ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਦੀ ਮੌਤ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 3 ਅਗਸਤ
ਥਾਣਾ ਸਦਰ ਦੇ ਪਿੰਡ ਮਲਕ ਵਿੱਚ ਇੱਕ ਵਿਅਕਤੀ ਵੱਲੋਂ ਬੀਤੇ ਕੱਲ੍ਹ ਜ਼ਹਿਰੀਲਾ ਪਦਾਰਥ ਨਿਗਲਿਆ ਸੀ, ਜਿਸ ਦੀ ਅੱਜ ਜ਼ੇਰੇ ਇਲਾਜ ਮੌਤ ਹੋ ਗਈ। ਮਰਨ ਵਾਲੇ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ। ਇਸ ਰਾਹੀਂ ਉਸ ਨੇ ਆਪਣੇ ਹੀ ਪਿੰਡ ਦੀ ਰਾਣੀ ਨਾਮੀ ਔਰਤ, ਉਸ ਦੇ ਪਤੀ ਅਤੇ ਭਰਾ ’ਤੇ ਪੈਸੇ ਹੜੱਪਣ ਅਤੇ ਉਸ ਖ਼ਿਲਾਫ਼ ਕੀਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਾ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਵਾਇਰਲ ਵੀਡੀਓ ਅਤੇ ਮ੍ਰਿਤਕ ਜਗਦੀਪ ਸਿੰਘ ਦੀ ਪਤਨੀ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਆਪਣੀ ਗੁਆਂਢਣ ਰੀਨਾ ਰਾਣੀ ਨੂੰ ਵਿਆਜ ’ਤੇ ਪੈਸੇ ਦਿੱਤੇ ਸਨ। ਇਸ ਤੋਂ ਇਲਾਵਾ ਰੀਨਾ ਰਾਣੀ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੇ ਆਧਾਰ ਤੇ ਬੈਂਕ ਤੋਂ ਕਰਜ਼ ਲੈ ਲਿਆ ਅਤੇ ਪੈਸੇ ਹੜੱਪ ਕਰ ਲਏ। ਉਨ੍ਹਾਂ ਤੋਂ ਇਲਾਵਾ ਰੀਨਾ ਰਾਣੀ ’ਤੇ ਪਿੰਡ ਦੀਆਂ ਹੋਰ ਵੀ ਕਈ ਔਰਤਾਂ ਤੋਂ ਪੈਸੇ ਹੜੱਪਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਸਮੇਤ ਮ੍ਰਿਤਕ ਜਗਦੀਪ ਸਿੰਘ ਅਤੇ ਪਿੰਡ ਦੀਆਂ ਔਰਤਾਂ ਨੇ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਇਸ ਤੋਂ ਪ੍ਰੇਸ਼ਾਨ ਜਗਦੀਪ ਸਿੰਘ ਨੇ ਸਲਫਾਸ ਨਿਗਲ ਲਈ। ਮ੍ਰਿਤਕ ਜਗਦੀਪ ਸਿੰਘ ਨੇ ਵਾਇਰਲ ਵੀਡੀਓ ਵਿੱਚ ਰੀਨਾ ਰਾਣੀ ਸਣੇ ਉਸ ਦੇ ਪਤੀ ਅਤੇ ਭਰਾ ਨੂੰ ਵੀ ਇਸ ਲੁੱਟ ਖਸੁੱਟ ਵਿੱਚ ਸ਼ਾਮਿਲ ਦੱਸਿਆ ਹੈ। ਸਲਫਾਸ ਨਿਗਲਣ ਤੋਂ ਬਾਅਦ ਹਾਲਤ ਗੰਭੀਰ ਹੋਣ ’ਤੇ ਪਰਿਵਾਰ ਜਗਦੀਪ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਲੈ ਕੇ ਆਇਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਿਆ ਨੰਦ ਹਸਪਤਾਲ ਲੁਧਿਆਣਾ ਭੇਜ ਦਿੱਤਾ। ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨਾਲ ਇਸ ਸਬੰਧ ਵਿੱਚ ਰਾਬਤਾ ਕਾਇਮ ਕਰਨ ਦੀ ਕੋਸ਼ਿਸ ਕੀਤੀ ਪਰ ਹੋ ਨਹੀ ਸਕਿਆ।