਤਾ ਹੋਵੇ। ਅੰਦਾਜ਼ਿਆਂ ਦਾ ਬਾਜ਼ਾਰ ਗਰਮ ਸੀ। ਜੋ ਵੀ ਕੁੱਤੇ ਦੇ ਮਰਨੇ ਦੀ ਘਟਨਾ ਸੁਣਦਾ, ਆਪਣੇ ਵੱਲੋਂ ਕੁਝ ਨਾ ਕੁਝ ‘ਇਨਵੈਸਟੀਗੇਟ’ ਕਰ ਦੱਸ ਹੀ ਦਿੰਦਾ। ਮੀਡੀਆ ਇਸ ਗੱਲ ਨੂੰ ਕਾਫ਼ੀ ਹਵਾ ਦੇ ਰਿਹਾ ਸੀ।
ਮੈਂ ਵਰਮਾ ਜੀ ਦਾ ਸ਼ੁਭ-ਚਿੰਤਕ ਹਾਂ। ਸੁਣੀਆਂ-ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦਾ।
ਮੈਂ ਉਨ੍ਹਾਂ ਤੋਂ ਪੁੱਛਿਆ, ‘‘ਵਰਮਾ ਜੀ, ਤੁਹਾਡਾ ਕੁੱਤਾ ਮਰ ਗਿਆ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?’’
ਉਹ ਬੋਲੇ, ‘‘ਕਹਿਣਾ ਕੀ ਹੈ? ਕੁੱਤਾ ਮਰ ਗਿਆ, ਮਤਲਬ ਮਰ ਗਿਆ। ਰੋਜ਼ਾਨਾ ਪਤਾ ਨਹੀਂ ਕਿੰਨੇ ਕੁੱਤੇ ਮਰਦੇ ਹਨ। ਐਨਾ ਰੌਲਾ ਕਦੇ ਨਹੀਂ ਪੈਂਦਾ। ਕੋਈ ਮੇਰਾ ਹੀ ਕੁੱਤਾ ਥੋੜ੍ਹੇ ਮਰਿਆ ਹੈ। ਕੁੱਤਿਆਂ ਦੀ ਜ਼ਿੰਦਗੀ ਇਹੋ ਜਿਹੀ ਹੀ ਹੁੰਦੀ ਹੈ। ਕੁਝ ਦਿਨ ਵਫ਼ਾਦਾਰੀ ਕਰੋ ਅਤੇ ਜਦ ਵਫ਼ਾਦਾਰੀ ਨਾਲ ਢਿੱਡ ਭਰ ਜਾਏ ਤਾਂ ਡੰਡੀ ਪੈ ਜਾਵੋ।’’
‘‘ਤੁਸੀਂ ਕੀ ਕਹਿ ਰਹੇ ਹੋ? ਮੇਰੇ ਤਾਂ ਕੁਝ ਪੱਲੇ ਨਹੀਂ ਪੈ ਰਿਹਾ। ਵਫ਼ਾਦਾਰੀ ਨਾਲ ਢਿੱਡ ਭਰ ਜਾਏ ਤਾਂ ਡੰਡੀ ਪੈ ਜਾਵੋ?’’
