For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਪੀਣ ਕਾਰਨ ਜਾਂਸਲੀ ਵਾਸੀ ਦੀ ਮੌਤ; ਪਿੰਡ ਵਾਸੀਆਂ ਨੇ ਠੇਕਾ ਸਾੜਿਆ

07:47 AM Aug 21, 2023 IST
ਸ਼ਰਾਬ ਪੀਣ ਕਾਰਨ ਜਾਂਸਲੀ ਵਾਸੀ ਦੀ ਮੌਤ  ਪਿੰਡ ਵਾਸੀਆਂ ਨੇ ਠੇਕਾ ਸਾੜਿਆ
ਅੱਗ ਕਾਰਨ ਸੜਿਆ ਸ਼ਰਾਬ ਦਾ ਠੇਕਾ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਗਸਤ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਾਂਸਲੀ ਵਿੱਚ ਅੱਜ ਸਵੇਰੇ ਸ਼ਰਾਬ ਪੀਣ ਕਾਰਨ 40 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਕਾਰਨ ਰੋਹ ਵਿੱਚ ਆਏ ਪਿੰਡ ਵਾਸੀਆਂ ਅਤੇ ਮਹਿਲਾਵਾਂ ਨੇ ਠੇਕੇ ਨੂੰ ਅੱਗ ਲਗਾ ਦਿੱਤੀ ਅਤੇ ਠੇਕੇ ਦੇ ਨਾਜਾਇਜ਼ ਹੋਣ ਅਤੇ ਗੈਰਮਿਆਰੀ ਸ਼ਰਾਬ ਵੇਚਣ ਦਾ ਦੋਸ਼ ਲਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਪਿੰਡ ਦੇ ਕਈ ਵਿਅਕਤੀ ਸ਼ਰਾਬ ਪੀਣ ਨਾਲ ਜ਼ਿੰਦਗੀ ਗੁਆ ਚੁੱਕੇ ਹਨ।

Advertisement

ਮ੍ਰਿਤਕ ਰਣਜੀਤ ਚੰਦ ਦੀ ਪੁਰਾਣੀ ਤਸਵੀਰ।

ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਚੰਦ (40) ਪੁੱਤਰ ਸ਼ੇਰੂ ਰਾਮ ਪਿੰਡ ਜਾਂਸਲੀ ਦਾ ਦਿਹਾੜੀਦਾਰ ਮਜ਼ਦੂਰ ਸੀ। ਅੱਜ ਸਵੇਰੇ ਉਹ ਦਸ ਕੁ ਵਜੇ ਪਿੰਡ ਦੇ ਠੇਕੇ ਤੋਂ ਸ਼ਰਾਬ ਪੀਣ ਉਪਰੰਤ ਉੱਥੇ ਹੀ ਡਿੱਗ ਗਿਆ। ਰਾਹਗੀਰ ਉਸ ਨੂੰ ਚੁੱਕ ਕੇ ਘਰ ਛੱਡ ਗਏ। ਕੁਝ ਸਮੇਂ ਬਾਅਦ ਜਦੋਂ ਕੋਈ ਹਿੱਲ-ਜੁੱਲ ਨਾ ਦਿਖੀ ਤਾਂ ਪਰਿਵਾਰ ਨੇ ਡਾਕਟਰ ਨੂੰ ਬੁਲਾਇਆ ਜਿਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰਣਜੀਤ ਚੰਦ ਦੀ ਮੌਤ ਤੋਂ ਪਿੰਡ ਵਾਸੀ ਭੜਕ ਗਏ ਤੇ ਉਨ੍ਹਾਂ ਇਕੱਠੇ ਹੋ ਕੇ ਠੇਕੇ ਦੀ ਭੰਨ ਤੋੜ ਕੀਤੀ ਤੇ ਉਸ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀ ਮਹਿਲਾਵਾਂ ਈਸ਼ਵਰ ਬਾਈ, ਰਾਮ ਬਾਈ, ਦਰਸ਼ਨਾ ਰਾਣੀ, ਗੀਤਾ ਰਾਣੀ, ਸ਼ੀਲਾ ਦੇਵੀ, ਸਿਮਰਨ, ਸੰਤੋਸ਼ ਰਾਣੀ, ਕਮਲਦੀਪ, ਨਿਰਮਲਾ ਰਾਣੀ ਤੇ ਧੰਨੋ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਾਜਾਇਜ਼ ਠੇਕਾ ਖੁੱਲਿਆ ਹੋਇਆ ਹੈ। ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਠੇਕਾ ਬੰਦ ਕਰਵਾ ਦਿੱਤਾ ਸੀ ਪਰ ਠੇਕੇਦਾਰਾਂ ਨੇ ਮੁੜ ਠੇਕਾ ਖੋਲ੍ਹ ਲਿਆ। ਇਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤੇ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਨੂੰ ਨਾਜ਼ਾਇਜ ਖੋਲੇ ਗਏ ਠੇਕੇ ਨੂੰ ਬੰਦ ਕਰਵਾਉਣ ਲਈ ਸ਼ਿਕਾਇਤ ਵੀ ਦਿੱਤੀ ਸੀ। ਮਹਿਲਾਵਾਂ ਨੇ ਕਿਹਾ ਕਿ ਉਹ ਪਿੰਡ ਵਿੱਚ ਇਸ ਠੇਕੇ ਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਖੁੱਲ੍ਹਣ ਦੇਣਗੀਆਂ। ਉਨ੍ਹਾਂ ਠੇਕੇਦਾਰ ਖ਼ਿਲਾਫ਼ ਕਾਰਵਾਈ ਵੀ ਮੰਗੀ। ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਤੇ ਥਾਣਾ ਬਨੂੜ ਦੇ ਮੁਖੀ ਕਿਰਪਾਲ ਸਿੰਘ ਮੋਹੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲੀਸ ਮੁਲਾਜ਼ਮਾਂ ਨੇ ਠੇਕੇ ਦੇ ਕਰਿੰਦੇ ਤੇ ਹੋਰ ਵਿਅਕਤੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।

