ਸ਼ੰਭੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਇੱਕ ਹੋਰ ਕਿਸਾਨ ਦੀ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਮਾਰਚ
ਸ਼ੰਭੂ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਅੱਜ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਨਾਲ ਇਸ ਸੰਘਰਸ਼ ’ਚ ਫੌਤ ਹੋਏ ਕਿਸਾਨਾਂ ਦੀ ਗਿਣਤੀ 14 ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਛਾਣ ਦਇਆ ਸਿੰਘ (70) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਤਰਸਿੱਕਾ ਤਹਿਸੀਲ ਬਾਬਾ ਬਕਾਲਾ ਵਜੋਂ ਹੋਈ ਹੈ ਜੋ ਕਈ ਦਿਨਾਂ ਤੋਂ ਇੱਥੇ ਸ਼ੰਭੂ ਮੋਰਚੇ ’ਚ ਸਰਗਰਮ ਸੀ। ਕਿਸਾਨ ਦਇਆ ਸਿੰਘ ਦੀ ਲਾਸ਼ ਨੂੰ ਪੋਸਟਮਾਰਟ ਮਗਰੋਂ ਸਿਵਲ ਹਸਪਤਾਲ ’ਚੋਂ ਕਾਫਲੇ ਦੇ ਰੂਪ ’ਚ ਵਾਪਸ ਸ਼ੰਭੂ ਬਾਰਡਰ ’ਤੇ ਲਿਜਾਇਆ ਗਿਆ।
ਉਥੇ ਕਿਸਾਨਾਂ ਨੇ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਬਾਅਦ ਵਿੱਚ ਦੇਹ ਲੈ ਕੇ ਕਿਸਾਨ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਸ਼ੰਭੂ ਬਾਰਡਰ ਤੋਂ ਆਪਣੇ ਪਿੰਡ ਜਾਣ ਲਈ ਜਦੋਂ ਕਿਸਾਨ ਦਇਆ ਸਿੰਘ ਆਪਣੇ ਟਰੈਕਟਰ ’ਤੇ ਬੈਠਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਹ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਪੀੜਤ ਨੂੰ ਸ਼ੰਭੂ ਮੋਰਚੇ ’ਚ ਡਾਕਟਰਾਂ ਵੱਲੋਂ ਮੁੱਢਲੀ ਸਹਾਇਤ ਦਿੱਤੀ ਗਈ ਸੀ ਅਤੇ ਇਸ ਮਗਰੋਂ ਰਾਜਪੁਰਾ ਦੇ ਏਪੀ ਜੈਨ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਜਾਂਚ ਕਰਕੇ ਕਿਸਾਨ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਅਨੁਸਾਰ ਡਾਕਟਰਾਂ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਜਾਰੀ ਅੰਦੋਲਨ ਵਿੱਚ ਹੁਣ ਤੱਕ ਫੌਤ ਹੋਏ ਕਿਸਾਨਾਂ ਦੀ ਗਿਣਤੀ 14 ਹੋ ਗਈ ਹੈ। ਢਾਬੀ ਗੁੱਜਰਾਂ ਬਾਰਡਰ ’ਤੇ 21 ਫਰਵਰੀ ਨੂੰ ਸ਼ੁਭਕਰਨ ਸਿੰਘ ਬੱਲੋ ਦੀ ਸਿਰ ’ਚ ਗੋਲੀ ਲੱਗਣ ਕਾਰਨ ਅਤੇ ਗੁਰਦਾਸਪੁਰ ਵਾਸੀ ਗੁਰਜੰਟ ਸਿੰਘ ਦੀ ਰਾਜਪੁਰਾ ਕੋਲ ਵਾਪਰੇ ਸੜਕ ਹਾਦਸੇ ਨੇ ਜਾਨ ਲੈ ਲਈ ਸੀ।