ਵਰਮਾ ਜੀ ਬੋਲੇ, ‘‘ਇਸ ’ਚ ਸਮਝਣ ਦੀ ਕਿਹੜੀ ਗੱਲ ਹੈ। ਅਜੇ ਕੁਝ ਦਿਨ ਪਹਿਲਾਂ ਮੇਰੇ ਘਰ ਦੀ ਅਲਮਾਰੀ ’ਚ ਬੰਦ ਸਾਲਾਂ ਪੁਰਾਣੀ ਇੱਕ ਗੁਪਤ ਪੋਟਲੀ ਨੂੰ ਉਹ ਖਾ ਗਿਆ। ਸਾਰੇ ਭੇਤ ਉਸ ਦੇ ਢਿੱਡ ’ਚ ਪਹੁੰਚ ਗਏ। ਉਹ ਉਸ ਨੂੰ ਪਚ ਨਹੀਂ ਰਹੇ ਸਨ। ਢਿੱਡ ’ਚ ਕੁਝ ਜ਼ਿਆਦਾ ਹੀ ਅਫਾਰਾ ਪੈ ਗਿਆ ਸੀ। ਭੌਂਕਣ ਵੀ ਜ਼ਿਆਦਾ ਲੱਗਾ ਸੀ। ਮੇਰੀ ਨੀਂਦ ਤਾਂ ਖ਼ਰਾਬ ਕਰ ਰਿਹਾ ਸੀ, ਗੁਆਂਢੀਆਂ ਨੂੰ ਵੀ ਸੌਣ ਨਹੀਂ ਦੇ ਰਿਹਾ ਸੀ। ਉਸ ਦੇ ਢਿੱਡ ’ਚ ਪਏ ਅਫਾਰੇ ਦੀ ਵਜ੍ਹਾ ਨਾਲ ਉਹ ਮਰ ਗਿਆ। ਲੋਕਾਂ ਨੇ ਰਾਈ ਦਾ ਪਹਾੜ ਬਣਾ ਦਿੱਤਾ। ਕੁੱਤਾ ਮੇਰਾ ਮਰਿਆ ਹੈ। ਸਭ ਤੋਂ ਵੱਧ ਦੁੱਖ ਮੈਨੂੰ ਹੈ। ਮੈਂ ਪਤਾ ਨਹੀਂ ਕਿਵੇਂ ਐਨਾ ਦੁੱਖ ਜਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਲੋਕ ਹਨ ਕਿ ਮੈਨੂੰ ਸ਼ਾਂਤੀ ਨਾਲ ਦੁੱਖ ਵੀ ਜਰਨ ਨਹੀਂ ਦੇ ਰਹੇ।’’
ਇਹ ਕਹਿੰਦੇ ਵਰਮਾ ਜੀ ਚੁੱਪ ਹੋ ਗਏ। ਉਨ੍ਹਾਂ ਦੇ ਮਨ ਦੀ ਹਾਲਤ ਜਾਣ ਕੇ ਮੈਂ ਵੀ ਚੁੱਪ-ਚਾਪ ਉੱਥੋਂ ਮੁੜ ਆਇਆ। ਲੋਕਾਂ ਨੂੰ ਬਿਲਕੁਲ ਤਸੱਲੀ ਨਹੀਂ ਸੀ। ਵਰਮਾ ਜੀ ਦਾ ਕੁੱਤਾ ਉਨ੍ਹਾਂ ਲਈ ਆਪਣੇ ਘਰ ਦੇ ਕਿਸੇ ਵੀ ਰੱਬ ਜਿਹੇ ਦੋਸਤ ਨਾਲੋਂ ਵੀ ਵੱਧ ਅਜ਼ੀਜ਼ ਸੀ। ਉਨ੍ਹਾਂ ਦੇ ਘਰ ਦਾ ਰੱਬ ਜਿਹਾ ਮਿੱਤਰ ਮਰ ਜਾਂਦਾ ਤਾਂ ਸ਼ਾਇਦ 10-12 ਦਿਨ ਸੋਗ ਮਨਾ ਕੇ ਉਹ ਚੁੱਪ ਹੋ ਜਾਂਦੇ, ਪਰ ਵਰਮਾ ਜੀ ਦੇ ਕੁੱਤੇ ਦੇ ਮਰਨ ਦਾ ਦੁੱਖ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਨ੍ਹਾਂ ਦੇ ਕੁੱਤੇ ਦੇ ਸ਼ੁਭ-ਚਿੰਤਕ ਕਹਿ ਰਹੇ ਸਨ ਕਿ ਕਿੰਨਾ ਪਿਆਰਾ ਕੁੱਤਾ ਸੀ। ਜਦ ਵੀ ਮੁਹੱਲੇ ਦਾ ਆਦਮੀ ਵਰਮਾ ਜੀ ਦੇ ਇੱਥੇ ਜਾਂਦਾ ਤਾਂ ਉਹ ਬੜੇ ਪਿਆਰ ਨਾਲ ਜੀਭ ਕੱਢ ਕੇ, ਮਹਿਮਾਨਾਂ ਦੇ ਪੈਰਾਂ ਨੂੰ ਚੱਟਦਿਆਂ, ਪੂਛ ਹਿਲਾਉਣ ਲੱਗ ਜਾਂਦਾ। ਕਦੇ ਉਸ ਨੇ ਕਿਸੇ ਨੂੰ ਵੱਢਿਆ ਨਹੀਂ। ਵਰਮਾ ਜੀ ਦੇ ਇਸ਼ਾਰੇ ਦੇ ਬਗੈਰ ਉਹ ਕਦੇ ਭੌਂਕਦਾ ਤਕ ਨਹੀਂ ਸੀ। ਵਿਚਾਰਾ...। ਪਤਾ ਨਹੀਂ, ਕਿਵੇਂ ਮਰ ਗਿਆ?’’ ਵਰਮਾ ਜੀ ਦੇ ਵਿਰੋਧੀ ਕੁੱਤੇ ਦੇ ਮਰਨ ਤੋਂ ਸਭ ਤੋਂ ਵੱਧ ਖਫ਼ਾ ਸਨ। ਉਨ੍ਹਾਂ ਨੇ ਕੁੱਤੇ ਦੇ ਮਰਨ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਤੱਕ ਕਰ ਦਿੱਤੀ।
ਚੋਣਾਂ ਦੀ ਤਾਰੀਖ਼ ਜਾਰੀ ਹੋ ਚੁੱਕੀ ਸੀ। ਸਰਕਾਰ ਕੀਹਦੀ ਬਣੇਗੀ? ਭਵਿੱਖ ਦੀ ਕੁੱਖ ’ਚ ਸੀ। ਕਦ ਵਰਮਾ ਜੀ ਨੂੰ ਸਮਰਥਕਾਂ ਦੀ ਜ਼ਰੂਰਤ ਪੈ ਜਾਵੇ, ਕੋਈ ਪਤਾ ਨਹੀਂ ਸੀ। ਸੀਬੀਆਈ ਤੋਂ ਜਾਂਚ ਕਰਾਉਣ ਦਾ ਭਰੋਸਾ ਹੀ ਕਿਤੇ ਸਰਕਾਰ ਬਣਾਉਣ ’ਚ ਰੁਕਾਵਟ ਬਣ ਜਾਵੇ, ਕਿਸੇ ਨੂੰ ਪਤਾ ਨਹੀਂ ਸੀ। ਹਰੇਕ ਕੋਈ ਫੂਕ-ਫੂਕ ਕੇ ਪੈਰ ਰੱਖ ਰਿਹਾ ਸੀ।
ਵਿਰੋਧੀਆਂ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਾਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।
ਕੁੱਤੇ ਦਾ ਇਹੋ ਜਿਹੇ ਸਮੇਂ ਮਰਨਾ, ਜਦ ਕੁੱਤਿਆਂ ਦੀ ਸਭ ਨਾਲੋਂ ਵੱਧ ਜ਼ਰੂਰਤ ਹੁੰਦੀ ਹੈ। ਉਹ ਵੀ ਇਹੋ ਜਿਹੇ ਵਫ਼ਾਦਾਰ ਕੁੱਤੇ ਦਾ ਬੇਵਕਤ ਮਰਨਾ, ਆਪਣੇ ਆਪ ’ਚ ਜਾਂਚ ਦਾ ਵਿਸ਼ਾ ਹੈ। ਕੁੱਤੇ ਤਾਂ ਰੋਜ਼ ਹੀ ਪੈਦਾ ਹੁੰਦੇ ਹਨ ਅਤੇ ਮਰਦੇ ਰਹਿੰਦੇ ਹਨ ਪਰ ਐਨੇ ਸਾਲਾਂ ਤੋਂ ਸਾਥ ਦੇ ਰਿਹਾ, ਭੋਲਾ-ਭਾਲਾ, ਸਮਝਦਾਰ ਕੁੱਤਾ ਅਤੇ ਉਹ ਵੀ ਵਰਮਾ ਜੀ ਦਾ। ਉਸ ਦਾ ਮਰਨਾ ਸਾਧਾਰਨ ਘਟਨਾ ਕਿਵੇਂ ਹੋ ਸਕਦੀ ਹੈ?
ਅਸੀਂ ਕਹਿੰਦੇ ਹਾਂ, ਉਹ ਕੁੱਤਾ ਮਰਿਆ ਨਹੀਂ ਹੈ ਸਗੋਂ ਉਸ ਨੂੰ ਮਾਰਿਆ ਗਿਆ ਹੈ। ਉਸ ਨੂੰ ਮਰਵਾਉਣ ’ਚ ਵਰਮਾ ਜੀ ਦਾ ਹੀ ਹੱਥ ਹੈ। ਇਹੋ ਜਿਹੇ ਹੱਤਿਆਰੇ ਵਰਮਾ ਜੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਜਾਂਚ ਦੀ ਮੰਗ ਕਰਦੇ-ਕਰਦੇ ਵਰਮਾ ਜੀ ਦੇ ਵਿਰੋਧੀ ਵਰਮਾ ਜੀ ਨੂੰ ਹੱਤਿਆਰਾ ਐਲਾਨ ਕੇ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ ਲੱਗੇ। ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪ੍ਰਸ਼ਾਸਨਕ ਅਧਿਕਾਰੀ ਦੇ ਦਫਤਰ ਸਾਹਮਣੇ ਧਰਨਾ ਲਾ ਦਿੱਤਾ ਗਿਆ। ਤਖ਼ਤੀਆਂ ਟੰਗ ਦਿੱਤੀਆਂ ਗਈਆਂ।
ਉਹ ਕਹਿਣ ਲੱਗੇ, ‘‘ਕੁੱਤੇ ਦੇ ਪੇਟ ’ਚ ਜਿੰਨੇ ਵੀ ਰਾਜ਼ ਦਫ਼ਨ ਹਨ, ਕੁੱਤੇ ਦਾ ਪੋਸਟ-ਮਾਰਟਮ ਕਰ ਬਾਹਰ ਕੱਢੇ ਜਾਣ। ਜਦ ਤਕ ਕੁੱਤੇ ਦੇ ਪੇਟ ’ਚੋਂ ਸਾਰੇ ਰਾਜ਼ ਬਾਹਰ ਨਹੀਂ ਕੱਢੇ ਜਾਣਗੇ, ਤਦ ਤਕ ਠੀਕ ਤਰੀਕੇ ਨਾਲ ਜਾਂਚ ਹੋ ਹੀ ਨਹੀਂ ਸਕਦੀ।’’ ਪ੍ਰਸ਼ਾਸਨ ਪ੍ਰੇਸ਼ਾਨ ਹੋ ਗਿਆ। ਕੁੱਤੇ ਦੇ ਇਸ ਤਰ੍ਹਾਂ ਮਰਨ ਦੀ ਘਟਨਾ ਨੇ ਸਾਰੇ ਸ਼ਹਿਰ ਦੀ ਹਵਾ ਹੀ ਬਦਲ ਦਿੱਤੀ। ਕੁੱਤਾ ਬਿਰਾਦਰੀ ਦੇ ਲੋਕਾਂ ’ਚ ਉਤਸ਼ਾਹ ਸੀ। ਉਨ੍ਹਾਂ ਨੂੰ ਆਪਣੇ ਕੁੱਤੇ ਹੋਣ ’ਤੇ ਫ਼ਖ਼ਰ ਹੋ ਰਿਹਾ ਸੀ। ਵਿਰੋਧੀਆਂ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਉਹ ਵੀ ਸਾਥ ਦੇਣ ਲੱਗੇ ਸਨ।
ਕੁੱਤੇ ਦੇ ਮਰਨ ਦੀ ਘਟਨਾ ਨਾਲ ਵਰਮਾ ਜੀ ਦਾ ਭਵਿੱਖ ਧੁੰਦਲਾ ਹੋਣ ਜਾ ਰਿਹਾ ਸੀ। ਉਨ੍ਹਾਂ ਨੇ ਕਦੇ ਕਲਪਨਾ ਤਕ ਨਹੀਂ ਕੀਤੀ ਸੀ ਕਿ ਉਨ੍ਹਾਂ ਦਾ
ਪਾਲਤੂ ਕੁੱਤਾ ਹੀ ਉਨ੍ਹਾਂ ਦੇ ਭਵਿੱਖ ਨੂੰ ਇਸ ਪ੍ਰਕਾਰ ਧੁੰਦਲਾ ਕਰ ਜਾਵੇਗਾ। ਜੇਕਰ ਉਨ੍ਹਾਂ ਨੂੰ ਭੋਰਾ ਜਿਹਾ ਵੀ ਸ਼ੱਕ ਹੁੰਦਾ ਤਾਂ ਉਹ ਰਾਜ਼ ਦੀ ਉਸ ਪੋਟਲੀ ਨੂੰ ਧਰਤੀ ’ਚ ਹੀ ਦਫ਼ਨ ਕਰ ਦਿੰਦੇ ਜਿਹਦੇ ਤੱਕ ਕਦੇ ਕੋਈ ਕੁੱਤਾ ਪਹੁੰਚ ਹੀ ਨਾ ਸਕਦਾ।
ਹੁਣ ਤਾਂ ਜੋ ਹੋਣਾ ਸੀ ਹੋ ਗਿਆ। ਵਰਮਾ ਜੀ ਵਿਰੁੱਧ ਦੇਸ਼ ’ਚ ਇੱਕ ਲਹਿਰ ਫੈਲ ਗਈ ਕਿ ਉਨ੍ਹਾਂ ਨੇ ਹੀ ਕੁੱਤੇ ਨੂੰ ਮਾਰਿਆ ਹੈ, ਇਸ ਪ੍ਰਕਾਰ ਦਾ ਮਾਹੌਲ ਤਿਆਰ ਹੋ ਗਿਆ। ਵਰਮਾ ਜੀ ਦੀ ਪਾਰਟੀ ਦੇ ਲੋਕ ਖ਼ੂਬ ਸਮਝਣ ਦੀ ਕੋੋਸ਼ਿਸ਼ ਕਰਦੇ ਕਿ ਵਰਮਾ ਜੀ ਕੁੱਤੇ ਨਾਲ ਬਹੁਤ ਪਿਆਰ ਕਰਦੇ ਸਨ, ਜਿਹੜੇ ਦਿਨ ਕੁੱਤੇ ਦੀ ਮੌਤ ਹੋਈ, ਉਸ ਦਿਨ ਉਹ ਘਰ ’ਚ ਨਹੀਂ ਸਨ। ਉਹ ਕੁੱਤਾ ਆਪਣੀ ਕੁਦਰਤੀ ਮੌਤ ਮਰਿਆ ਹੈ। ਇਤਿਹਾਸ ਗਵਾਹ ਹੈ ਕਿ ਕੁੱਤਿਆਂ ਦੀ ਮੌਤ ਇਸੇ ਤਰ੍ਹਾਂ ਹੀ ਹੁੰਦੀ ਆਈ ਹੈ।
ਇਸ ਤੋਂ ਪਹਿਲਾਂ ਮਰੇ ਕੁੱਤਿਆਂ ਦੇ ਰਿਕਾਰਡ ਨੂੰ ਚੈਨਲਾਂ ’ਤੇ ਦਿਖਾਇਆ ਜਾਣ ਲੱਗਾ। ਅਖ਼ਬਾਰਾਂ ’ਚ ਵਰਮਾ ਜੀ ਦੋਸ਼ੀ ਨਹੀਂ ਹਨ, ਇਹ ਸਿੱਧ ਕਰਨ ਲਈ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਜਾਣ ਲੱਗੀਆਂ। ਵਰਮਾ ਜੀ ਦੇ ਕੁੱਤੇ ਦੀਆਂ ਪੁਰਾਣੀਆਂ ਫੋਟੋਆਂ ਨੂੰ ਐਡਿਟ ਕਰ ਕੇ ਉਸ ’ਤੇ ਡਾਕੂਮੈਂਟਰੀ ਫਿਲਮ ਬਣਾ ਦਿੱਤੀ ਗਈ। ਵਰਮਾ ਜੀ ਨੂੰ ਉਸ ਕੁੱਤੇ ਨਾਲ ਲਿਪਟਦੇ ਹੋਏ, ਪਿਆਰ ਕਰਦੇ ਹੋਏ, ਖਾਣਾ ਖਾਂਦੇ ਹੋਏ ਦਿਖਾਇਆ ਜਾਣ ਲੱਗਾ ਜਿਸ ਨਾਲ ਜਨਤਾ ਵਰਮਾ ਜੀ ਨੂੰ ਕੁੱਤੇ ਦੀ ਹੱਤਿਆ ਦਾ ਦੋਸ਼ੀ ਨਾ ਮੰਨੇ।
ਚੋਣਾਂ ਦਾ ਮਾਹੌਲ ਸੀ। ਵਿਰੋਧੀਆਂ ਨੇ ਵੀ ਕਮਰਕੱਸੀ ਹੋਈ ਸੀ। ਉਹ ਕਿਸੇ ਵੀ ਕੀਮਤ ’ਤੇ ਇਸ ਮੁੱਦੇ ਨੂੰ ਆਪਣੇ ਹੱਥੋਂ ਨਿਕਲਣ ਨਹੀਂ ਦੇਣਾ ਚਾਹੁੰਦੇ ਸਨ। ਉਸ ਨੇ ਕੁੱਤੇ ਦੇ ਪੇਟ ਦੇ ਅੰਦਰ ਦਫ਼ਨ ‘ਰਾਜ਼ ਦੀ ਪੋਟਲੀ’ ਨਾਂ ਨਾਲ ਟੈਲੀਫਿਲਮ ਬਣਵਾ ਦਿੱਤੀ। ਕੁੱਤਾ ਆਪਣੇ ਪੇਟ ’ਚ ਕਿਹੜੇ-ਕਿਹੜੇ ਰਾਜ਼ ਰੱਖ ਸਕਦਾ ਹੈ ਅਤੇ ਉਸ ਸਵਰਗਵਾਸੀ ਕੁੱਤੇ ਦੇ ਪੇਟ ’ਚ ਕਿਹੜੇ-ਕਿਹੜੇ ਰਾਜ਼ ਦਫ਼ਨ ਹੋਣਗੇ। ਉਨ੍ਹਾਂ ਨੂੰ ਉਹ ਆਪਣੇ ਢੰਗ ਅਨੁਸਾਰ ਦਿਖਾ ਰਹੇ ਸਨ। ਕੁੱਤਿਆਂ ਨੂੰ ਇਸ ਜਾਤੀ ’ਚ ਜਨਮ ਲੈਣ ’ਤੇ ਬੜਾ ਮਾਣ ਮਹਿਸੂਸ ਹੋ ਰਿਹਾ ਸੀ।
ਵਾਤਾਵਰਣ ਪੂਰੀ ਤਰ੍ਹਾਂ ਕੁੱਤਾਮਈ ਹੋ ਰਿਹਾ ਸੀ। ਥਾਂ-ਥਾਂ ਕੁੱਤੇ ਦੀ ਮ੍ਰਿਤਕ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਹੋ ਰਹੀ ਸੀ। ਮੈਂ ਵੀ ਇਹੋ ਜਿਹੀ ਇੱਕ ਪ੍ਰਾਰਥਨਾ ’ਚ ਸ਼ਾਮਲ ਹੋਣ ਜਾ ਰਿਹਾ ਹਾਂ।

Advertisement

- ਅਨੁਵਾਦ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691

Advertisement
Author Image

sukhwinder singh

View all posts

Advertisement
Advertisement
×