ਪਾਤਰ ਦਾ ਚਲਾਣਾ: ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਘਾਟਾ
ਗੁਰਬਚਨ ਸਿੰਘ ਭੁੱਲਰ
ਸੁਰਜੀਤ ਪਾਤਰ ਚਲਿਆ ਗਿਆ। ਮਾੜਾ ਹੋਇਆ! ਇਹ ਦੋ ਸ਼ਬਦ ‘ਮਾੜਾ ਹੋਇਆ’ ਕਿਸੇ ਵੀ ਜਾਣੇ-ਅਨਜਾਣੇ ਦਾ ਚਲਾਣਾ ਸੁਣ ਕੇ ਹਰ ਕਿਸੇ ਵੱਲੋਂ ਸੁਤੇ-ਸਿਧ ਹੀ ਬੋਲੇ ਜਾਂਦੇ ਹਨ। ਹਰ ਮੌਤ ਵੇਲੇ ਸਮਾਜਕ ਸੁਚੱਜ ਇਹੋ ਮੰਗ ਕਰਦਾ ਹੈ। ਬਹੁਤੀਆਂ ਸੂਰਤਾਂ ਵਿਚ ਇਹ ਦੋ ਸ਼ਬਦ ਨਿਰੋਲ ਰਸਮੀ ਹੁੰਦੇ ਹਨ, ਪਰ ਕੁਛ ਸੂਰਤਾਂ ਵਿਚ ਇਹ ਸੱਚ ਹੁੰਦੇ ਹਨ। ਪਾਤਰ ਦੇ ਸੰਬੰਧ ਵਿਚ ਇਹ ਸੱਚ ਹੀ ਨਹੀਂ, ਨਿਰੋਲ ਸੱਚ ਹਨ। ਉਹਦਾ ਅਚਾਨਕ ਤੁਰ ਜਾਣਾ ਬਹੁਤ ਮਾੜੀ ਘਟਨਾ ਹੈ। ਸਵੇਰ ਦੀ ਚਾਹ ਪੀ ਕੇ ਮੈਂ ਇਕ ਵਾਰ ਵਟਸਐਪ ਦੇਖਦਾ ਹਾਂ ਤੇ ਫੇਰ ਅਖ਼ਬਾਰ ਪੜ੍ਹਨ ਲਈ ਲੈਪਟਾਪ ਖੋਲ੍ਹ ਲੈਂਦਾ ਹਾਂ। ਵਟਸਐਪ ਖੋਲ੍ਹਿਆ ਤਾਂ ਪੱਤਰਕਾਰ ਮਿੱਤਰ ਐਸ.ਪੀ. ਸਿੰਘ ਦਾ ਸੁਨੇਹਾ ਆਇਆ ਪਿਆ ਸੀ। ਅਨਖੋਲ੍ਹੇ ਸੁਨੇਹੇ ਵਿਚ ਹੀ ਸ਼ਬਦ ‘ਸੁਰਜੀਤ ਪਾਤਰ’ ਦਿਖਾਈ ਦਿੱਤੇ ਤਾਂ ਮੈਂ ਸੰਸੇ ਨਾਲ ਉਂਗਲ ਛੋਹੀ। ਦਿਲ ਬੈਠ ਗਿਆ।
‘ਮਾੜਾ ਹੋਇਆ’ ਵਾਂਗ ‘ਨਾ ਪੂਰਿਆ ਜਾ ਸਕਣ ਵਾਲਾ ਘਾਟਾ’ ਵੀ ਹਰ ਮੌਤ ਲਈ ਵਰਤ ਲਿਆ ਜਾਂਦਾ ਹੈ। ਪਰ ਪਾਤਰ ਦੇ ਚਲਾਣੇ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੋ ਘਾਟਾ ਪਿਆ ਹੈ, ਉਸ ਨੂੰ ਪੂਰਨ ਵਾਲਾ ਉਹਦੇ ਸਮਕਾਲੀ ਕਲਮਾਂ ਵਾਲਿਆਂ ਵਿਚੋਂ ਕੋਈ ਨਹੀਂ। ਬੜੀ ਸ਼ਿੱਦਤ ਸੀ ਇਸ ਕਲਮਕਾਰ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦਰਦ ਮਹਿਸੂਸ ਕਰਨ ਦੀ! ਇਹ ਸ਼ਿੱਦਤ ਪੰਜਾਬ ਦੇ ਅਤੀਤ ਦੇ ਭਲੇ-ਬੁਰੇ ਦੀ, ਪੰਜਾਬੀਆਂ ਦੀਆਂ ਚੰਗੀਆਂ-ਮੰਦੀਆਂ ਕਰਨੀਆਂ ਦੀ ਉਹਦੀ ਜਾਣਕਾਰੀ ਤੇ ਨਿਰਖ-ਪਰਖ ਵਿਚੋਂ ਜਨਮੀ ਹੋਈ ਸੀ। ਇਹ ਅਤੀਤ ਦੀ ਇਹੋ ਸੋਝੀ ਸੀ ਜੋ ਪੰਜਾਬ ਦੇ ਵਰਤਮਾਨ ਦੇ ਪੇਚਦਾਰ ਵਰਤਾਰਿਆਂ ਦੀ ਉਹਦੀ ਸਮਝ ਲਈ ਆਧਾਰ ਬਣਦੀ ਸੀ। ਤੇ ਪੰਜਾਬ ਦੇ ਵਰਤਮਾਨ ਦੀ ਇਹ ਸਮਝ ਉਹਦੇ ਲਈ ਪੰਜਾਬ ਦੇ ਭਵਿੱਖ ਦੇ ਸ਼ੀਸ਼ੇ ਦਾ ਕੰਮ ਦਿੰਦੀ ਸੀ।
ਜਦੋਂ ਉਹ ਇਸ ਸ਼ੀਸ਼ੇ ਵਿਚ ਦੇਖਦਾ ਸੀ, ਉਹਦੀ ਰੂਹ ਕੰਬ ਜਾਂਦੀ ਤੇ ਇਸ ਕਾਂਬੇ ਵਿਚੋਂ ਨਿੱਕਲਦੀਆਂ ਉਹਦੀਆਂ ‘ਆਇਆ ਨੰਦ ਕਿਸ਼ੋਰ’, ‘ਮਰ ਰਹੀ ਹੈ ਮੇਰੀ ਭਾਸ਼ਾ’ ਤੇ ‘ਅਰਦਾਸ’ ਜਿਹੀਆਂ ਪਾਠਕ ਨੂੰ ਝੰਜੋੜ ਦੇਣ ਵਾਲੀਆਂ ਰਚਨਾਵਾਂ। ਕਥਿਤ ‘ਸੋਸ਼ਲ ਮੀਡੀਆ’ ਦੇ ਇਸ ਜ਼ਮਾਨੇ ਵਿਚ, ਜਦੋਂ ਬਹੁਤੇ ਲੇਖਕ ਸਿਆਹੀ ਦੀ ਥਾਂ ਛੱਪੜ ਦੇ ਗੰਧਲੇ ਪਾਣੀ ਵਿਚ ਕਲਮ ਡੋਬ ਕੇ ਲਿਖਣ ਲੱਗ ਪਏ ਹਨ, ਪਾਤਰ ਕਲਮ ਨੂੰ ਦਿਲ ਦੇ ਲਹੂ ਵਿਚ ਡੋਬ ਕੇ ਲਿਖਣ ਵਾਲਿਆਂ ਦੀ ਅਗਲੀ ਕਤਾਰ ਵਿਚ ਰਿਹਾ। ਇਹ ਕਲਮ ਵੱਲ ਆਪਣੀ ਇਸੇ ਸੁਹਿਰਦਤਾ ਦੇ ਭਰੋਸੇ ਸਦਕਾ ਸੀ ਕਿ ਚਲਾਣੇ ਤੋਂ ਪਹਿਲੇ ਦਿਨ ਬਰਨਾਲੇ ਦੇ ਇਕ ਸਾਹਿਤਕ ਸਮਾਗਮ ਵਿਚ ਲੇਖਕਾਂ ਦੇ ਰੂਬਰੂ ਆਖ਼ਰੀ ਵਾਰ ਬੋਲਦਿਆਂ ਉਹਨੇ ਇਹ ਆਖ ਕੇ ਆਪਣੇ ਅੰਦਰ ਝਾਤ ਪਾਉਣ ਦੀ ਵੰਗਾਰ ਪਾਈ ਸੀ ਕਿ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ, ਅਸੀਂ ਭਾਸ਼ਾ ਤੇ ਸਾਹਿਤ ਵੱਲ ਕਿੰਨੇ ਕੁ ਸੁਹਿਰਦ ਹਾਂ।
