ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਕਾਰਨ ਮਾਂ-ਪੁੱਤ ਦੀ ਮੌਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਦਿੱਲੀ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਸਾਲ ਦੇ ਬੇਟੇ ਦੀ ਕਮਰੇ ਵਿੱਚ ਮਘਾਈ ਕੋਲੇ ਦੀ ਅੰਗੀਠੀ ਦੇ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਔਰਤ ਦੇ ਪਤੀ ਅਤੇ ਦੋ ਹੋਰ ਬੱਚਿਆਂ ਦਾ ਸਫਦਰਜੰਗ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਐਤਵਾਰ ਸਵੇਰੇ 6.16 ਵਜੇ ਇਸ ਬਾਰੇ ਸੂਚਿਤ ਕੀਤਾ ਗਿਆ। ਇਸ ਮਗਰੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਦੱਖਣੀ ਦਿੱਲੀ ਦੇ ਮੈਦਾਨ ਗੜ੍ਹੀ ਖੇਤਰ ਤੋਂ ਹਸਪਤਾਲ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਅੰਜਲੀ (23) ਅਤੇ ਉਸ ਦੇ ਲੜਕੇ ਸ਼ੰਭੂ ਦੀ ਇਲਾਜ ਦੌਰਾਨ ਮੌਤ ਹੋ ਗਈ। ਦਿਨੇਸ਼, ਦਿਵਿਆਂਸ਼ (6) ਅਤੇ ਦੇਵਾਂਸ਼ੀ (4) ਹਸਪਤਾਲ ਵਿੱਚ ਦਾਖਲ ਹਨ। ਪੁਲੀਸ ਨੇ ਦੱਸਿਆ ਕਿ 27 ਜਨਵਰੀ, 2024 ਨੂੰ ਪਰਿਵਾਰ ਨੇ ਕਮਰੇ ਵਿੱਚ ਅੰਗੀਠੀ ਮਘਾਈ ਪਰ ਕਮਰੇ ਵਿੱਚ ਦਰਵਾਜ਼ੇ ਤੋਂ ਇਲਾਵਾ ਹਵਾ ਆਉਣ-ਜਾਣ ਦਾ ਕੋਈ ਪ੍ਰਬੰਧ ਨਹੀਂ ਸੀ। ਸਵੇਰੇ ਪਤਾ ਲੱਗਾ ਕਿ ਪਰਿਵਾਰ ਦੇ ਸਾਰੇ ਮੈਂਬਰ ਕਮਰੇ ਦੇ ਅੰਦਰ ਬੇਸੁੱਧ ਹਨ। ਤੁਰੰਤ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਧਾਰਾ 174 ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਪਰਿਵਾਰ ਪਿਛਲੇ ਦੋ ਸਾਲਾਂ ਤੋਂ ਅਸੋਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਦਿਨੇਸ਼ ਮੈਦਾਨ ਗੜ੍ਹੀ ਇਲਾਕੇ ਦੇ ਇੱਕ ਫਾਰਮ ਹਾਊਸ ਵਿੱਚ ਮਾਲੀ ਦਾ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਠੰਢ ਵਿੱਚ ਲੋਕ ਅੰਗੀਠੀਆਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਹਰ ਸਾਲ ਅਜਿਹੇ ਹਾਦਸੇ ਵਾਪਰਦੇ ਹਨ।