ਕਰੋਨਾ ਕਾਰਨ ਪੀਰ ਮੁਛੱਲਾ ਵਾਸੀ ਦੀ ਮੌਤ
ਪੱਤਰ ਪ੍ਰੇਰਕ
ਬਨੂੜ, 18 ਅਗਸਤ
ਇਥੇ ਗਿਆਨ ਸਾਗਰ ਹਸਪਤਾਲ ਵਿਚ ਅੱਜ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਜਿਸ ਦੀ ਪਛਾਣ ਰਣਜੀਤ ਸਹਿਗਲ (44) ਵਾਸੀ ਪੀਰ ਮੁਛੱਲਾ ਵਜੋਂ ਹੋਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਰਣਜੀਤ ਸਹਿਗਲ ਦੇ ਸਰੀਰ ਵਿੱਚ ਆਕਸੀਜਨ ਦੀ ਘਾਟ ਕਾਰਨ ਉਹ ਉਸੇ ਦਿਨ ਤੋਂ ਆਈਸੀਯੂ ਵਿਚ ਸੀ। ਉਸ ਦਾ ਸਸਕਾਰ ਬੁੱਧਵਾਰ ਨੂੰ ਸਿਹਤ ਵਿਭਾਗ ਮੁਹਾਲੀ ਦੀ ਨਿਗਰਾਨੀ ਹੇਠ ਬਲੌਂਗੀ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਇਸੇ ਦੌਰਾਨ ਗਿਆਨ ਸਾਗਰ ਹਸਪਤਾਲ ਵਿੱਚੋਂ ਅੱਜ 26 ਕਰੋਨਾ ਪੀੜਤਾਂ ਨੂੰ ਸਿਹਤਯਾਬ ਹੋਣ ਪਿੱਛੋਂ ਛੁੱਟੀ ਦੇ ਦਿੱਤੀ ਗਈ। ਬਨੂੜ ਦੇ 44 ਸਾਲਾ ਵਿਅਕਤੀ, ਜੋ ਮੁਹਾਲੀ ਵਿਖੇ ਸਰਕਾਰੀ ਨੌਕਰੀ ਕਰਦਾ ਹੈ, ਦੀ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਜ਼ਿਲ੍ਹੇ ਵਿਚ 63 ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਕੁਲ ਮਰੀਜ਼ਾਂ ਦੀ ਕੁੱਲ ਗਿਣਤੀ 2703 ਹੋ ਗਈ ਹੈ। ਅੱਜ ਜ਼ਿਲ੍ਹੇ ਵਿਚ 74 ਮਰੀਜ਼ ਡਿਸਚਾਰਜ ਵੀ ਹੋਏ ਹਨ। ਅੱਜ 24 ਮਰੀਜ਼ ਅੰਬਾਲਾ ਸ਼ਹਿਰ ਵਿਚੋਂ, 33 ਛਾਉਣੀ ਵਿਚੋਂ, 3 ਚੌੜਮਸਤਪੁਰ ਵਿਚੋਂ ਅਤੇ 3 ਮਰੀਜ਼ ਮੁਲਾਣਾ ਵਿਚੋਂ ਮਿਲੇ ਹਨ।
ਮੰਡੀ ਗੋਬਿੰਦਗੜ੍ਹ ਤੇ ਨੰਗਲ ’ਚ ਵਿੱਚ 9-9 ਮਾਮਲੇ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਅੱਜ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ 9 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਪਾਈ ਗਈ। ਐਸ.ਡੀ.ਐਮ ਅਮਲੋਹ ਅਨੰਦ ਸਾਗਰ ਸ਼ਰਮਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਗੁਰੂ ਨਾਨਕ ਕਾਲੋਨੀ ਵਿਚ ਇੱਕੋਂ ਪਰਿਵਾਰ ਦੇ 7 ਮੈਂਬਰਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਦੂਜੇ 2 ਪੀੜਤ ਵਿਅਕਤੀ ਇੱਕੋਂ ਪਰਿਵਾਰ ਵਿਚੋਂ ਗਾਂਧੀ ਨਗਰ ਇਲਾਕੇ ਦੇ ਹਨ।
ਨੰਗਲ (ਰਾਕੇਸ਼ ਸੈਣੀ): ਨੰਗਲ ਵਿਚ ਇਕੋ ਦਿਨ ਵਿੱਚ 9 ਕਰੋਨਾ ਪਾਜ਼ਟਿਵ ਕੇਸ ਆਏ ਹਨ। ਇਨ੍ਹਾਂ ਵਿਚੋਂ ਚਾਰ ਕੇਸ ਜਵਾਹਰ ਮਾਰਕੀਟ ਦੇ ਇਕੋਂ ਪਰਿਵਾਰ ਦੇ ਹਨ, ਇਕ ਕੇਸ ਸ਼ਿਵਾਲਿਕ ਐਵਨਿਯੂ ਵਿਚੋਂ, ਇਕ ਕੇਸ ਸੈਕਟਰ ਇਕ ਨਵਾਂ ਨੰਗਲ ਵਿਚੋਂ, ਇਕ ਕੇਸ ਇੰਦਰਾ ਨਗਰ ਵਿਚੋਂ, ਜਦੋਕਿ ਦੋ ਮਾਮਲੇ ਨਵਾਂ ਨੰਗਲ ਵਿੱਚ ਬਣ ਰਹੇ ਫਲਾਈ ੳਵਰ ਦੇ ਕੰਮ ਵਿਚ ਲੱਗੇ ਮੁਲਾਜ਼ਮਾਂ ਵਿਚੋਂ ਹਨ।