ਬਾਬਾ ਨਾਨਕ ਕਹਿੰਦੇ ਹਨ, ‘‘ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ।... ਰੱਬਾ, ਤੈਨੂੰ ਸੇਂਵਦੇ ਤਾਂ ਸਭ ਹੀ ਹਨ, ਮੈਂ ਢਾਡੀ ਬਣ ਕੇ ਤੇਰੇ ਦਰ ਪੁਕਾਰ ਕਰ ਰਿਹਾ ਹਾਂ।’’ ਪੰਜਾਬ ਦੇ ਦਰਦ ਦੀਆਂ ਗੱਲਾਂ ਤਾਂ ਬਥੇਰੇ ਕਲਮਾਂ ਵਾਲੇ ਕਰਦੇ ਹਨ, ਪਰ ਪਾਤਰ ਪੰਜਾਬ ਦੀ ਪੁਕਾਰ ਬਣਿਆ। ਪੁਕਾਰ ਬਣਨ ਦੇ ਨਾਲ-ਨਾਲ ਉਹਨੇ ਗੁਰੂ ਅਰਜਨ ਦੇਵ ਦੇ ਸ਼ਬਦਾਂ ‘‘ਹਉ ਢਾਢੀ ਦਰਿ ਗੁਣ ਗਾਵਦਾ’’ ਅਨੁਸਾਰ ਪੰਜਾਬ ਦਾ ਢਾਡੀ ਬਣ ਕੇ, ਇਹਦੇ ਸਾਰੇ ਔਗੁਣਾਂ ਦੇ ਬਾਵਜੂਦ, ਗੁਣ ਸਿਮਰ-ਸਿਮਰ ਕੇ ਉਹਨਾਂ ਦੀਆਂ ਵਾਰਾਂ ਗਾਈਆਂ। ਉਹਦੇ ਇਸ ਗੁਣਗਾਣ ਵਿਚ ਪੰਜਾਬੀਆਂ ਨੂੰ ਉਹਨਾਂ ਦਾ ਪਿਛੋਕਾ ਯਾਦ ਕਰਵਾ ਕੇ ਗੁਣਵੰਤ ਪੰਜਾਬ ਮੁੜ-ਉਸਾਰਨ ਦੀ ਲਲਕਾਰ ਸੀ। ਉਹ ਦਿਲਾਸਾ ਵੀ ਦਿੰਦਾ ਸੀ ਤੇ ਭਰੋਸਾ ਵੀ ਬੰਨ੍ਹਾਉਂਦਾ ਸੀ, ‘‘ਜੇ ਆਈ ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ ’ਤੇ ਯਕੀਨ ਰੱਖੀਂ।’’
ਉਹ ਅਜੋਕੇ ਪੰਜਾਬ ਦਾ ਇਕ ਸਭ ਤੋਂ ਵੱਡਾ ਤੇ ਚਿੰਤਾਜਨਕ ਮੁੱਦਾ ਬਣੇ ਹੋਏ ਪੰਜਾਬੀਆਂ ਦੇ ਪਰਵਾਸ ਦੇ ਸਭੇ ਪੱਖਾਂ ਨੂੰ ਵੀ ਸਮਝਦਾ ਸੀ ਤੇ ਇਸ ਪਰਵਾਸ ਦੀ ਪੈਦਾ ਕੀਤੀ ਸੱਖਣਤਾ ਨੂੰ ਭਰਨ ਲਈ ਪੰਜਾਬ ਵਿਚ ਦੂਜੇ ਸੂਬਿਆਂ ਦੇ ਕਿਰਤੀ-ਕਾਮਿਆਂ ਦੇ ਆਵਾਸ ਦੇ ਅਸਰ ਦੀਆਂ ਸਭੇ ਪਰਤਾਂ ਵੀ ਪਛਾਣਦਾ ਸੀ। ਪੰਜਾਬ ਦੇ ਪਰਵਾਸ ਤੇ ਆਵਾਸ ਦੇ ਇਕ ਦੂਜੇ ਵਿਚ ਬੁਣੇ ਤੇ ਉਲਝੇ ਹੋਏ ਦੋਵਾਂ ਵਿਕਰਾਲ ਵਰਤਾਰਿਆਂ ਦੇ ਸਭ ਪੇਚਾਂ, ਵਿਸਤਾਰਾਂ ਤੇ ਅਸਰਾਂ ਦੇ ਸਾਗਰ ਨੂੰ ਕਵਿਤਾ ‘ਅਰਦਾਸ’ ਦੀ ਕੁੱਲ ਤਿੰਨ ਪੰਨਿਆਂ ਦੀ ਗਾਗਰ ਵਿਚ ਪਾਤਰ ਹੀ ਪਾ ਸਕਦਾ ਸੀ।
