ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਨਵਜੋਤ ਦੀ ਮੌਤ
ਪਾਲ ਸਿੰਘ ਨੌਲੀ
ਜਲੰਧਰ, 11 ਸਤੰਬਰ
ਪਰਿਵਾਰ ਲਈ ਰੋਜ਼ੀ-ਰੋਡੀ ਕਮਾਉਣ ਲਈ ਪੰਜ ਸਾਲ ਪਹਿਲਾਂ ਦੁਬਈ ਗਏ ਪਿੰਡ ਸ਼ਾਲਾ ਪੁਰ ਬੇਟ ਦੇ ਨਵਜੋਤ ਸਿੰਘ ਦੀ ਕੈਂਸਰ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਨਵਜੋਤ ਰੁਪਏ ਉਧਾਰ ਫੜ ਕੇ ਦੁਬਈ ਗਿਆ ਸੀ। ਨਵਜੋਤ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ। ਉਸ ਦਾ ਪਤੀ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਕੰਪਨੀ ਉਸ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੀ ਸੀ ਜਿਸ ਕਾਰਨ ਪਿੱਛੇ ਘਰ ਦਾ ਗੁਜ਼ਾਰਾ ਔਖਾ ਹੀ ਚਲਦਾ ਸੀ। ਇਸੇ ਕਰਕੇ ਨਵਜੋਤ ਸਿੰਘ ਨੇ ਕੰਪਨੀ ਤੋਂ ਵੱਖ ਹੋ ਕੇ ਬਾਹਰ ਕੰੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦੁਬਈ ਵਿੱਚ ਵੀਜ਼ੇ ਦੀ ਮਿਆਦ ਵੀ ਲੰਘ ਗਈ ਸੀ ਫਿਰ ਵੀ ਨਵਜੋਤ ਕੰਮ ’ਤੇ ਡਟਿਆ ਰਿਹਾ। ਇਸੇ ਦੌਰਾਨ ਉਹ ਕੈਂਸਰ ਤੋਂ ਪੀੜਤ ਹੋ ਗਿਆ। ਬਿਮਾਰੀ ਕਾਰਨ ਨਵਜੋਤ ਸਿੰਘ ਕੰਮ ਵੀ ਨਹੀਂ ਕਰ ਸਕਦਾ ਸੀ। ਅਚਾਨਕ ਨਵਜੋਤ ਦੇ ਕੁਝ ਦੋਸਤਾਂ ਨੇ ਫੋਨ ’ਤੇ ਦੱਸਿਆ ਕਿ ਕੈਂਸਰ ਕਾਰਨ ਨਵਜੋਤ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਦੀ ਮ੍ਰਿਤਕ ਦੇਹ ਵਾਪਿਸ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਨਵਜੋਤ ਦੀਆਂ ਆਖਰੀ ਰਸਮਾਂ ਨਿਭਾਅ ਸਕਣ।