ਮਤਾ ਪਾਉਣ ਦੇ ਬਾਵਜੂਦ ਠੇਕਾ ਬੰਦ ਨਹੀਂ ਕੀਤਾ: ਸਰਪੰਚ

ਭੰਗ ਕੀਤੀਆਂ ਗਈਆਂ ਪੰਚਾਇਤਾਂ ਦੇ ਪਿੰਡ ਜਾਂਸਲੀ ਦੇ ਸਰਪੰਚ ਰਹੇ ਲੱਖੂ ਰਾਮ ਨੇ ਕਿਹਾ ਕਿ ਪਿੰਡ ਵਿੱਚ ਖੁੱਲ੍ਹੇ ਹੋਏ ਠੇਕੇ ਨੂੰ ਬੰਦ ਕਰਵਾਉਣ ਲਈ ਉਹ ਕਈਂ ਵਾਰ ਪੰਚਾਇਤ ਪੱਧਰ ਅਤੇ ਗ੍ਰਾਮ ਸਭਾ ਦਾ ਮਤਾ ਪਾ ਕੇ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਭੇਜ ਚੁੱਕੇ ਹਨ। ਮਤਿਆਂ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਠੇਕਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਸੇ ਦੌਰਾਨ ਠੇਕੇਦਾਰ ਗੁਰਮੁਖ ਸਿੰਘ ਨੇ ਠੇਕੇ ਨੂੰ ਜਾਇਜ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਵਿੱਚ ਕੋਈ ਨੁਕਸ ਨਹੀਂ ਸੀ।

ਪੋਸਟ ਮਾਰਟਮ ਰਿਪੋਰਟ ਅਨੁਸਾਰ ਹੋਵੇਗੀ ਕਾਰਵਾਈ: ਡੀਐੱਸਪੀ

ਰਾਜਪੁਰਾ ਦੇ ਡੀਐੱਸਪੀ ਸੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟ ਲਈ ਏਪੀ ਜੈਨ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਜੋ ਰਿਪੋਰਟ ਆਵੇਗੀ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਠੇਕੇ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਦਾ ਕੰਮ ਐਕਸਾਈਜ਼ ਵਿਭਾਗ ਦਾ ਹੈ।

Advertisement
Author Image

Advertisement
Advertisement
×