ਸਾਹਿਤ ਦੇ ਪੂਰੇ ਸੰਸਾਰ ਵਿਚ ਭਾਸ਼ਾ ਦਾ ਗਿਆਨੀ ਤੇ ਗੁਣਵੰਤ ਉਸ ਲੇਖਕ ਨੂੰ ਮੰਨਿਆ ਜਾਂਦਾ ਹੈ ਜੋ ਪਾਠਕ ਤੱਕ ਪਹੁੰਚਦੀ ਕਰਨ ਵਾਲੀ ਆਪਣੀ ਗੱਲ, ਉਹ ਕਿੰਨੀ ਹੀ ਡੂੰਘੀ, ਪੇਚਦਾਰ ਤੇ ਦਾਰਸ਼ਨਿਕ ਹੋਵੇ, ਸਰਲ-ਸਹਿਜ ਭਾਸ਼ਾ ਵਿਚ ਆਖ ਸਕੇ। ਪਾਤਰ ਪੰਜਾਬੀ ਦੇ ਉਹਨਾਂ ਗੇਣਵੇਂ ਲੇਖਕਾਂ ਵਿਚੋਂ ਸੀ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਆਉਂਦੀ ਹੈ। ਕਥਿਤ ਬੌਧਿਕਤਾ ਦੀ ਬੋਝਲ ਪੰਡ ਆਪਣੀ ਰਚਨਾ ਦੇ ਸਿਰ ਉੱਤੇ ਖਾਹਮਖਾਹ ਲੱਦਣ ਤੋਂ ਉਹ ਦ੍ਰਿੜ੍ਹ ਇਨਕਾਰੀ ਰਿਹਾ। ‘‘ਮੈਂ ਲੱਭ ਕੇ ਲਿਆਉਣਾਂ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ’’ ਆਖਣ ਸਮੇਂ ਉਹ ਅਰਥਾਂ ਦੇ ਫੁੱਲ ਖਿੜਾਉਣ ਦੀ ਭਾਸ਼ਾਈ ਸਮਰੱਥਾ ਵਾਲੀਆਂ ਲੋਕ-ਮੁਖੀ ਕਲਮਾਂ ਦੀ ਇਸੇ ਘਾਟ ਵੱਲ ਇਸ਼ਾਰਾ ਕਰਦਾ ਹੈ। ਉਹਦੀ ਸਾਰੀ ਰਚਨਾ ਉਹਨਾਂ ਸੁੱਚੇ ਸ਼ਬਦਾਂ ਵਿਚ ਹੈ ਜੋ ਪੰਜਾਬੀ ਦੀ ਉੱਚੀ ਪੜ੍ਹਾਈ ਦੀ ਮਾਰ ਤੋਂ ਬਚੇ ਹੋਏ ਲੋਕ ਅੱਜ ਵੀ ਪੰਜਾਬ ਵਿਚ ਬੋਲਦੇ ਹਨ।
ਉਹ ਅਰਥਾਂ ਦਾ ਭਾਰ ਚੁੱਕ ਸਕਣ ਦੀ ਸ਼ਬਦਾਂ ਦੀ ਸਮਰੱਥਾ ਜਾਣਦਾ ਸੀ ਜਿਸ ਕਰਕੇ ਉਹ ਆਪਣੀ ਵੱਡੇ ਪਸਾਰੇ ਵਾਲੀ ਗੱਲ ਵੀ ਖਿਲਾਰਾ ਪਾਏ ਬਿਨਾਂ ਥੋੜ੍ਹੇ ਸ਼ਬਦਾਂ ਵਿਚ ਹੀ ਸਪੱਸ਼ਟ ਕਰ ਦਿੰਦਾ ਸੀ। ਕੁਛ ਸ਼ਬਦਾਂ ਵਿਚ ਆਖੀ ਹੋਈ ਉਹਦੀ ਵੱਡੀ ਗੱਲ ਪਾਠਕ ਦੇ ਮਨ ਵਿਚ ਪਹੁੰਚ ਕੇ, ਕਿਸੇ ਆਪਣੇ ਦੀ ਆਈ ਚਿੱਠੀ ਵਾਂਗ, ਤਹਿਆਂ ਖੁੱਲ੍ਹ ਕੇ ਆਪਣਾ ਅਸਲ ਆਕਾਰ ਹਾਸਲ ਕਰ ਲੈਂਦੀ ਸੀ। ਇਸ ਸਮਰੱਥਾ ਸਦਕਾ ਹੀ ਉਹਦੀਆਂ ਕਵਿਤਾਵਾਂ ਦੀਆਂ ਸਤਰਾਂ ਉਹਦੇ ਜਿਉਂਦੇ-ਜੀਅ ਕਹਾਵਤਾਂ ਦਾ ਰੂਪ ਧਾਰ ਗਈਆਂ। ਸਮੇਂ ਦੀਆਂ ਸਰਬ-ਸਮਰੱਥ ਆਰਥਿਕ-ਰਾਜਨੀਤਕ ਸ਼ਕਤੀਆਂ ਵੱਲੋਂ ਪੈਦਾ ਕੀਤੀਆਂ ਸਮਾਜਕ ਹਾਲਤਾਂ ਵਿਚ ਸੱਚ ਦੇ ਮਾਰਗ ਉੱਤੇ ਤੁਰਨ ਦੇ ਨਤੀਜੇ ਦੀ ਚਿਤਾਵਨੀ ਸੁਣੋ: ‘‘ਏਨਾ ਸੱਚ ਨਾ ਬੋਲ ਕਿ ’ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ!’’ ਸੱਚ ਬੋਲਣ ਦੀ ਇਸ ਉਲਝਣ ਵਿਚ ਫਸੇ ਹੋਏ ਬੰਦੇ ਦੀ ਦੁਚਿੱਤੀ: ‘‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ!’’ ਅਸੀਂ ਅਖ਼ਬਾਰਾਂ ਵਿਚ ਅਕਸਰ ਪੜ੍ਹਦੇ ਹਾਂ ਕਿ ਦੇਸ ਦੀਆਂ ਹੇਠਲੀਆਂ ਤੋਂ ਸਿਖਰਲੀ ਅਦਾਲਤ ਤੱਕ ਕਿਵੇਂ ਦਹਾਕਿਆਂ ਤੋਂ ਅਨਸੁਣੇ ਮੁਕੱਦਮਿਆਂ ਦੇ ਢੇਰ ਲੱਗੇ ਹੋਏ ਹਨ। ਪਾਤਰ ਨੂੰ ਇਹਨਾਂ ਮੁਕੱਦਮਿਆਂ ਦੇ ਫ਼ੈਸਲੇ ਦੀ ਉਡੀਕ ਕਰਦੇ ਨਿਕਰਮਿਆਂ ਦੀ ਹਾਲਤ ਬਿਆਨਣ ਲਈ ਕੁਲ ਸੱਤ ਸ਼ਬਦ ਬਹੁਤ ਹਨ: ‘‘ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ!’’
ਮੇਰੇ ਤੇ ਪਾਤਰ ਦੇ ਦਿਲੀ ਸਾਹਿਤਕ ਰਿਸ਼ਤੇ ਦਾ ਆਧਾਰ ਪੰਜਾਬ ਦੀ ਸਮਾਜਕ ਹਾਲਤ ਵੱਲ ਤੇ ਪੰਜਾਬੀ ਬੋਲੀ ਦੀ ਹੋ ਰਹੀ ਦੁਰਦਸ਼ਾ ਵੱਲ ਸਾਡਾ ਮਿਲਦਾ-ਜੁਲਦਾ ਨਜ਼ਰੀਆ ਸੀ। ਇਸੇ ਸਾਂਝ ਸਦਕਾ ਇਕ ਦਿਨ ਫ਼ਤਿਹਗੜ੍ਹ ਸਾਹਿਬ ਤੋਂ ਉਹਦਾ ਫੋਨ ਆਇਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਪੰਜਾਬੀ ਦੀ ਅਸਲ ਸਮਰੱਥਾ ਤੇ ਇਹਦੀ ਅਜੋਕੀ ਹਾਲਤ ਬਾਰੇ ਆਪਣੇ ਵਿਚਾਰ ਸਾਂਝੇ ਕਰਾਂ। ਪ੍ਰਸਿੱਧ ਭਾਵੇਂ ਕਵੀ ਵਜੋਂ ਹੋਇਆ, ਉਹ ਵਾਰਤਿਕ ਵੀ ਖ਼ੂਬਸੂਰਤ ਲਿਖਦਾ ਸੀ। ਉਹਦੀ ਪੁਸਤਕ ‘ਸੂਰਜ ਮੰਦਰ ਦੀਆਂ ਪੌੜੀਆਂ’ ਪੜ੍ਹਨ ਪਿੱਛੋਂ ਇਕ ਸਾਹਿਤਕ ਸਮਾਗਮ ਵਿਚ ਮੇਲ ਹੋਇਆ ਤਾਂ ਮੈਂ ਆਪਣੀ ਗੱਲ ਦਾ ਪਿਛੋਕੜ ਦੱਸ ਕੇ ਆਖਿਆ ਕਿ ਉਹ ਕਵਿਤਾ ਦੇ ਨਾਲ-ਨਾਲ ਵਾਰਤਿਕ ਵੀ ਲਿਖਿਆ ਕਰੇ। ਉਹ ਕੁਛ ਕਹੇ ਬਿਨਾਂ ਮੁਸਕਰਾ ਪਿਆ। ਮੇਰੀ ਗੱਲ ਦਾ ਸਭ ਤੋਂ ਜਚਵਾਂ ਤੇ ਸੋਹਣਾ ਜਵਾਬ ਮੁਸਕਰਾਹਟ ਹੀ ਹੋ ਸਕਦਾ ਸੀ। ਇਹ ਵੀ ‘ਪੰਜਾਬ ਕਲਾ ਪਰਿਸ਼ਦ’ ਦੀ ਉਹਦੀ ਪ੍ਰਧਾਨਗੀ ਸਮੇਂ ਹੀ ਸੀ ਕਿ ਮੈਨੂੰ ‘ਪੰਜਾਬ ਦਾ ਗੌਰਵ’ ਆਖ ਕੇ ਸਨਮਾਨਿਆ ਗਿਆ। ਅਸਹਿਣਸ਼ੀਲਤਾ ਦੀ ਹਨੇਰੀ ਦੇ ਪਹਿਲੇ ਵਰੋਲਿਆਂ ਸਮੇਂ ਹੀ ਦੇਸ ਵਿਚ ਚੱਲੀ ਇਨਾਮ-ਵਾਪਸੀ ਦੀ ਲਹਿਰ ਵਿਚ ਜਦੋਂ ਮੈਂ ਸਾਹਿਤ ਅਕਾਦਮੀ ਦਾ ਇਨਾਮ ਮੋੜਨ ਦੀ ਪੰਜਾਬੀ ਵਿਚ ਪਹਿਲ ਕੀਤੀ ਤਾਂ ਇਸ ਰੋਸ ਦਾ ਅੰਗ ਬਣਨ ਵਾਲੇ ਦਰਜਨ ਦੇ ਕਰੀਬ ਪੰਜਾਬੀ ਲੇਖਕਾਂ ਵਿਚ ਪਾਤਰ ਵੀ ਸ਼ਾਮਲ ਸੀ।
ਇਕ ਮਿੱਤਰ ਨੇ ਦੱਸਿਆ, ‘‘ਰਾਤੀਂ ਉਹ ਨਿੱਤ ਵਾਂਗ ਸੁੱਤਾ ਸੀ, ਸਵੇਰੇ ਜਾਗਿਆ ਨਹੀਂ।’’ ਅਜਿਹੀ ਮੌਤ ਨੂੰ ਲੋਕ ‘ਸੰਤਾਂ ਵਾਲੀ ਮੌਤ’ ਆਖਦੇ ਹਨ। ਪਰ ਸੰਤਾਂ ਵਾਲੀ ਮੌਤ ਵੀ ਵੇਲੇ-ਸਿਰ ਆਈ ਹੀ ਠੀਕ ਰਹਿੰਦੀ ਹੈ। ਅੱਜ ਉਹਦੀ 79 ਸਾਲ, ਮੈਥੋਂ ਕੁੱਲ 8-9 ਸਾਲ ਘੱਟ ਉਮਰ ਜਾਣ ਕੇ ਮੈਨੂੰ ਸੱਚਮੁੱਚ ਅਸਚਰਜ ਹੋਇਆ। ਉਹਦੀ ਦਾੜ੍ਹੀ ਜ਼ਰੂਰ ਰੰਗ ਬਦਲ ਕੇ ਕਾਲੀ ਤੋਂ ਚਿੱਟੀ ਹੁੰਦੀ ਗਈ ਪਰ ਸਰੀਰ ਤੋਂ ਸਾਲਾਂ ਦੇ ਲੇਪ ਨੂੰ ਉਹ ਵਿਚਾਰਾਂ ਦੀ ਬੁਲੰਦੀ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਭਰੋਸੇ ਨਾਲ ਧੋਂਦਾ-ਲਾਹੁੰਦਾ ਰਿਹਾ। ਮੈਨੂੰ ਉਹ ਰਚਨਾਕਾਰੀ ਦੇ ਪੱਖੋਂ ਵੱਡਾ ਪਰ ਉਮਰ ਦੇ ਪੱਖੋਂ ਆਪਣੇ ਨਾਲੋਂ ਬਹੁਤ ਛੋਟਾ ਲਗਦਾ ਰਿਹਾ। ਇਸੇ ਕਰਕੇ ਉਮਰ ਦੀ ਗਿਣਤੀ ਦੇ ਬਾਵਜੂਦ ਉਹਦਾ ਜਾਣਾ ਬਹੁਤ ਕੁਵੇਲੇ ਦੀ ਮੌਤ ਹੈ। ਅਜੇ ਉਹ ਮੌਕਾ ਨਹੀਂ ਸੀ ਆਇਆ ਤੇ ਉਹਦੀ ਸਰੀਰਕ ਹਾਲਤ ਵੀ ਉਹ ਬਿਲਕੁਲ ਨਹੀਂ ਸੀ ਹੋਈ ਜਦੋਂ ਉਹਦੇ ਸ਼ੁਭ-ਚਿੰਤਕ ਆਖ ਸਕਦੇ, ਹੁਣ ਉਹਦਾ ਜਾਣਾ ਹੀ ਠੀਕ ਸੀ। ਪਰ ਹਰ ਵਿਛੋੜਾ ਪਿਛਲਿਆਂ ਲਈ ਸਿਰਫ਼ ਇਕੋ ਰਾਹ ਛਡਦਾ ਹੈ, ਸਬਰ ਦਾ ਰਾਹ, ਜੀਹਨੂੰ ਲੋਕ ਭਾਣਾ ਮੰਨਣਾ ਆਖਦੇ ਹਨ।
ਉਹ ਤਿਉੜੀ-ਮੁਕਤ ਮੱਥੇ ਤੇ ਮੁਸਕਰਾਉਂਦੇ ਚਿਹਰੇ ਵਾਲਾ ਸ਼ਾਂਤ-ਸਹਿਜ ਸੁਭਾਅ ਦਾ ਬੰਦਾ ਸੀ। ਕਦੀ ਕਿਸੇ ਨੇ ਉਹਨੂੰ, ਲੜਨਾ-ਖਹਿਬੜਨਾ ਤਾਂ ਦੂਰ, ਕਿਸੇ ਨਾਲ ਉੱਚਾ ਬੋਲਦਾ, ਰੁੱਖਾ ਬੋਲਦਾ, ਗੁੱਸੇ ਹੁੰਦਾ ਨਹੀਂ ਸੀ ਦੇਖਿਆ। ਕਹਿੰਦੇ ਹਨ, ਅਜਿਹੇ ਸ਼ਾਂਤ ਸੁਭਾਅ ਨੂੰ ਦਿਲ ਦਾ ਰੋਗ ਨਹੀਂ ਹੁੰਦਾ। ਅਜਿਹਾ ਆਖਣ ਵਾਲੇ ਮਾਸ ਦੇ ਟੁਕੜੇ ਦਿਲ ਦੀ ਗੱਲ ਕਰ ਰਹੇ ਹੁੰਦੇ ਹਨ। ਪਰ ਮਨੁੱਖ ਦੇ ਇਸ ਦਿਲ ਦੇ ਅੰਦਰ ਇਕ ਦਿਲ ਹੋਰ ਲੁਕਿਆ ਹੋਇਆ ਹੁੰਦਾ ਹੈ, ਅਦਿੱਖ ਦਿਲ, ਜਜ਼ਬਿਆਂ ਤੇ ਅਨੁਭਵਾਂ, ਰੀਝਾਂ ਤੇ ਪਿਆਸਾਂ, ਪਰਾਪਤੀਆਂ-ਅਪਰਾਪਤੀਆਂ ਤੇ ਸੰਤੁਸ਼ਟੀਆਂ-ਅਸੰਤੁਸ਼ਟੀਆਂ ਦੇ ਅਹਿਸਾਸ ਦਾ ਦਿਲ। ਇਸੇ ਨੂੰ ਸਿਆਣੇ ਦਰਿਆਉਂ-ਸਮੁੰਦਰੋਂ ਡੂੰਘਾ ਦਿਲ ਆਖਦੇ ਹਨ ਜਿਸ ਦੀਆਂ ਕੋਈ ਨਹੀਂ ਜਾਣਦਾ! ਉਸ ਦਿਲ ਦੀ ਨਬਜ਼ ਕਿਸੇ ਵੈਦ-ਹਕੀਮ ਦੇ ਹੱਥ ਨਹੀਂ ਆਉਂਦੀ। ਪਾਤਰ ਆਪਣੇ ਇਕੋ ਸ਼ਿਅਰ ‘‘ਜੇ ਦਿਲ ਫੋਲ ਲੈਂਦੇ ਯਾਰਾਂ ਦੇ ਨਾਲ, ਦਿਲ ਫੋਲਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ’’ ਵਿਚ ਇਹਨਾਂ ਦੋਵਾਂ ਦਿਲਾਂ ਦਾ ਜ਼ਿਕਰ ਬੜੀ ਖ਼ੂਬਸੂਰਤੀ ਨਾਲ ਕਰਦਾ ਹੈ। ਪਹਿਲੇ ਮਿਸਰੇ ਵਿਚ ਉਹ ਅਦਿੱਖ ਦਿਲ ਦੇ ਜਜ਼ਬੇ ਤੇ ਅਹਿਸਾਸ ਯਾਰਾਂ ਨਾਲ ਸਾਂਝੇ ਨਾ ਕੀਤੇ ਹੋਣ ਦਾ ਝੋਰਾ ਕਰਦਾ ਹੈ ਤੇ ਦੂਜੇ ਮਿਸਰੇ ਵਿਚ ਦੂਜੇ, ਮਾਸ ਦੇ ਦਿਲ ਨੂੰ ਔਜ਼ਾਰਾਂ ਦੇ ਵੱਸ ਇਸੇ ਕਾਰਨ ਪਿਆ ਦਸਦਾ ਹੈ।
ਸਾਹਿਤਕ ਕਹਾਵਤ ਹੈ ਕਿ ਦੁਨੀਆ ਵਿਚ ਕੋਈ ਲੇਖਕ ਅਜਿਹਾ ਨਹੀਂ ਹੋਇਆ ਜੋ ਉਹ ਸਭ ਕੁਛ ਕਹਿ ਸਕਿਆ ਹੋਵੇ ਜੋ ਸਮਾਜ ਨੂੰ ਕਹਿਣ ਲਈ ਉਹਦੇ ਕੋਲ ਸੀ। ਪਾਤਰ ਨੇ ਵੀ ਔਝੜ ਵਿਚ ਭਟਕ ਰਹੇ ਦੇਸ ਅਤੇ ਬੇਮੰਜ਼ਲੇ ਰਾਹ ਉਤੇ ਤੁਰੇ ਹੋਏ ਪੰਜਾਬ ਬਾਰੇ ਅਜੇ ਬਹੁਤ ਕੁਛ ਕਹਿਣਾ ਸੀ। ਪਰ ਸਾਥੋਂ ਖੁੱਸ ਗਏ ਬਹੁਤ ਕੁਛ ਦੇ ਝੋਰੇ ਦੀ ਥਾਂ ਸਾਨੂੰ ਉਸ ਲਈ ਉਹਦੇ ਦੇਣਦਾਰ ਹੋਣਾ ਚਾਹੀਦਾ ਹੈ ਜੋ ਉਹ ਸਾਨੂੰ ਦੇ ਗਿਆ। ਖਰਾ ਲੇਖਕ ਉਹੋ ਹੁੰਦਾ ਹੈ ਜੋ ਮਾਣ ਕਰਨ ਦੇ ਜੋਗ ਰਚਨਾ ਕਰੇ ਤੇ ਉਸ ਦਾ ਮਾਣ ਵੀ ਕਰੇ। ਪਾਤਰ ਕਹਿੰਦਾ ਸੀ, ‘‘ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ’ਤੇ ਲੀਕ ਹਾਂ!’’ ਦੇਹ ਪਾਣੀ ਦੀ ਲਕੀਰ ਵਾਂਗ ਮਿਟ ਜਾਂਦੀ ਹੈ, ਪਰ ਦੇਹ ਵਿਚੋਂ ਉਪਜੇ-ਨਿੱਸਰੇ ਵਿਚਾਰ ਰੂਪ ਬਦਲ ਕੇ ਅਮਰ ਰਹਿੰਦੇ ਪਾਣੀ ਵਾਂਗ ਮਿਟਦੇ ਨਹੀਂ।
ਵੀਰ ਪਾਤਰ, ਮੇਰੇ ਸਮੇਤ ਤੇਰੇ ਅਨਗਿਣਤ ਪਾਠਕ ਕੁਵੇਲੇ ਤੇ ਅਚਾਨਕ ਤੇਰੇ ਤੁਰ ਜਾਣ ਸਦਕਾ ਬਹੁਤ ਉਦਾਸ ਹਨ!
ਸੰਪਰਕ: 80763-63058
"ਇਹ ਜੁ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ’ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ"