For the best experience, open
https://m.punjabitribuneonline.com
on your mobile browser.
Advertisement

ਟਰੱਕ ਦੀ ਫੇਟ ਨਾਲ ਮਾਂ-ਪੁੱਤ ਦੀ ਮੌਤ

08:24 AM Oct 11, 2024 IST
ਟਰੱਕ ਦੀ ਫੇਟ ਨਾਲ ਮਾਂ ਪੁੱਤ ਦੀ ਮੌਤ
Advertisement

ਪੱਤਰ ਪ੍ਰੇਰਕ
ਦੋਰਾਹਾ, 10 ਅਕਤੂਬਰ
ਇੱਥੋਂ ਦੀ ਜਰਨੈਲੀ ਸੜਕ ’ਤੇ ਅੱਜ ਤੜਕੇ ਹਾਦਸੇ ਵਿਚ ਬੱਚੇ ਅਤੇ ਉਸ ਦੀ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਅਨੁਸਾਰ ਰਾਮੂ ਵਰਮਾ ਵਾਸੀ ਲੁਧਿਆਣਾ, ਜਦੋਂ ਆਪਣੀ ਸਕੂਟਰੀ ’ਤੇ ਪਤਨੀ ਅਤੇ ਸਾਲ ਦੇ ਪੁੱਤਰ ਨਾਲ ਕੀਰਤਪੁਰ ਸਾਹਿਬ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਵਿਚ ਸ਼ਾਮਲ ਹੋਣ ਜਾ ਰਿਹਾ ਸੀ ਤਾਂ ਦੋਰਾਹਾ ਨੇੜੇ ਜਰਨੈਲੀ ਸੜਕ ’ਤੇ ਸਪੀਡ ਬਰੇਕਰ ਨੂੰ ਪਾਰ ਕਰਦੇ ਸਮੇਂ ਉਸ ਪਿੱਛੇ ਬੈਠੀ ਪਤਨੀ ਮੀਨੂੰ ਵਰਮਾ (35) ਬੱਚੇ ਸਮੇਤ ਸਕੂਟਰੀ ਤੋਂ ਡਿੱਗ ਪਈ ਅਤੇ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਦੋਵਾਂ ਨੂੰ ਦਰੜ ਦਿੱਤਾ, ਜਿਸ ਕਾਰਨ ਦੋਵੇਂ ਮਾਂ ਪੁੱਤ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਇਸ ਹਾਦਸੇ ਦੀ ਪੜਤਾਲ ਆਰੰਭ ਦਿੱਤੀ। ਪੁਲੀਸ ਨੇ ਹਾਦਸੇ ਦਾ ਸ਼ਿਕਾਰ ਮਾਂ-ਪੁੱਤ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।

Advertisement

ਤੇਜ਼ ਰਫਤਾਰ ਬੱਸ ਨੇ ਚਾਰ ਸਾਲਾ ਬੱਚਾ ਦਰੜਿਆ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਹੈਬੋਵਾਲ ਦੇ ਬੱਲੋਕੇ ਰੋਡ ’ਤੇ ਬਚਨ ਮਾਰਕੀਟ ਕੋਲ ਤੇਜ਼ ਰਫਤਾਰ ਬੱਸ ਨੇ ਖੜ੍ਹੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਹੈਬੋਵਾਲ ਪੁਲੀਸ ਹਵਾਲੇ ਕਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਰਿਸ਼ਭ ਵਜੋਂ ਹੋਈ ਹੈ ਜੋ ਮੂਲ ਰੂਪ ਤੋਂ ਬਿਹਾਰ ਦੇ ਦਰਬੰਗਾ ਦਾ ਰਹਿਣ ਵਾਲਾ ਹੈ। ਰਿਸ਼ਭ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਚਨ ਮਾਰਕੀਟ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਹੋਇਆ ਸੀ। ਰਿਸ਼ਭ ਗਲੀ ਵਿੱਚ ਸਕੂਟਰ ਕੋਲ ਇੱਕ ਹੋਰ ਬੱਚੇ ਨਾਲ ਖੇਡ ਰਿਹਾ ਸੀ। ਬੱਸ ਦੀ ਫੇਟ ਵੱਜਣ ਤੋਂ ਬਾਅਦ ਉਹ ਸਕੂਟਰ ਤੋਂ ਹੇਠਾਂ ਡਿੱਗ ਗਿਆ ਤੇ ਉਸ ਦਾ ਸਿਰ ਬੱਸ ਦੇ ਪਹੀਏ ਹੇਠ ਦਬ ਗਿਆ। ਲੋਕਾਂ ਦਾ ਰੌਲਾ ਸੁਣ ਕੇ ਬੱਸ ਚਾਲਕ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਈ ਮੰਨਤਾਂ ਤੋਂ ਬਾਅਦ ਉਨ੍ਹਾਂ ਨੂੰ ਰਿਸ਼ਭ ਮਿਲਿਆ ਸੀ। ਮ੍ਰਿਤਕ ਦੇ ਪਿਤਾ ਸੰਜੀਵ ਕੁਮਾਰ ਅਨੁਸਾਰ ਰਿਸ਼ਭ ਉਸ ਦਾ ਇਕਲੌਤਾ ਪੁੱਤਰ ਸੀ। ਉਹ ਪਿਛਲੇ ਅੱਠ ਸਾਲਾਂ ਤੋਂ ਲੁਧਿਆਣਾ ਰਹਿ ਰਹੇ ਹਨ। ਪੁਲੀਸ ਨੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਰਿਸ਼ਭ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement