ਮਜ਼ਦੂਰ ਆਗੂ ਦੀ ਮੌਤ: ਚੱਕਾ ਜਾਮ ਕਰ ਕੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦਾ ਘਿਰਾਓ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਜੁਲਾਈ
ਸਥਾਨਕ ਸ਼ੇਰਪੁਰਾ ਮਾਰਗ ’ਤੇ ਬੀਤੀ ਰਾਤ ਪੀਸੀਆਰ ਮੁਲਾਜ਼ਮ ਵੱਲੋਂ ਧੱਕਾ ਮਾਰਨ ’ਤੇ ਡਿੱਗਣ ਕਰ ਕੇ ਮੌਤ ਦੇ ਮੂੰਹ ’ਚ ਜਾ ਪਏ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜਪਾਲ ਪਾਲਾ ਬਾਬਾ ਦੇ ਮਾਮਲੇ ’ਚ ਅੱਜ ਸਥਾਨਕ ਅਨਾਜ ਮੰਡੀ ਬੰਦ ਰਹੀ। ਆੜ੍ਹਤੀਆਂ ਤੇ ਮਜ਼ਦੂਰਾਂ ਨੇ ਦਾਣਾ ਮੰਡੀ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਅਤੇ ਮੰਡੀ ’ਚ ਰੋਸ ਧਰਨਾ ਦਿੱਤਾ। ਉਪਰੰਤ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਅੱਗੇ ਚੱਕਾ ਜਾਮ ਕਰ ਕੇ ਘਿਰਾਓ ਕੀਤਾ। ਧਰਨਾਕਾਰੀ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਅਤੇ ਇਨਸਾਫ਼ ਮਿਲਣ ਤਕ ਮ੍ਰਿਤਕ ਦਾ ਸਸਕਾਰ ਨਾ ਕਰਨ ’ਤੇ ਵੀ ਅੜੇ ਹੋਏ ਸਨ। ਇਸ ਤੋਂ ਪਹਿਲਾਂ ਰਾਤੀਂ ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਵੀ ਕੁਝ ਸਮੇਂ ਲਈ ਧਰਨਾ ਲੱਗਿਆ। ਦਾਣਾ ਮੰਡੀ ’ਚ ਅੱਜ ਹੋਈ ਵਿਸ਼ਾਲ ਇੱਕਤਰਤਾ ’ਚ ਸਭ ਤੋਂ ਪਹਿਲਾਂ ਵਿਛੜੇ ਆਗੂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਧੱਕਾ ਮਾਰਨ ਵਾਲੇ ਮੁਲਾਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਧਰਨੇ ’ਚ ਸ਼ਾਮਲ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਦੇਵਰਾਜ, ਜਗਤਾਰ ਸਿੰਘ ਤਾਰੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਹਰਨੇਕ ਸਿੰਘ ਸੋਈ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਮੰਡੀ ’ਚ ਪੁਲੀਸ ਕਪਤਾਨ ਮਨਵਿੰਦਰਬੀਰ ਸਿੰਘ ਮੀਟਿੰਗ ’ਚ ਸਾਰਥਕ ਸਿੱਟਾ ਨਾ ਨਿਕਲਣ ’ਤੇ ਧਰਨਾਕਾਰੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਕਰ ਲਿਆ। ਪੁਲੀਸ ਮੁਖੀ ਨਾਲ ਹੋਈ ਮੀਟਿੰਗ ’ਚ ਅਧਿਕਾਰੀਆਂ ਨੇ ਦਸ ਦਿਨ ਦੇ ਸਮੇਂ ’ਚ ਪੜਤਾਲ ਮੁਕੰਮਲ ਕਰਕੇ ਦੋਸ਼ੀ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਉਪਰੰਤ ਧਰਨਾਕਾਰੀਆ ਨੇ ਪਰਚਾ ਦਰਜ ਹੋਣ ਤੱਕ ਮਜ਼ਦੂਰ ਆਗੂ ਦੀ ਦੇਹ ਨੂੰ ਅਗਨ ਭੇਟ ਨਾ ਕਰਨ ਦਾ ਐਲਾਨ ਕੀਤਾ।