ਇਲਾਜ ਦੌਰਾਨ ਮਰੀਜ਼ ਦੀ ਮੌਤ; ਪਰਿਵਾਰ ਵੱਲੋਂ ਰੋਸ ਮੁਜ਼ਾਹਰਾ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 25 ਸਤੰਬਰ
ਗੜ੍ਹਸ਼ੰਕਰ ਚੰਡੀਗੜ੍ਹ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਵਿਅਕਤੀ ਦੀ ਕਥਿਤ ਤੌਰ ’ਤੇ ਗ਼ਲਤ ਟੀਕਾ ਲਗਾਉਣ ਨਾਲ ਮੌਤ ਹੋ ਗਈ। ਇਸ ਉਪਰੰਤ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਹਸਪਤਾਲ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਥਾਣਾ ਗੜ੍ਹਸ਼ੰਕਰ ਦੇ ਅੱਗੇ ਰੋਸ ਧਰਨਾ ਦੇਣ ਦੀ ਕੋਸ਼ਿਸ ਕੀਤੀ ਜਿੱਥੇ ਪੁਲੀਸ ਨੇ ਕਥਿਤ ਤੌਰ ’ਤੇ ਪੀੜਤ ਪਰਿਵਾਰ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਭਰੋਸਾ ਦੇਣ ਮਗਰੋਂ ਉਨ੍ਹਾਂ ਧਰਨਾ ਚੁੱਕ ਲਿਆ।
ਨੀਤੂ ਕੁਮਾਰੀ ਪਤਨੀ ਪੰਕਜ ਕੁਮਾਰ ਵਾਸੀ ਨੇੜੇ ਰਾਮਾ ਮੰਦਿਰ ਭੱਟਾਂ ਮੁਹੱਲਾਂ, ਵਾਰਡ ਨੰਬਰ ਚਾਰ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਪੰਕਜ ਕੁਮਾਰ ਉਰਫ਼ ਕਰਨ ਨੂੰ ਰਾਤ ਸਮੇਂ ਲੱਤਾਂ-ਬਾਹਾਂ ਦੇ ਦਰਦਾਂ ਕਾਰਨ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇਲਾਜ ਦੌਰਾਨ ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨੂੰ ਇਸ ਗੱਲ ਲਈ ਸੂਚਿਤ ਕਰ ਦਿੱਤਾ ਸੀ ਕਿ ਪੰਕਜ ਨੇ ਸ਼ਰਾਬ ਪੀਤੀ ਹੋਈ ਹੈ।
ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਨੀਤੂ ਨੇ ਦੱਸਿਆ ਕਿ ਇਲਾਜ ਦੌਰਾਨ ਡਾਕਟਰ ਨੇ ਪੰਕਜ ਕੁਮਾਰ ਦੇ ਟੀਕਾ ਲਗਾਇਆ, ਜਿਸ ਮਗਰੋਂ ਉਸ ਦਾ ਸਰੀਰ ਨੀਲਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਮੌਕੇ ਨੀਤੂ ਕੁਮਾਰੀ, ਸੌਰਵ, ਸੰਜੀਵ ਕੁਮਾਰ ਅਤੇ ਹੋਰਾਂ ਨੇ ਦੋਸ਼ ਲਗਾਇਆ ਕਿ ਪੰਕਜ ਕੁਮਾਰ ਦੀ ਮੌਤ ਡਾਕਟਰ ਵੱਲੋਂ ਗ਼ਲਤ ਟੀਕਾ ਲਗਾਉਣ ਕਾਰਨ ਹੋਈ ਹੈ। ਹੁਣ ਪੀੜਤ ਪਰਿਵਾਰ ਨੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਾਦਸੇ ਉਪਰੰਤ ਥਾਣਾ ਗੜ੍ਹਸ਼ੰਕਰ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ । ਇਸ ਮੌਕੇ ਹਾਜਰ ਐਡਵੋਕੇਟ ਪੰਕਜ ਕਿਰਪਾਲ ਨੇ ਪੋਸਟਮਾਰਟਮ ਤੋਂ ਪਹਿਲਾਂ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਹਸਪਤਾਲ ਦੇ ਮਾਲਕ ਡਾ. ਜਸਵੰਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਕਜ ਕੁਮਾਰ ਦੀ ਮੌਤ ਵੱਧ ਸ਼ਰਾਬ ਪੀਣ ਕਾਰਨ ਹੋਈ ਹੈ। ਇਸ ਸਾਰੇ ਮਾਮਲੇ ਬਾਰੇ ਥਾਣਾ ਗੜ੍ਹਸ਼ੰਕਰ ਦੇ ਐੱਸਐੱਚਓ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।